ਜਲੰਧਰ : ਪੰਜਾਬ ਦੇ ਜਲੰਧਰ ਇਲਾਕੇ ਵਿੱਚ ਹੋਣ ਜਾ ਰਹੀਆਂ ਜ਼ਿਮਨੀ ਚੋਣਾਂ ਨੂੰ ਲੈ ਕੇ ਸਿਆਸੀ ਸਰਗਰਮੀਆਂ ਤੇਜ਼ ਹੋ ਗਈਆਂ ਹਨ। ਪਿਛਲੇ ਦਿਨੀਂ ਪਟਿਆਲਾ ਜੇਲ੍ਹ ਤੋਂ ਰਿਹਾਅ ਹੋਏ ਕਾਂਗਰਸੀ ਨੇਤਾ ਨਵਜੋਤ ਸਿੰਘ ਸਿੱਧੂ ਅੱਜ ਜਲੰਧਰ ਵਿੱਖੇ ਮਰਹੂਮ ਚੌਧਰੀ ਸੰਤੋਖ ਸਿੰਘ ਦੇ ਘਰ ਅਫਸੋਸ ਪ੍ਰਗਟ ਕਰਨ ਪਹੁੰਚੇ ਅਤੇ ਇਸ ਦੌਰਾਨ ਉਨ੍ਹਾਂ ਮੀਡੀਆ ਨਾਲ ਗੱਲਬਾਤ ਕਰਦਿਆਂ ਆਮ ਆਦਮੀ ਪਾਰਟੀ ‘ਤੇ ਤਿੱਖਾ ਨਿਸ਼ਾਨਾ ਲਾਇਆ।
ਸਭ ਤੋਂ ਪਹਿਲਾਂ ਨਵਜੋਤ ਸਿੰਘ ਸਿੱਧੂ ਨੇ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਨਾਲ ਅਫਸੋਸ ਪ੍ਰਗਟ ਕੀਤਾ ਅਤੇ ਜਲੰਧਰ ਦੇ ਲੋਕਾਂ ਨੂੰ ਚੌਧਰੀ ਸੰਤੋਖ ਸਿੰਘ ਦੇ ਪਰਿਵਾਰ ਬਾਰੇ ਜਾਣਕਾਰੀ ਦਿੱਤੀ ਅਤੇ ਕਿਹਾ ਕਿ ਇਹ ਪਰਿਵਾਰ ਇਕ ਸਿਪਾਹੀ ਵਰਗਾ ਹੈ, ਇਸ ਲਈ ਇਸ ਤੋਂ ਵਧੀਆ ਉਮੀਦਵਾਰ ਨਹੀਂ ਮਿਲ ਸਕਦਾ।
ਉਹਨਾਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਿਸ਼ਾਨਾ ਲਾਉਂਦੇ ਹੋਏ ਕਿਹਾ ਕਿ ਆਮ ਆਦਮੀ ਪਾਰਟੀ ਝੂਠ ਬੋਲ ਕੇ ਪੈਸੇ ਇਕੱਠੇ ਕਰ ਰਹੀ ਹੈ ਅਤੇ ਉਮੀਦਵਾਰ ਦੀ ਤਲਾਸ਼ ਕਰ ਰਹੀ ਹੈ। ਆਮ ਆਦਮੀ ਪਾਰਟੀ ਨੇ ਪੰਜਾਬ ਦੇ ਲੋਕਾਂ ਨੂੰ ਬਦਲਾਅ ਦੇ ਸੁਪਨੇ ਦਿਖਾਏ ਪਰ ਦਿੱਤਾ ਕੁਝ ਨਹੀਂ।
ਚੋਣਾਂ ਤੋਂ ਪਹਿਲਾਂ ਭਗਵਾਨ ਸਿੰਘ ਮਾਨ ਨੇ ਪੰਜਾਬ ‘ਚ ਕਿਹਾ ਸੀ ਕਿ ਉਹ ਪੰਜਾਬ ‘ਚ ਮਾਫੀਆ ਰਾਜ ਖਤਮ ਕਰ ਦੇਣਗੇ ਪਰ ਅੱਜ ਆਮ ਆਦਮੀ ਪਾਰਟੀ ਖੁਦ ਹੀ ਮਾਫੀਆ ਦੀ ਕਿੰਗਪਿਨ ਬਣ ਚੁੱਕੀ ਹੈ। ਸਿੱਧੂ ਨੇ ਕਿਹਾ ਕਿ ਮਾਨ ਮੈਨੂੰ ਗੁਰੂ ਕਹਿੰਦੇ ਸਨ ਅਤੇ ਮੇਰੇ ਨਾਲ ਗੱਲ ਕਰਨਾ ਚਾਹੁੰਦੇ ਸਨ। ਮੈਂ ਹੁਣ ਸਾਰੇ ਮੀਡੀਆ ਦੇ ਸਾਹਮਣੇ ਉਸ ਨਾਲ ਗੱਲ ਕਰਨ ਲਈ ਤਿਆਰ ਹਾਂ ਅਤੇ ਉਹ ਜਦ ਚਾਹੇ ਛੋਟਾ ਭਰਾ ਬਣ ਕੇ ਆਵੇ,ਗੱਲਬਾਤ ਕਰਾਂਗੇ।
ਸਿੱਧੂ ਨੇ ਇਹ ਵੀ ਕਿਹਾ ਕਿ ਚੋਣਾਂ ਤੋਂ ਪਹਿਲਾਂ ਹਰ ਮਹਿਲਾ ਨੂੰ ਇੱਕ ਹਜ਼ਾਰ ਰੁਪਏ ਦੇਣ ਦੀ ਗੱਲ ਕਹੀ ਗਈ ਸੀ ਪਰ ਅੱਜ ਤੱਕ ਨਹੀਂ ਦਿੱਤੀ ਗਈ। ਬਰਗਾੜੀ ‘ਚ ਲੋਕ ਹਾਲੇ ਤੱਕ ਮੋਰਚਾ ਲਾਈ ਬੈਠੇ ਹਨ, ਰੇਤੇ ਦੇ ਭਾਅ ਘਟਾਉਣ ਦੀ ਗੱਲ ਕੀਤੀ ਸੀ ਪਰ ਅੱਜ ਕੀਮਤ ਬਹੁਤ ਵਧ ਗਈ ਹੈ। ਉਨ੍ਹਾਂ ਕਿਹਾ ਕਿ ਕੇਂਦਰ ਨਾਲ ਆਪ ਦੇ ਗੱਠਜੋੜ ਬਾਰੇ ਦੱਸਿਆ ਜਾਵੇ ਪੰਜਾਬ ਵਿੱਚ ਆਬਕਾਰੀ ਨੀਤੀ ਬਣਾਉਣ ਵਾਲੇ ਹੀ ਮੰਤਰੀ ਦਿੱਲੀ ਵਿਚ ਗ੍ਰਿਫਤਾਰ ਹਨ ਪਰ ਉਹੀ ਠੇਕੇਦਾਰ ਪੰਜਾਬ ਵਿਚ ਆਰਾਮ ਨਾਲ ਕੰਮ ਕਰ ਰਹੇ ਹੋ, ਦੱਸੋ ਕੀ ਸਮਝੌਤਾ ਹੋਇਆ ਹੈ। ਭਗਵੰਤ ਮਾਨ ਕਹਿੰਦਾ ਸੀ ਕਿ ਪੰਜਾਬ ‘ਚ ਗੋਰੇ ਆ ਕੇ ਕੰਮ ਕਰਨਗੇ, ਮੈਂ ਨਿੱਜੀ ਤੌਰ ‘ਤੇ ਨਹੀਂ ਜਾਣਾ ਚਾਹੁੰਦਾ ਪਰ ਉਨ੍ਹਾਂ ਦੇ ਪੁੱਤਰ-ਧੀ ਖੁਦ ਵਿਦੇਸ਼ ‘ਚ ਹਨ।