‘ਦ ਖ਼ਾਲਸ ਬਿਊਰੋ (ਬਨਵੈਤ / ਪੁਨੀਤ ਕੌਰ) :- ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਾ ਅਹੁਦਾ ਛੱਡਣਾ ਕੋਈ ਨਵੀਂ ਗੱਲ ਨਹੀਂ। ਕ੍ਰਿਕਟ ਤੋਂ ਲੈ ਕੇ ਪ੍ਰਧਾਨ ਦੇ ਅਹੁਦੇ ਤੱਕ ਬਰਾਸਤਾ ਮੈਂਬਰ ਪਾਰਲੀਮੈਂਟ ਅਸਤੀਫ਼ੇ ਦੇ ਕੇ ਅਹੁਦੇ ਛੱਡਣਾ ਉਨ੍ਹਾਂ ਦੀ ਫਿਤਰਤ ਹੈ। ਉਨ੍ਹਾਂ ਦਾ ਹਾਲ “ਲਾਈ ਵੀ ਨਹੀਂ ਗਈ ਤੇ ਨਿਭਾਈ ਵੀ ਨਹੀਂ ਗਈ” ਵਾਲ ਹੈ, ਭਾਵ ਕਿ ਜਿਹੜਾ ਵੀ ਕੰਮ ਉਨ੍ਹਾਂ ਨੇ ਸ਼ੁਰੂ ਕੀਤਾ, ਉਹ ਸਿਰੇ ਲਾਉਣ ਤੋਂ ਪਹਿਲਾਂ ਹੀ ਛੱਡ ਦਿੰਦੇ ਰਹੇ ਹਨ।
1996 ਤੋਂ ਲੈ ਕੇ 2021 ਦੌਰਾਨ ਉਹ ਵੱਖ-ਵੱਖ ਪੰਜ ਅਹੁਦਿਆਂ ਤੋਂ ਅਸਤੀਫ਼ਾ ਦੇ ਚੁੱਕੇ ਹਨ, ਬਗੈਰ ਕਾਰਜਕਾਲ ਪੂਰਾ ਕੀਤਿਆਂ। ਕ੍ਰਿਕਟ ਦੀ ਦੁਨੀਆ ਵਿੱਚ 1996 ਨੂੰ ਉਹ ਕ੍ਰਿਕਟ ਟੀਮ ਦੇ ਨਾਲ ਇੰਗਲੈਂਡ ਗਏ ਪਰ ਕਪਤਾਨ ਅਜ਼ਰੂਦੀਨ ਨਾਲ ਖਟਪਟ ਹੋਣ ਤੋਂ ਬਾਅਦ ਉਹ ਮੈਚ ਵਿਚਾਲੇ ਛੱਡ ਕੇ ਵਾਪਸ ਆ ਗਏ। ਇੱਥੋਂ ਤੱਕ ਕਿ ਉਨ੍ਹਾਂ ਨੇ ਕਿਸੇ ਨੂੰ ਭਿਣਕ ਵੀ ਨਾ ਪੈਣ ਦਿੱਤੀ। ਇਸ ਤੋਂ ਬਾਅਦ ਉਹ ਕ੍ਰਿਕਟ ਟੀਮ ਦਾ ਮੁੜ ਹਿੱਸਾ ਨਾ ਬਣੇ।
ਸਿਆਸਤ ਦੇ ਮੈਦਾਨ ਵਿੱਚ ਉਨ੍ਹਾਂ ਨੇ ਪਹਿਲੀ ਵਾਰ ਅਸਤੀਫ਼ਾ 2006 ਵਿੱਚ ਦਿੱਤਾ ਸੀ। ਉਹ 2004 ਵਿੱਚ ਬੀਜੇਪੀ ਦੀ ਟਿਕਟ ਤੋਂ ਅੰਮ੍ਰਿਤਸਰ ਲੋਕ ਸਭਾ ਸੀਟ ਜਿੱਤੇ ਸਨ। ਉਨ੍ਹਾਂ ‘ਤੇ ਇੱਕ ਪੁਰਾਣਾ ਮੁਕੱਦਮਾ ਚੱਲ ਰਿਹਾ ਸੀ। ਅਦਾਲਤ ਨੇ ਇਸ ਹਾਦਸਾ ਕਤਲ ਕੇਸ ਵਿੱਚ ਉਨ੍ਹਾਂ ਨੂੰ ਤਿੰਨ ਸਾਲ ਦੀ ਸਜ਼ਾ ਸੁਣਾ ਦਿੱਤੀ ਤਾਂ ਉਹਨਾਂ ਨੂੰ ਅਸਤੀਫ਼ਾ ਦੇਣਾ ਪਿਆ।
ਇਸ ਤੋਂ ਬਾਅਦ 2016 ਵਿੱਚ ਵੀ ਰਾਜ ਸਭਾ ਦੀ ਸੀਟ ਅੱਧ-ਵਿਚਾਲੇ ਛੱਡਣੀ ਪਈ। ਦਰਅਸਲ, ਸਿੱਧੂ ਦੀ ਨਰਾਜ਼ਗੀ ਭਾਪਤਾ ਨਾਲ 2014 ਵਿੱਚ ਸੁਰੂ ਹੋ ਗਈ ਸੀ, ਜਦੋਂ ਉਨ੍ਹਾਂ ਨੂੰ ਅੰਮ੍ਰਿਤਸਰ ਤੋਂ ਟਿਕਟ ਨਹੀਂ ਮਿਲੀ ਸੀ। ਭਾਜਪਾ ਵੱਲੋਂ ਅੰਮ੍ਰਿਤਸਰ ਤੋਂ ਮਰਹੂਮ ਅਰੁਣ ਜੇਤਲੀ ਨੂੰ ਉਮੀਦਵਾਰ ਬਣਾਇਆ ਗਿਆ।
ਉਦੋਂ ਪੰਜਾਬ ਦੀਆਂ ਵਿਧਾਨ ਸਭਾ ਚੋਣਾਂ ਵਿੱਚ ਸਿਰਫ਼ ਇੱਕ ਸਾਲ ਹੀ ਬਚਿਆ ਸੀ ਅਤੇ ਉਹ ਭਾਜਪਾ ਨੂੰ ਅਲਵਿਦਾ ਕਹਿ ਕੇ ਕਾਂਗਰਸ ਵਿੱਚ ਆ ਰਲੇ। ਭਾਜਪਾ ਵਿੱਚ ਰਹਿੰਦਿਆਂ ਉਨ੍ਹਾਂ ਦੀ ਭਾਈਵਾਲ ਪਾਰਟੀ ਦੇ ਪ੍ਰਧਾਨ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਨਾਲ ਵੀ ਦਾਲ ਨਾ ਗਲੀ।
ਕੈਪਟਨ ਸਰਕਾਰ ਵਿੱਚ ਉਨ੍ਹਾਂ ਨੇ ਕੈਬਨਿਟ ਮੰਤਰੀ ਅਹੁਦਾ ਉਦੋਂ ਛੱਡ ਦਿੱਤਾ ਜਦੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਤੋਂ ਸਥਾਨਕ ਸਰਕਾਰਾਂ ਵਿਭਾਗ ਵਾਪਸ ਲੈ ਕੇ ਬਿਜਲੀ ਮਹਿਕਮਾ ਅਲਾਟ ਕਰ ਦਿੱਤਾ ਸੀ। ਕਈ ਚਿਰ ਉਹ ਰੁੱਸ ਕੇ ਘਰੇ ਬੈਠੇ ਰਹੇ ਅਤੇ ਅੰਤ ਨੂੰ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ। ਉਦੋਂ ਉਨ੍ਹਾਂ ਨੇ ਅਹੁਦੇ ਤੋਂ ਅਸਤੀਫ਼ਾ ਟਵਿੱਟਰ ਰਾਹੀਂ ਭੇਜਿਆ ਸੀ।
ਉਦੋਂ ਸਿੱਧੂ ਨੇ ਅਸਤੀਫ਼ਾ ਕੈਪਟਨ ਅਮਰਿੰਦਰ ਸਿੰਘ ਦੇ ਨਾਲ ਮੱਤਭੇਦ ਦੇ ਚੱਲਦਿਆਂ ਦਿੱਤਾ ਸੀ ਪਰ ਕੱਲ੍ਹ ਦਾ ਅਸਤੀਫ਼ਾ ਮੁੜ ਆਪਣੀ ਸਰਕਾਰ ਦੇ ਖ਼ਿਲਾਫ਼ ਸਮਝਿਆ ਜਾ ਰਿਹਾ ਹੈ। ਸਿੱਧੂ ਆਪਣਾ ਅਸਤੀਫ਼ਾ ਵਾਪਸ ਲੈਣ ‘ਤੇ ਮੁੜ ਤੋਂ ਵਿਚਾਰ ਕਰਦੇ ਹਨ ਜਾਂ ਹਾਈਕਮਾਂਡ ਪਤਿਆ ਲੈਂਦੀ ਹੈ, ਇਹ ਸਮਾਂ ਹੀ ਦੱਸੇਗਾ।
ਕੁੱਝ ਵੀ ਹੋਵੇ, ਸਿੱਧੂ ਦੀਆਂ ਇਨ੍ਹਾਂ ਗੈਰ-ਜ਼ਿੰਮੇਵਾਰਾਨਾ ਕਾਰਵਾਈਆਂ ਕਰਕੇ ਵੱਕਾਰ ਜ਼ਰੂਰ ਘਟਿਆ ਹੈ ਅਤੇ ਸ਼ਖ਼ਸੀਅਤ ‘ਤੇ ਕਈ ਤਰ੍ਹਾਂ ਦੇ ਸਵਾਲ ਵੀ ਉੱਠਣ ਲੱਗੇ ਹਨ।