Punjab

ਅਸਤੀਫ਼ੇ ਤੋਂ ਬਾਅਦ ਸਿੱਧੂ ਨੇ ਖੋਲ੍ਹੇ ਦਿਲ ਦੇ ਰਾਜ਼

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਨਵਜੋਤ ਸਿੰਘ ਸਿੱਧੂ ਨੇ ਅਸਤੀਫ਼ੇ ਤੋਂ ਬਾਅਦ ਆਪਣੇ ਫੇਸਬੁੱਕ ਪੇਜ ਤੋਂ ਇੱਕ ਵੀਡੀਓ ਸਾਂਝੀ ਕਰਦਿਆਂ ਕਿਹਾ ਕਿ 17 ਸਾਲ ਦਾ ਰਾਜਨੀਤਿਕ ਸਫ਼ਰ ਇੱਕ ਮਕਸਦ ਦੇ ਨਾਲ ਕੀਤਾ ਹੈ। ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਕਰਨਾ ਮੇਰਾ ਧਰਮ ਸੀ, ਫਰਜ਼ ਸੀ। ਮੇਰਾ ਕਿਸੇ ਨਾਲ ਕੋਈ ਨਿੱਜੀ ਵੈਰ ਨਹੀਂ ਅਤੇ ਨਾ ਹੀ ਮੈਂ ਕੋਈ ਨਿੱਜੀ ਲੜਾਈ ਲੜੀ ਹੈ। ਪੰਜਾਬ ਦੇ ਲਈ ਕਿਸੇ ਵੀ ਚੀਜ਼ ਦੀ ਕੁਰਬਾਨੀ ਦੇਵਾਂਗਾ। ਨੈਤਿਕਤਾ ਦੇ ਨਾਲ ਕੋਈ ਸਮਝੌਤਾ ਨਹੀਂ ਹੋਣ ਦਿਆਂਗਾ। ਜਿਨ੍ਹਾਂ ਮੁੱਦਿਆਂ ਕਰਕੇ ਮੈਂ ਲੜ ਰਿਹਾ ਸੀ, ਉਨ੍ਹਾਂ ਮੁੱਦਿਆਂ ਦੇ ਨਾਲ ਹੀ ਸਮਝੌਤਾ ਹੋ ਰਿਹਾ ਹੈ। ਜਿਨ੍ਹਾਂ ਨੇ ਛੇ-ਛੇ ਸਾਲ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟਾਂ ਦਿੱਤੀਆਂ, ਛੋਟੇ-ਛੋਟੇ ਮੁੰਡਿਆਂ ਉੱਤੇ ਤਸ਼ੱਦਦ ਕੀਤਾ, ਉਨ੍ਹਾਂ ਨੂੰ ਅਹਿਮ ਅਹੁਦੇ ਦਿੱਤੇ ਗਏ। ਬਲੈਂਕਟ ਬੇਲ ਦਿਵਾਉਣ ਵਾਲਿਆਂ ਨੂੰ ਇਨਸਾਫ਼ ਦੀ ਜ਼ਿੰਮੇਵਾਰੀ ਦਿੱਤੀ ਗਈ ਹੈ।

ਦਾਗੀ ਲੀਡਰਾਂ ਅਤੇ ਅਫ਼ਸਰਾਂ ਨੂੰ ਦੁਬਾਰਾ ਲਿਆਂਦਾ ਗਿਆ। ਜਿਨ੍ਹਾਂ ਨੇ ਮਾਂਵਾਂ ਦੀਆਂ ਕੁੱਖਾਂ ਰੋਲ ਦਿੱਤੀਆਂ, ਉਨ੍ਹਾਂ ਨੂੰ ਪਹਿਰੇਦਾਰ ਨਹੀਂ ਬਣਾਇਆ ਜਾ ਸਕਦਾ। ਮੈਂ ਜਦੋਂ ਇਹ ਸਭ ਵੇਖਦਾ ਹਾਂ ਤਾਂ ਮੇਰੀ ਰੂਹ ਕੰਬਦੀ ਹੈ। ਮੇਰਾ ਪਹਿਲਾ ਕੰਮ ਬੇਅਦਬੀ ਦੇ ਇਨਸਾਫ਼ ਲਈ ਲੜਨਾ ਹੈ। ਜਿਹੜੇ ਲੋਕ ਮਸਲਿਆਂ ਦੀਆਂ ਗੱਲਾਂ ਕਰਦੇ ਸਨ, ਉਹ ਮਸਲੇ ਕਿੱਥੇ ਹਨ। ਮੈਂ ਨਾ ਤਾਂ ਹਾਈਕਮਾਂਡ ਨੂੰ ਗੁੰਮਰਾਹ ਕਰ ਸਕਦਾ ਅਤੇ ਨਾ ਹੀ ਗੁੰਮਰਾਹ ਹੋਣ ਦੇ ਸਕਦਾ। ਮੈਂ ਆਪਣੇ ਅਸੂਲਾਂ ‘ਤੇ ਹਮੇਸ਼ਾ ਖੜ੍ਹਾ ਰਹਾਂਗਾ।