Punjab

cm ਭਗਵੰਤ ਮਾਨ ਦੇ ਇਸ ਕੰਮ ਦੇ ਮੁਰੀਦ ਹੋਏ ਨਵਜੋਤ ਸਿੰਘ ਸਿੱਧੂ ! ਜੰਮ ਕੇ ਕੀਤੀ ਸ਼ਲਾਘਾ !

ਬਿਊਰੋ ਰਿਪੋਰਟ : ਕਾਂਗਰਸ ਦੇ ਦਿੱਗਜ ਆਗੂ ਨਵਜੋਤ ਸਿੰਘ ਸਿੱਧੂ ਨੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਹੀ ਸਭ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ‘ਤੇ ਨਿਸ਼ਾਨਾ ਲਾਇਆ ਸੀ। ਆਪਣੀ ਸੁਰੱਖਿਆ ਘੱਟ ਕਰਨ ਤੋਂ ਲੈਕੇ ਸੂਬੇ ਦੇ ਹਰ ਮੁੱਦੇ ‘ਤੇ ਉਨ੍ਹਾਂ ਨੂੰ ਘੇਰਿਆ । ਇਸ ਤੋਂ ਬਾਅਦ ਵੀ ਸਿੱਧੂ ਦੇ ਨਿਸ਼ਾਨੇ ਦੇ ਹਰ ਵਾਰ ਸੀਐੱਮ ਮਾਨ ਹੀ ਰਹੇ। ਪਰ ਹੁਣ ਉਨ੍ਹਾਂ ਨੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀ ਇੱਕ ਮੁੱਦੇ ‘ਤੇ ਜਮਕੇ ਸ਼ਲਾਘਾ ਕੀਤੀ ਹੈ । ਜੰਮੂ-ਕਸ਼ਮੀਰ ਵਿੱਚ ਸ਼ਹੀਦ ਹੋਏ ਪੰਜਾਬ ਦੇ 4 ਜਵਾਨਾਂ ਦੇ ਘਰ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਜਾਣ ਅਤੇ ਉਨ੍ਹਾਂ ਦੇ ਪਰਿਵਾਰਾਂ ਦੀ ਮਾਲੀ ਮਦਦ ਕਰਨ ‘ਤੇ ਨਵਜੋਤ ਸਿੰਘ ਸਿੱਧੂ ਨੇ ਉਨ੍ਹਾਂ ਦੀ ਤਾਰੀਫ ਕਰਦੇ ਹੋਏ ਟਵੀਟ ਕੀਤੀ ਹੈ।

ਨਵਜੋਤ ਸਿੰਘ ਸਿੱਧੂ ਨੇ ਸੀਐੱਮ ਮਾਨ ਦੀ ਕੀਤੀ ਤਾਰੀਫ

ਨਵਜੋਤ ਸਿੰਘ ਸਿੱਧੂ ਨੇ ਦੇਸ਼ ਦੇ ਫੌਜੀ ਸ਼ਹੀਦ ਜਵਾਨਾਂ ਦੇ ਘਰ ਜਾਣ ‘ਤੇ ਭਗਵੰਤ ਮਾਨ ਦੀ ਤਾਰੀਫ ਕਰਦੇ ਹੋਏ ਲਿਖਿਆ ‘ਚੰਗੇ ਕਰਮ ਆਪਣੇ ਆਪ ਬੋਲਦੇ ਹਨ, ਜ਼ੁਬਾਨ ਸਿਰਫ ਉਸ ਦੀ ਵਿਆਖਿਆ ਕਰਦੀ ਹੈ, ਮੈਂ ਤੁਹਾਡੇ ਵੱਲੋਂ ਕੀਤੇ ਕੰਮ ਦੀ ਤਾਰੀਫ ਕਰਦਾ ਹਾਂ, ਮਾਫੀਆ ਨੂੰ ਤੁਹਾਡੀ ਸਰਪ੍ਰਸਤੀ ਦੀ ਮੇਰੀ ਤਿੱਖੀ ਆਲੋਚਨਾ ਦੇ ਬਾਵਜੂਦ, ਇਹ ਇੱਕ ਚੀਜ਼ ਹੈ ਜੋ ਪ੍ਰਸ਼ੰਸਾ ਦੀ ਹੱਕਦਾਰ ਹੈ’ । ਨਵਜੋਤ ਸਿੰਘ ਸਿੱਧੂ ਦਾ ਇਹ ਟਵੀਟ ਚੰਗੀ ਸਿਆਸਤ ਦਾ ਸੰਕੇਤ ਹੈ ਅਤੇ ਮੁੱਖ ਮੰਤਰੀ ਭਗਵੰਤ ਮਾਨ ਲਈ ਨਵੋਜਤ ਸਿੰਘ ਸਿੱਧੂ ਵੱਲੋਂ ਬੋਲੇ ਗਏ ਇਹ ਬੋਲ ਉਨ੍ਹਾਂ ਨੂੰ ਥੋੜ੍ਹੀ ਰਾਹਤ ਜ਼ਰੂਰ ਦੇਣਗੇ, ਕਿਉਂਕਿ ਨਵਜੋਤ ਸਿੰਘ ਸਿੱਧੂ ਲਗਾਤਾਰ ਮੁੱਖ ਮੰਤਰੀ ਭਗਵੰਤ ਮਾਨ ਖਿਲਾਫ ਇੱਕ ਤੋਂ ਬਾਅਦ ਇੱਕ ਸਿਆਸੀ ਹਮਲਾ ਕਰ ਰਹੇ ਸਨ।

cm ਮਾਨ ਦਾ ਸ਼ਹੀਦ ਪਰਿਵਾਰਾਂ ਨਾਲ ਵਾਅਦਾ

ਮੁੱਖ ਮੰਤਰੀ ਭਗਵੰਤ ਮਾਨ ਜੰਮ-ਕੂਸ਼ਮੀਰ ਵਿੱਚ ਸ਼ਹੀਦ ਹੋਏ ਚਾਰੋ ਪਰਿਵਾਰਾਂ ਦੇ ਘਰ ਗਏ ਅਤੇ ਉਨ੍ਹਾਂ ਦੇ ਨਾਲ ਦੁੱਖ ਸਾਂਝਾ ਕੀਤਾ । ਉਨ੍ਹਾਂ ਨੇ ਸ਼ਹੀਦ ਹਰਕ੍ਰਿਸ਼ਨ ਸਿੰਘ ਦੇ ਪਰਿਵਾਰ ਨੂੰ 1 ਕਰੋੜ ਦਾ ਚੈੱਕ ਸੌਂਪਿਆ । ਸੀ.ਐੱਮ. ਮਾਨ ਨੇ ਕਿਹਾ ਸੀ ਕਿ ਪਰਿਵਾਰ ਦੇ ਇਕ ਮੈਂਬਰ ਨੂੰ ਸਰਕਾਰੀ ਨੌਕਰੀ ਵੀ ਦਿੱਤੀ ਜਾਵੇਗੀ। ਪਰਿਵਾਰ ਦੀਆਂ ਮੰਗਾਂ ਮੰਨਦੇ ਹੋਏ ਪਿੰਡ ਦੇ ਅੰਦਰ ਸ਼ਹੀਦ ਦੇ ਨਾਮ ਦਾ ਸਟੇਡੀਅਮ, ਧਰਮਸ਼ਾਲਾ, ਗੇਟ ਅਤੇ ਸਰਕਾਰੀ ਸਕੂਲ ਅਤੇ ਪਿੰਡ ਦੀ ਸੜਕ ਦਾ ਨਾਮ ਸ਼ਹੀਦ ਦੇ ਨਾਮ ‘ਤੇ ਰੱਖਣ ਦਾ ਐਲਾਨ ਕੀਤਾ ਗਿਆ ਸੀ। ਇੰਨਾਂ ਸਾਰੇ ਕੰਮਾਂ ਦੇ ਲਈ 74 ਲੱਖ ਰੁਪਏ ਦਾ ਐਸਟੀਮੇਟ ਤਿਆਰ ਕੀਤਾ ਗਿਆ ਸੀ । ਉਨ੍ਹਾਂ ਕਿਹਾ ਸ਼ਹੀਦ ਸਾਡੇ ਦੇਸ ਦਾ ਸਰਮਾਇਆ ਹੁੰਦੇ ਹਨ ਅਤੇ ਇਹਨਾਂ ਸ਼ਹੀਦਾਂ ਦੇ ਪਰਿਵਾਰਾਂ ਨਾਲ ਪੰਜਾਬ ਸਰਕਾਰ ਹਮੇਸ਼ਾ ਖੜੀ ਰਹੇਗੀ।

ਇਸ ਤੋਂ ਇਲਾਵਾ ਮੁੱਖ ਮੰਤਰੀ ਮਾਨ ਨੇ ਸ਼ਹੀਦ ਕੁਲਵੰਤ ਸਿੰਘ ਦੇ ਪਰਿਵਾਰ ਨਾਲ ਵੀ ਦੁੱਖ ਸਾਂਜਾ ਕੀਤਾ ਸੀ । ਮੋਗਾ ਜ਼ਿਲ੍ਹੇ ਦੇ ਜਵਾਨ ਕੁਲਵੰਤ ਸਿੰਘ ਜੀ ਦੇ ਪਰਿਵਾਰ ਨੂੰ ਸਰਕਾਰ ਵੱਲੋਂ ਵਿੱਤੀ ਸਹਾਇਤਾ ਦੇ ਤੌਰ ‘ਤੇ ₹1Cr. ਦਾ ਚੈੱਕ ਭੇਟ ਕੀਤਾ ਅਤੇ ਭਵਿੱਖ ‘ਚ ਵੀ ਹਰ ਸੰਭਵ ਮਦਦ ਦਾ ਭਰੋਸਾ ਦਿੱਤਾ। ਸ਼ਹੀਦ ਕੁਲਵੰਤ ਸਿੰਘ ਦੇ ਪਿਤਾ ਜੀ ਵੀ ਕਾਰਗਿਲ ਦੀ ਜੰਗ ਦੌਰਾਨ ਦੇਸ਼ ਦੀ ਰਾਖੀ ਕਰਦੇ ਸ਼ਹੀਦ ਹੋਏ ਸੀ । ਇਸ ਤੋਂ ਇਲਾਵਾ ਮੁੱਖ ਮੰਤਰੀ ਭਗਵੰਤ ਮਾਨ ਲੁਧਿਆਣਾ ਦੇ ਸ਼ਹੀਦ ਜਵਾਨ ਮਨਦੀਪ ਸਿੰਘ ਦੇ ਘਰ ਵੀ ਸ਼ਰਧਾਂਜਲੀ ਦੇਣ ਪਹੁੰਚੇ ਸਨ ।