Punjab

ਨਵਜੋਤ ਸਿੱਧੂ ਦਾ ਇਸ ਵਾਰੀ ਫੇਰ ਹੋਇਆ ‘ਬਚਾਅ’

Navjot Singh Sidhu did not appear in Ludhiana court

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) : ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਸਿਹਤ ਠੀਕ ਨਾ ਹੋਣ ਕਰਕੇ ਅੱਜ ਲੁਧਿਆਣਾ ਅਦਾਲਤ ਵਿੱਚ ਪੇਸ਼ ਨਹੀਂ ਹੋਏ। ਸਾਬਕਾ ਕਾਂਗਰਸੀ ਮੰਤਰੀ ਭਾਰਤ ਭੂਸ਼ਣ ਆਸ਼ੂ ਦੇ ਕੇਸ ਵਿੱਚ ਅਦਾਲਤ ਨੇ ਸਿੱਧੂ ਨੂੰ ਪੇਸ਼ ਹੋਣ ਦੇ ਆਦੇਸ਼ ਦਿੱਤੇ ਸਨ। ਹਸਪਤਾਲ ਵਿੱਚ ਕਰਵਾਏ ਗਏ ਟੈਸਟ ਤੋਂ ਬਾਅਦ ਡਾਕਟਰਾਂ ਨੇ ਸਿੱਧੂ ਨੂੰ ਅਨਫਿੱਟ ਕਰਾਰ ਦਿੱਤਾ। ਬੀਤੇ ਦਿਨੀਂ ਵੀ ਸਿਹਤ ਵਿਗੜਣ ਕਰਕੇ ਸਿੱਧੂ ਨੂੰ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ।

ਅੱਜ ਸਿੱਧੂ ਦੀ ਪੇਸ਼ੀ ਲਈ ਅਦਾਲਤ ਵਿੱਚ ਸੁਰੱਖਿਆ ਦੇ ਸਖ਼ਤ ਪ੍ਰਬੰਧ ਕੀਤੇ ਗਏ ਸਨ। ਵੀਰਵਾਰ ਨੂੰ ਸਿੱਧੂ ਵੱਲੋਂ ਜੇਲ੍ਹ ਸੁਪਰਡੈਂਟ ਨੂੰ ਇੱਕ ਪੱਤਰ ਲਿਖ ਕੇ ਅਦਾਲਤ ਵਿੱਚ ਹੋਣ ਵਾਲੀ ਪੇਸ਼ੀ ਲਈ ਸੁਰੱਖਿਆ ਦੀ ਮੰਗ ਕੀਤੀ ਗਈ ਸੀ। ਸਿੱਧੂ ਦਾ ਕਹਿਣਾ ਸੀ ਕਿ ਲੁਧਿਆਣਾ ਅਦਾਲਤ ਵਿੱਚ ਪਹਿਲਾਂ ਬੰਬ ਧਮਾਕਾ ਹੋ ਚੁੱਕਿਆ ਹੈ, ਇਸ ਲ਼ਈ ਉੱਥੇ ਜਾਣ ਲਈ ਉਨ੍ਹਾਂ ਨੂੰ ਸੁਰੱਖਿਆ ਮੁਹੱਈਆ ਕਰਵਾਈ ਜਾਵੇ। ਜਿਸ ਤੋਂ ਬਾਅਦ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਟਵੀਟ ਕਰਕੇ ਸਿੱਧੂ ਨੂੰ ਸੁਰੱਖਿਆ ਮੁਹੱਈਆ ਕਰਵਾਉਣ ਦੇ ਨਿਰਦੇਸ਼ ਜਾਰੀ ਕੀਤੇ ਜਾਣ ਦੀ ਜਾਣਕਾਰੀ ਸਾਂਝੀ ਕੀਤੀ ਸੀ।

ਸਿੱਧੂ ਦੇ ਮੀਡੀਆ ਸਲਾਹਕਾਰ ਸੁਰਿੰਦਰ ਡੱਲਾ ਨੇ ਟਵੀਟ ਕਰਕੇ ਕਿਹਾ ਸੀ ਕਿ ਨਵਜੋਤ ਸਿੱਧੂ ਨਾ ਕਦੇ ਸੱਚ ਤੋਂ ਡਰੇ ਅਤੇ ਨਾ ਕਦੇ ਡਰਨਗੇ। ਨਾ ਕਦੇ ਗਵਾਹੀ ਦੇਣ ਤੋਂ ਇਨਕਾਰੀ ਸਨ ਨਾ ਹੋਣਗੇ। ਸਿੱਧੂ ਗਵਾਹੀ ਦੇਣਗੇ ਅਤੇ ਪੂਰੀ ਸ਼ਾਨ ਨਾਲ ਦੇਣਗੇ ਪਰ ਮਾਮਲਾ ਸੁਰੱਖਿਆ ਦਾ ਵੀ ਹੈ। ਨਵਜੋਤ ਸਿੱਧੂ ਦੀ ਸੁਰੱਖਿਆ ਮੰਗ ਉੱਤੇ ਕੁੱਝ ਵਿਰੋਧੀ ਲੋਕ ਸਵਾਲ ਚੁੱਕ ਰਹੇ ਹਨ। ਕੀ ਤੁਸੀਂ ਸਿੱਧੂ ਮੂਸੇਵਾਲਾ ਦਾ ਮਾਮਲਾ ਭੁੱਲ ਗਏ।

ਸਿੱਧੂ ਨੇ ਸਾਬਕਾ ਡੀਐਸਪੀ ਬਲਵਿੰਦਰ ਸਿੰਘ ਸੇਖੋਂ ਵੱਲੋਂ ਸਾਬਕਾ ਖੁਰਾਕ ਸਪਲਾਈ ਮੰਤਰੀ ਭਾਰਤ ਭੂਸ਼ਣ ਆਸ਼ੂ ਖ਼ਿਲਾਫ਼ ਦਾਇਰ ਪਟੀਸ਼ਨ ਦੇ ਮਾਮਲੇ ਵਿੱਚ ਗਵਾਹੀ ਦੇਣੀ ਸੀ। DSP ਬਲਵਿੰਦਰ ਸਿੰਘ ਸੇਖੋਂ ਨੂੰ ਉਸ ਸਮੇਂ ਦੇ ਮੰਤਰੀ ਸਿੱਧੂ ਨੇ ਮਾਮਲੇ ਦੀ ਜਾਂਚ ਸੌਂਪੀ ਸੀ। ਘਪਲੇ ਦੀ ਜਾਂਚ ਕਰ ਰਹੇ DSP ਸੇਖੋਂ ਦਾ ਦੋਸ਼ ਹੈ ਕਿ ਜਾਂਚ ਨੂੰ ਅਟਕਾਉਣ ਲਈ ਸਾਬਕਾ ਮੰਤਰੀ ਆਸ਼ੂ ਨੇ ਉਸਨੂੰ ਫ਼ੋਨ ’ਤੇ ਧਮਕੀ ਦਿੱਤੀ ਸੀ। ਸੋ, ਹੁਣ ਇਸ ਕੇਸ ’ਚ ਸਿੱਧੂ ਦੀ ਗਵਾਹੀ ਦੀ ਜ਼ਰੂਰਤ ਹੈ ਤਾਂ ਜੋ ਨਿਰਪੱਖਤਾ ਨਾਲ ਜਾਂਚ ਕੀਤੀ ਜਾ ਸਕੇ।

ਇਹ ਮਾਮਲਾ ਕਾਫ਼ੀ ਹਾਈ-ਪ੍ਰੋਫਾਈਲ ਹੈ। ਸਾਬਕਾ ਮੰਤਰੀ ਆਸ਼ੂ ਨੇ ਬਰਖ਼ਾਸਤ ਕੀਤੇ ਗਏ DSP ਬਲਵਿੰਦਰ ਸਿੰਘ ਸੇਖੋਂ ਨੂੰ ਫ਼ੋਨ ’ਤੇ ਧਮਕਾਇਆ ਸੀ, ਜਿਸਦੀ ਆਡੀਓ ਕਲਿੱਪ (Audio clip) ਵੀ ਕਾਫ਼ੀ ਵਾਇਰਲ ਹੋਈ ਸੀ।