‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਇੱਕ ਵੱਡਾ ਸਿਆਸੀ ਧਮਾਕਾ ਕਰ ਦਿੱਤਾ ਹੈ। ਉਨ੍ਹਾਂ ਨੇ ਚੰਡੀਗੜ੍ਹ ਵਿੱਚ ਪੰਜਾਬ ਬੋਲਦਾ ਪ੍ਰੋਗਰਾਮ ਮੌਕੇ ਆਪਣੇ ਸੰਬੋਧਨ ਵਿੱਚ ਕਿਹਾ ਕਿ ਮੁਹਾਲੀ ਖਿੱਤੇ ਵਿੱਚ ਡੇਢ ਲੱਖ ਕਰੋੜ ਦੀ ਜ਼ਮੀਨ ਉੱਤੇ ਨਾਜਾਇਜ਼ ਕਬਜ਼ੇ ਕੀਤੇ ਗਏ ਹਨ ਅਤੇ ਜ਼ਮੀਨੀ ਰਿਕਾਰਡ ਨਾਲ ਛੇੜਛਾੜ ਕੀਤੀ ਗਈ ਹੈ। ਉਨ੍ਹਾਂ ਨੇ ਜਸਟਿਸ ਕੁਲਦੀਪ ਸਿੰਘ ਕਮਿਸ਼ਨ ਦੀ ਰਿਪੋਰਟ ਦੇ ਹਵਾਲੇ ਨਾਲ ਕਿਹਾ ਕਿ ਕਰੀਬ 900 ਏਕੜ ਜ਼ਮੀਨ ਉੱਤੇ ਸਿਰਫ ਦੋ ਮੁੱਖ ਮੰਤਰੀਆਂ ਦਾ ਕਬਜ਼ਾ ਹੈ। ਸਿੱਧੂ ਨੇ ਚਾਹੇ ਕਮਿਸ਼ਨ ਦੀ ਰਿਪੋਰਟ ਵਿੱਚ ਦਰਜ ਨਾਂਵਾਂ ਨੂੰ ਜਨਤਕ ਨਹੀਂ ਕੀਤਾ ਪਰ ਸਿਆਸਤ ਵਿੱਚ ਭੂਚਾਲ ਜ਼ਰੂਰ ਆ ਜਾਵੇਗਾ।
ਸਿੱਧੂ ਨੇ ਕਾਂਗਰਸ ਹਾਈਕਮਾਂਡ ਉੱਤੇ ਵੀ ਅਸਿੱਧੇ ਤੌਰ ‘ਤੇ ਹਮਲਾ ਕਰਦਿਆਂ ਕਿਹਾ ਕਿ ਚੰਗੇ ਇਨਸਾਨ ਨੂੰ ਵੀ ਸਿਆਸਤ ਵਿੱਚ ਸ਼ੋਅ ਪੀਸ ਬਣਾ ਕੇ ਰੱਖ ਦਿੱਤਾ ਜਾਂਦਾ ਹੈ। ਚੋਣਾਂ ਜਿੱਤਣ ਮਗਰੋਂ ਮੋਹਰੇ ਦੀ ਤਰ੍ਹਾਂ ਵਰਤਿਆ ਜਾਂਦਾ ਹੈ ਪਰ ਉਨ੍ਹਾਂ ਨੇ ਨਾਲ ਹੀ ਆਪਣੇ ਬਿਆਨ ਨੂੰ ਸਿਆਸੀ ਰੰਗਤ ਦਿੰਦਿਆਂ ਕਿਹਾ ਕਿ ਉਹ ਰਾਹੁਲ ਗਾਂਧੀ ਅਤੇ ਪ੍ਰਿਅੰਕਾ ਗਾਂਧੀ ਦੇ ਨਾਲ ਡਟ ਕੇ ਖੜੇ ਹਨ।