India Punjab

ਕਿਸਾਨਾਂ ਦੇ ਹੱਕ ‘ਚ ਨਿਤਰੇ ਨਵਜੋਤ ਸਿੱਧੂ, ਕੇਂਦਰ ਅਤੇ ਪੰਜਾਬ ਸਰਕਾਰ ਨੂੰ ਰਗੜੇ…

Navjot Sidhu, who ruled in favor of farmers, targeted the Center and the Punjab government

ਚੰਡੀਗੜ੍ਹ : ਪੰਜਾਬ ਪ੍ਰਦੇਸ਼ ਕਾਂਗਰਸ ਕਮੇਟੀ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਕਿਸਾਨਾਂ ਦੇ ਹੱਕ ਵਿੱਚ ਨਿੱਤਰ ਆਏ ਹਨ।ਸਿੱਧੂ ਨੇ ਕਿਹਾ ਕਿ ਆਪਣੀਆਂ ਮੰਗਾਂ ਲਈ ਸ਼ਾਂਤਮਈ ਅੰਦੋਲਨ ਕਰਨਾ ਸਭ ਦਾ ਹੱਕ ਹੈ, ਜਿਸ ਕਾਰਨ ਕਿਸਾਨਾਂ ਨੂੰ ਅੰਦੋਲਨ ਕਰਨ ਦੇਣਾ ਚਾਹੀਦਾ ਹੈ ਨਾਂ ਕਿ ਉਨ੍ਹਾਂ ’ਤੇ ਜਬਰ ਕਰਨਾ ਚਾਹੀਦਾ ਹੈ।

ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਨਵਜੋਤ ਸਿੰਘ ਸਿੱਧੂ ਨੇ ਵੱਖ ਵੱਖ ਮੁੱਦਿਆਂ ’ਤੇ ਪੰਜਾਬ ਸਰਕਾਰ ‘ਤੇ ਨਿਸ਼ਾਨੇ ਸਾਧਦਿਆਂ ਕਿਹਾ ਕਿ ਪੰਜਾਬ ਸਰਕਾਰ ਖੁਦ ਆਪਣੇ ਵਾਅਦਿਆਂ ਤੋਂ ਭੱਜ ਰਹੀ ਤੇ ਕਿਸਾਨਾਂ ਨਾਲ ਵੀ ਕੀਤੇ ਵਾਅਦੇ ਪੂਰੇ ਨਹੀਂ ਕੀਤੇ ਜਾ ਰਹੇ ਤੇ ਸਿਰਫ ਡੰਗ ਟਪਾਊ ਢੰਗ ਨਾਲ ਕੰਮ ਚਲਾਇਆ ਜਾ ਰਿਹਾ ਹੈ।

ਸਿੱਧੂ ਨੇ ਕਿਹਾ ਕਿ ਅੱਜ ਕਿਸਾਨ ਆਪਣੇ ਉਪਰ ਹੁੰਦੇ ਜ਼ੁਲਮ ਨੂੰ ਸੜਕਾਂ ‘ਤੇ ਲੈ ਕੇ ਆਏ ਹਨ। ਕੇਂਦਰ ਨੇ ਸਾਡੇ ਨਾਲ ਧੱਕਾ ਕੀਤਾ ਹੈ। ਖਾਣ ਵਾਲਾ ਤੇਲ ਜੋ ਪਹਿਲਾਂ 77 ਰੁਪਏ ਲੀਟਰ ਸੀ, ਹੁਣ 210 ਰੁਪਏ ਹੋ ਗਿਆ ਹੈ। ਮਤਲਬ ਇਹ 130 ਫੀਸਦੀ ਮਹਿੰਗਾ ਹੋ ਗਿਆ ਹੈ। ਸਰ੍ਹੋਂ ਦਾ ਤੇਲ ਡਬਲ ਤੋਂ ਉੱਪਰ ਚਲਾ ਗਿਆ ਹੈ। ਗੈਸ ਸਿਲੰਡਰ ਦੀ ਕੀਮਤ 300 ਰੁਪਏ ਤੋਂ ਵਧ ਕੇ 1100 ਰੁਪਏ ਹੋ ਗਈ ਹੈ।

ਪੈਟਰੋਲ-ਡੀਜ਼ਲ, ਜਿਸ ‘ਤੇ ਸਾਰੀਆਂ ਚੀਜ਼ਾਂ ਦੇ ਰੇਟਾਂ ‘ਚ ਵਾਧਾ ਜਾਂ ਕਮੀ ਨਿਰਭਰ ਕਰਦੀ ਹੈ, ਲਗਾਤਾਰ ਵਧ ਮਹਿੰਗਾ ਹੋ ਰਿਹਾ ਹੈ। ਡਾ. ਮਨਮੋਹਨ ਸਿੰਘ ਦੇ ਸਮੇਂ ਇਸ ‘ਤੇ ਕੰਟਰੋਲ ਸੀ। 2013 ਵਿੱਚ ਪੈਟਰੋਲ-ਡੀਜ਼ਲ ਦੀ ਕੀਮਤ 38 ਰੁਪਏ ਸੀ ਤੇ ਹੁਣ 6 ਸਾਲਾਂ ਵਿੱਚ 90 ਰੁਪਏ ਤੋਂ ਉੱਪਰ ਹੋ ਗਈ।ਕਿਸਾਨਾਂ ਦੀ ਆਮਦਨ 1400 ਰੁਪਏ ਤੋਂ ਵਧ ਕੇ 1800 ਰੁਪਏ ਹੋ ਗਈ।

ਉਨ੍ਹਾਂ ਨੇ ਕਿਹਾ ਕਿ ਫਸਲਾਂ ਦੀ ਐਮਐਸਪੀ ਦੀ ਗੱਲ ਕਰੀਏ ਤਾਂ ਇੱਕ ਸਾਲ ਬਾਅਦ ਇਸ ਵਿੱਚ 40 ਰੁਪਏ ਤੇ ਚੋਣ ਸਾਲ ਵਿੱਚ 400 ਰੁਪਏ ਦਾ ਵਾਧਾ ਕੀਤਾ ਜਾਂਦਾ ਹੈ। ਜੇਕਰ ਖਾਦ ਦੀ ਗੱਲ ਕਰੀਏ ਤਾਂ ਇਸਦੇ ਰੇਟ 30 ਫੀਸਦੀ ਵਧਾ ਦਿੱਤੇ ਗਏ। ਖਾਦਾਂ ਵੀ ਬਾਜ਼ਾਰ ਵਿੱਚ ਨਕਲੀ ਵੇਚੀਆਂ ਗਈਆਂ ਤੇ ਕਿਸਾਨ ਰੋਂਦਾ ਰਿਹਾ। 40 ਰੁਪਏ ਦੇ ਕੇ ਕਿਸਾਨ ਤੋਂ 400 ਰੁਪਏ ਲੈ ਲਏ।

ਮੁੱਖ ਮੰਤਰੀ ਮਾਨ ‘ਤੇ ਨਿਸ਼ਾਨਾ ਸਾਧਦਿਆਂ ਸਿੱਧੂ ਨੇ ਕਿਹਾ ਕਿ ਕੇਂਦਰ ਸਰਕਾਰ ਕਣਕ ਤੇ ਝੋਨੇ ਦੇ ਘੱਟੋ-ਘੱਟ ਸਮਰਥਨ ਮੁੱਲ ‘ਤੇ 72 ਹਜ਼ਾਰ ਕਰੋੜ ਰੁਪਏ ਖਰਚ ਕਰਦੀ ਹੈ ਅਤੇ ਸੀਐਮ ਮਾਨ 22 ਫਸਲਾਂ ‘ਤੇ MSP ਦੇਣ ਦੀ ਗੱਲ ਕਰ ਰਹੇ ਹਨ। ਸਿੱਧੂ ਨੇ ਕਿਹਾ ਕਿ ਉਹ ਸ਼ੇਖ-ਚਿੱਲੀ ਵਾਂਗ ਸੁਪਨੇ ਦੇਖ ਰਹੇ ਹਨ। ਕਿਸਾਨਾਂ ਨੂੰ ਦਾਲਾਂ ਉਗਾਉਣ ਲਈ ਕਿਹਾ ਗਿਆ। ਸਾਰੀ ਮੂੰਗੀ ਦੀ ਫਸਲ ਦੀ ਲਿਫਟਿੰਗ ਕਰਨ ਦੀ ਗੱਲ ਕਹੀ ਪਰ ਲਿਫਟਿੰਗ ਸਿਰਫ 8 ਫੀਸਦੀ ਕੀਤੀ। ਦੂਜੇ ਕਿਸਾਨਾਂ ਨੂੰ ਆਪਣੀ ਫ਼ਸਲ ਸਸਤੀ ਵੇਚਣੀ ਪਈ।

ਸਿੱਧੂ ਨੇ ਦੋਸ਼ ਲਾਇਆ ਕਿ ਐਫਸੀਆਈ ਨੂੰ ਦਿਵਾਲੀਆ ਕਰਨ ਤੋਂ ਬਾਅਦ ਕੇਂਦਰ ਨੇ ਸਟੋਰੇਜ ਅਡਾਨੀ ਕਾਰਪੋਰੇਟ ਨੂੰ ਦੇ ਦਿੱਤੀ ਹੈ। ਜੇਕਰ ਉਨ੍ਹਾਂ ਦਾ ਗੋਦਾਮ 25 ਫੀਸਦੀ ਭਰਦਾ ਹੈ ਤਾਂ ਉਨ੍ਹਾਂ ਨੂੰ 100 ਫੀਸਦੀ ਅਦਾਇਗੀ ਕੀਤੀ ਜਾਂਦੀ ਹੈ। ਪਰ ਕਿਸਾਨਾਂ ਲਈ ਕੀ ਸੋਚਿਆ ਗਿਆ? ਕੁਝ ਨਹੀਂ। ਭਾਜਪਾ ਨੇ 10 ਸਾਲਾਂ ਵਿੱਚ ਅਮੀਰਾਂ ਦੇ 16 ਲੱਖ 54 ਹਜ਼ਾਰ ਕਰੋੜ ਰੁਪਏ ਦੇ ਕਰਜ਼ੇ ਮੁਆਫ਼ ਕੀਤੇ। ਪਰ ਉਹ ਕਿਸਾਨਾਂ ਦੇ ਕਰਜ਼ੇ ਮੁਆਫ਼ ਕਰਨ ਤੋਂ ਪਿੱਛੇ ਹੱਟਦੇ ਹਨ।