‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਕਾਂਗਰਸ ਦੇ ਸੀਨੀਅਰ ਲੀਡਰ ਨਵਜੋਤ ਸਿੰਘ ਸਿੱਧੂ ਨੇ ਕਾਂਗਰਸ ਹਾਈਕਮਾਂਡ ਦੀ ਤਿੰਨ ਮੈਂਬਰੀ ਕਮੇਟੀ ਅਤੇ ਕੈਪਟਨ ਅਮਰਿੰਦਰ ਸਿੰਘ ਨਾਲ ਮੀਟਿੰਗ ਦੀ ਖਬਰ ਨੂੰ ਖਾਰਿਜ ਕੀਤਾ ਹੈ। ਉਨ੍ਹਾਂ ਆਪਣੇ ਟਵੀਟ ਰਾਹੀਂ ‘ਦ ਟ੍ਰਿਬਿਊਨ ਦੀ ਖ਼ਬਰ ਨੂੰ ਫੇਕ ਨਿਊਜ਼ ਦੱਸਦਿਆਂ, ਇਸ ਉੱਤੇ ਸਪਸ਼ਟੀਕਰਨ ਮੰਗਿਆ ਸੀ।
‘ਦ ਟ੍ਰਿਬਿਊਨ ਨੇ ਇਸ ਖ਼ਬਰ ਨੂੰ ਬਕਾਇਦਾ ਸਿੱਧੂ ਦੇ ਬਿਆਨ ਦੇ ਹਵਾਲੇ ਨਾਲ ਸਪਸ਼ਟ ਕੀਤਾ ਹੈ। ਖ਼ਬਰ ਦੇ ਅਨੁਸਾਰ ਸਿੱਧੂ ਨੇ ਕਿਹਾ ਹੈ ਕਿ ਇਹ ਉਨ੍ਹਾਂ ਦੇ ਵਿਰੋਧੀਆਂ ਵੱਲੋਂ ਉਨ੍ਹਾਂ ਖਿਲਾਫ ਪ੍ਰਚਾਰ ਹੈ। ਸਿੱਧੂ ਨੇ ਖੁਦ ਵੀ ਟਵੀਟ ਰਾਹੀਂ ਇਹ ਸਪਸ਼ਟ ਕੀਤਾ ਹੈ ਕਿ ਤਿੰਨ ਮੈਂਬਰੀ ਪੈਨਲ ਜਾਂ ਹਾਈਕਮਾਂਡ ਨਾਲ ਉਨ੍ਹਾਂ ਦੀ ਕਿਸੇ ਵੀ ਤਰ੍ਹਾਂ ਦੀ ਕੋਈ ਸੰਯੁਕਤ ਮੀਟਿੰਗ ਨਹੀਂ ਹੋ ਰਹੀ ਹੈ।
ਉਨ੍ਹਾਂ ਕਿਹਾ ਕਿ 20 ਜੂਨ ਤੇ ਨਾ ਹੀ 22 ਜੂਨ ਨੂੰ ਕਿਸੇ ਵੀ ਮੀਟਿੰਗ ਲਈ ਉਨ੍ਹਾਂ ਨੂੰ ਸੱਦਿਆ ਗਿਆ ਹੈ। ਉਨ੍ਹਾਂ ਕਿਹਾ ਕਿ ਮੈਂ ਬਾਰ-ਬਾਰ ਮੀਡੀਆ ਨੂੰ ਇਹ ਸਪਸ਼ਟ ਕਰ ਦਿੱਤਾ ਹੈ ਫਿਰ ਵੀ ਉਨ੍ਹਾਂ ਦੇ ਖਿਲਾਫ ਪ੍ਰੋਪੇਗੰਡਾ ਚਲਾਇਆ ਜਾ ਰਿਹਾ ਹੈ।
ਉਨ੍ਹਾਂ ਕਿਹਾ ਕਿ 2 ਜੂਨ ਨੂੰ ਜਦੋਂ ਉਨ੍ਹਾਂ ਨੂੰ ਮੀਟਿੰਗ ਲਈ ਸੱਦਿਆ ਗਿਆ ਸੀ ਤਾਂ ਉਨ੍ਹਾਂ ਨੇ ਪੈਨਲ ਨਾਲ ਆਪਣਾ ਦ੍ਰਿਸ਼ਟੀਕੋਣ ਅਤੇ ਪੰਜਾਬ ਲਈ ਏਜੰਡਾ ਸਾਂਝਾ ਕਰ ਦਿੱਤਾ ਸੀ।ਦੱਸ ਦਈਏ ਕਿ ਕਾਂਗਰਸ ਦੀ ਪੰਜਾਬ ਇਕਾਈ ਦੇ ਝਗੜੇ ਨੂੰ ਨਿਪਟਾਉਣ ਲਈ ਕਾਂਗਰਸ ਹਾਈਕਮਾਂਡ ਨੇ ਤਿੰਨ ਮੈਂਬਰੀ ਕਮੇਟੀ ਬਣਾਈ ਹੈ।
ਇੱਥੇ ਜਿਕਰਯੋਗ ਹੈ ਕਿ ‘ਦ ਟ੍ਰਿਬਿਊਨ ਨੇ ਇਸ ਮੀਟਿੰਗ ਦਾ ਆਪਣੀ ਖਬਰ ਵਿਚ ਜਿਕਰ ਕੀਤਾ ਸੀ ਤੇ ਸਿੱਧੂ ਨੇ ਇਸਨੂੰ ਫੇਕ ਨਿਊਜ਼ ਦੱਸਦਿਆਂ ਟਵੀਟ ਕਰਕੇ ਨਾਰਾਜ਼ਗੀ ਜਾਹਿਰ ਕੀਤੀ ਸੀ।ਹਾਲਾਂਕਿ ਟ੍ਰਿਬਿਊਨ ਵੱਲੋਂ ਸਪਸ਼ਟੀਕਰਨ ਛਾਪਣ ਉੱਤੇ ਸਿੱਧੂ ਨੇ ਟਵੀਟ ਕੀਤਾ ਹੈ ਕਿ ਸੱਚ ਡੰਕੇ ਦੀ ਚੋਟ ਉੱਤੇ ਹੋਣਾ ਚਾਹੀਦਾ ਹੈ ਤੇ ਟ੍ਰਿਬਿਊਨ ਦੀ ਇਹ ਪ੍ਰਤੀਕਿਰਿਆ ਸ਼ਲਾਘਾ ਯੋਗ ਹੈ।
Comments are closed.