Punjab

ਪੰਜਾਬ ਦੇ ਸਾਬਕਾ CM ਘਰ ਪਹੁੰਚੀ SIT

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਮਾਮਲੇ ਦੀ ਜਾਂਚ ਕਰ ਰਹੀ ਨਵੀਂ ਐੱਸਆਈਟੀ ਦੀ ਤਿੰਨ ਮੈਂਬਰੀ ਟੀਮ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਚੰਡੀਗੜ੍ਹ ਸਥਿਤ ਰਿਹਾਇਸ਼ ‘ਤੇ ਪਹੁੰਚ ਚੁੱਕੀ ਹੈ। ਇਸ ਟੀਮ ਵਿੱਚ ਰਾਕੇਸ਼ ਅਗਰਵਾਲ, ਐੱਲ.ਕੇ ਯਾਦਵ ਅਤੇ ਸੁਰਜੀਤ ਸਿੰਘ ਸ਼ਾਮਿਲ ਹਨ। ਇਸ ਮੌਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਪ੍ਰਧਾਨ ਬੀਬੀ ਜਗੀਰ ਕੌਰ, ਵਿਧਾਇਕ ਸ਼ਰਨਜੀਤ ਢਿੱਲੋਂ, ਪਵਨ ਟੀਨੂ , ਐੱਨ ਕੇ ਸ਼ਰਮਾ ਅਤੇ ਹੋਰ ਲੀਡਰ ਵੀ ਹਾਜ਼ਰ ਹਨ।

SIT ਦਾ ਸਾਥ ਦੇਣਾ ਬਾਦਲ ਦਾ ਫਰਜ਼

ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਲਜੀਤ ਸਿੰਘ ਦਾਦੂਵਾਲ ਨੇ ਕਿਹਾ ਕਿ ਜਿਸ ਵੇਲੇ ਇਹ ਸਾਰੀ ਬੇਅਦਬੀ ਦੀ ਘਟਨਾ ਵਾਪਰੀ, ਉਸ ਵੇਲੇ ਪ੍ਰਕਾਸ਼ ਸਿੰਘ ਬਾਦਲ ਮੁੱਖ ਮੰਤਰੀ ਸਨ। ਨਵੀਂ ਐੱਸਆਈਟੀ ਦੀ ਮਦਦ ਕਰਨਾ ਪ੍ਰਕਾਸ਼ ਸਿੰਘ ਬਾਦਲ ਦਾ ਫਰਜ਼ ਬਣਦਾ ਹੈ। ਪ੍ਰਕਾਸ਼ ਸਿੰਘ ਬਾਦਲ ਨੇ ਪਹਿਲਾਂ ਆਪਣੀ ਸਿਹਤ ਖਰਾਬ ਹੋਣ ਦਾ ਬਹਾਨਾ ਦਿੱਤਾ ਸੀ ਪਰ ਸਿੱਖ ਜਥੇਬੰਦੀਆਂ ਵੱਲੋਂ ਉਨ੍ਹਾਂ ਦੀ ਰਿਹਾਇਸ਼ ਅੱਗੇ ਧਰਨੇ ਦੇ ਐਲਾਨ ਤੋਂ ਬਾਅਦ ਬਾਦਲ ਨੇ ਨਵੀਂ SIT ਨੂੰ 22 ਜੂਨ ਨੂੰ ਆਪਣੇ ਘਰ ਸੱਦ ਲਿਆ। ਦਾਦੂਵਾਲ ਨੇ ਕਿਹਾ ਕਿ ਮੌਤ ਦਾ ਕੋਈ ਪਤਾ ਨਹੀਂ ਹੁੰਦਾ ਕਿ ਕਦੋਂ ਆ ਜਾਣੀ ਹੈ, ਇਸ ਲਈ ਉਨ੍ਹਾਂ ਨੂੰ ਸੱਚਾਈ ਦੱਸ ਕੇ ਜਾਣਾ ਚਾਹੀਦਾ ਹੈ ਕਿ ਉਨ੍ਹਾਂ ਦੇ ਰਾਜ ਵਿੱਚ ਕੀ ਹੋਇਆ। ਇਨ੍ਹਾਂ ਨੂੰ ਐੱਸਆਈਟੀ ਸਾਹਮਣੇ ਮੰਨ ਲੈਣਾ ਚਾਹੀਦਾ ਹੈ ਕਿ ਇਨ੍ਹਾਂ ਦੇ ਰਾਜ ਵਿੱਚ ਕੌਣ ਗੋਲੀਆਂ ਚਲਾ ਰਿਹਾ ਹੈ, ਕੌਣ ਸਰੂਪ ਚੁਰਾ ਰਿਹਾ ਹੈ, ਕੌਣ ਬੇਅਦਬੀ ਕਰ ਰਿਹਾ ਹੈ। ਲਿਫਾਫਿਆਂ ਵਿੱਚੋਂ ਇਹ ਜਥੇਦਾਰ, ਪ੍ਰਧਾਨ ਕੱਢਦੇ ਹਨ ਪਰ ਜਦੋਂ ਇਨ੍ਹਾਂ ਨੂੰ ਪੁੱਛਿਆ ਜਾਂਦਾ ਹੈ ਤਾਂ ਇਹ ਕਹਿੰਦੇ ਹਨ ਕਿ ਸਾਨੂੰ ਕੁੱਝ ਪਤਾ ਹੀ ਨਹੀਂ ਹੈ।