Punjab

“ਇੱਕ ਮੌਕਾ ਆਪ ਕੋ, ਨਾ ਦਿਨ ਮੇਂ ਬਿਜਲੀ ਨਾ ਰਾਤ ਕੋ”

‘ਦ ਖ਼ਾਲਸ ਬਿਊਰੋ : ਪਿਛਲੇ ਕਈ ਦਿਨਾਂ ਤੋਂ ਬਿਜਲੀ ਸੰਕਟ ਨਾਲ ਜੂਝ ਰਹੇ ਪੰਜਾਬ ਦੀ ਸਥਿਤੀ ਵਿੱਚ ਕੋਈ ਸੁਧਾਰ ਨਹੀਂ ਹੋ ਰਿਹਾ ਹੈ। ਕੱਲ੍ਹ ਸ਼ਾਮ ਤੋਂ ਪੰਜਾਬ ਦੇ ਖੇਤੀਬਾੜੀ ਸੈਕਟਰ ਸਮੇਤ ਪੇਂਡੂ ਅਤੇ ਸ਼ਹਿਰੀ ਹਲਕਿਆਂ ਵਿੱਚ ਬਿਜਲੀ ਦੇ ਕੱਟ ਲੱਗਣੇ ਸ਼ੁਰੂ ਹੋ ਗਏ ਹਨ। ਪੰਜਾਬ ਭਰ ਵਿੱਚ ਬਿਜਲੀ ਦੇ ਅਣ ਐਲਾਨੇ ਪੰਜ ਤੋਂ ਛੇ ਘੰਟੇ ਦੇ ਕੱਟਾਂ ਨੇ ਲੋਕਾਂ ਨੂੰ ਹਾਲੋਂ ਬੇਹਾਲ ਕਰ ਦਿੱਤਾ ਹੈ। ਝੋਨੇ ਦੀ ਲੁਆਈ ਦਾ ਸੀਜ਼ਨ ਸਿਰ ‘ਤੇ ਹੈ, ਜਿਸ ਨੂੰ ਲੈ ਕੇ ਕਿਸਾਨਾ ਦੀ ਚਿੰਤਾ ਹੋਰ ਵੀ ਵੱਧ ਰਹੀ ਹੈ। ਵੱਖ-ਵੱਖ ਵਿਰੋਧੀ ਧਿਰਾਂ ਵੱਲੋਂ ਬਿਜਲੀ ਸੰਕਟ ਉੱਤੇ ਆਪ ਸਰਕਾਰ ਨੂੰ ਘੇਰਿਆ ਜਾ ਰਿਹਾ ਹੈ। ਪੰਜਾਬ ਪ੍ਰਦੇਸ਼ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਬਿਜਲੀ ਸੰਕਟ ਨੂੰ ਲੈ ਕੇ ਆਪ ਸਰਕਾਰ ਉੱਤੇ ਨਿ ਸ਼ਾਨਾ ਕੱਸਦਿਆਂ ਕਿਹਾ ਕਿ “ਇੱਕ ਮੌਕਾ ਆਪ ਕੋ, ਨਾ ਦਿਨ ਮੇਂ ਬਿਜਲੀ ਨਾ ਰਾਤ ਕੋ”। ਸਿੱਧੂ ਨੇ ਕਿਹਾ ਕਿ ਪੰਜਾਬ ਵਿੱਚ ਵੱਡੇ ਪੱਧਰ ‘ਤੇ ਬਿਜਲੀ ਕੱਟ ਲੱਗ ਰਹੇ ਹਨ। ਕਿਸਾਨਾਂ ਲਈ ਦੋ ਘੰਟੇ ਤੋਂ ਵੀ ਘੱਟ ਬਿਜਲੀ। ਇਹ ਇੰਨੀ ਬੁਰੀ ਹਾਲਤ ਨਹੀਂ ਜਿੰਨੀ ਦਿੱਸਦੀ ਹੈ, ਇਹ ਬੇਹੱਦ ਬੁਰੀ ਹਾਲਤ ਹੈ।

ਸਿੱਧੂ ਨੇ ਇਸਦੇ ਨਾਲ ਹੀ PSPCL ਵੱਲੋਂ ਆਪਣੇ ਕਰਮਚਾਰੀਆਂ ਲਈ ਜਾਰੀ ਕੀਤੇ ਤਾਜ਼ਾ ਸਰਕੂਲਰ ਦਾ ਇੱਕ ਵੱਟਸਐਪ ਸਕਰੀਨ ਸ਼ਾਟ ਵੀ ਸ਼ੇਅਰ ਕੀਤਾ ਹੈ। ਹਾਲਾਂਕਿ, PSPCL ਨੇ ਜਨਤਕ ਤੌਰ ‘ਤੇ ਇਸਦੀ ਕੋਈ ਜਾਣਕਾਰੀ ਨਹੀਂ ਦਿੱਤੀ। ਹੋ ਸਕਦਾ ਹੈ ਕਿ PSPCL ਦੇ ਕਿਸੇ ਅਧਿਕਾਰੀ ਨੇ ਨਵਜੋਤ ਸਿੱਧੂ ਨਾਲ ਨਿੱਜੀ ਤੌਰ ਉੱਤੇ ਇਹ ਜਾਣਕਾਰੀ ਸਾਂਝੀ ਕੀਤੀ ਹੋਵੇ। ਸਿੱਧੂ ਵੱਲੋਂ ਸਾਂਝੇ ਕੀਤੇ ਗਏ ਇਸ ਸਰਕੂਲਰ ਵਿੱਚ ਸਾਰੇ S.D.O. ਅਤੇ J.Es ਨੂੰ ਬੇਨਤੀ ਕੀਤੀ ਗਈ ਹੈ ਕਿ ਉਹ ਆਪਣੇ-ਆਪਣੇ ਅਧਿਕਾਰ ਖੇਤਰ ਵਿੱਚ ਆਉਂਦੇ ਪਿੰਡਾਂ ਦੇ ਗੁਰਦੁਆਰਿਆਂ ਵਿੱਚ ਤਲਵੰਡੀ ਸਾਬੋ ਅਤੇ G.G.S.T.P.ਰੋਪੜ ਥਰਮਲਾਂ ਦੇ ਯੂਨਿਟਾਂ ਦੇ ਖਰਾਬ ਹੋਣ ਸਬੰਧੀ ਅਨਾਊਂਸਮੈਂਟ ਕਰਵਾਉਣ ਕਿ ਉਨ੍ਹਾਂ ਥਰਮਲਾਂ ਦੇ ਬੰਦ ਹੋਣ ਨਾਲ ਇਕਦਮ 800 ਮੈਗਾਵਾਟ ਬਿਜਲੀ ਦੀ ਘਾਟ ਪੈਦਾ ਹੋ ਗਈ ਹੈ, ਜਿਸ ਕਰਕੇ ਮਹਿਕਮੇ ਨੂੰ ਮਜ਼ਬੂਰੀ ਵਿੱਚ AP/UPS/Urban ਫੀਡਰਾਂ ਦੇ ਕੱਟ ਲਗਾਉਣੇ ਪੈ ਰਹੇ ਹਨ।

ਇਨ੍ਹਾਂ ਥਰਮਲਾਂ ਦੀ ਸਪਲਾਈ ਤਿੰਨ ਦਿਨਾਂ ਤੱਕ ਚਾਲੂ ਹੋਣ ਦੀ ਸੰਭਾਵਨਾ ਹੈ, ਜਿਸ ਤੋਂ ਬਾਅਦ ਬਿਜਲੀ ਦੀ ਸਥਿਤੀ ਪਹਿਲਾਂ ਵਾਂਗ ਆ ਹੋ ਜਾਵੇਗੀ। PSPCL ਨੇ ਸਾਰੇ ਖਪਤਕਾਰਾਂ ਨੂੰ ਬੇਨਤੀ ਕਰਦਿਆਂ ਕਿਹਾ ਕਿ ਉਹ ਇਸ ਸੰਕਟ ਦੀ ਘੜੀ ਨੂੰ ਸਮਝਦਿਆਂ ਇਸ ਨਾਜ਼ੁਕ ਸਥਿਤੀ ਵਿੱਚ ਮਹਿਕਮੇ ਦੀ ਮਦਦ ਕਰਨ ਅਤੇ ਸ਼ਾਂਤੀ ਬਣਾਈ ਰੱਖਣ ਕਿਉਂਕਿ ਮਹਿਕਮੇ ਵੱਲੋਂ ਖਪਤਕਾਰਾਂ ਨੂੰ ਸਪਲਾਈ ਦੇਣ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ।

ਕੱਲ੍ਹ ਸੂਬੇ ਭਰ ਵਿੱਚ 7300 ਮੈਗਾਵਾਟ ਬਿਜਲੀ ਦੀ ਮੰਗ ਰਹੀ ਜਦਕਿ ਉਤਪਾਦਨ 4000 ਮੈਗਾਵਾਟ ਰਿਹਾ ਸੀ। ਸੂਬੇ ਵਿੱਚ ਇੱਕ ਤਰ੍ਹਾਂ ਨਾਲ ਹਾਹਾਕਾਰ ਮੱਚ ਗਈ ਹੈ। ਸ਼ਹਿਰਾਂ ਵਿੱਚ ਪਾਣੀ ਦੀ ਸਪਲਾਈ ‘ ਤੇ ਵੀ ਕੱਟ ਲੱਗਿਆ ਰਿਹਾ। ਜਿਹੋ ਜਿਹੇ ਬਿਜਲੀ ਦੇ ਹਾਲਾਤ ਚੱਲ ਰਹੇ ਹਨ, ਅਗਲੇ ਦਿਨਾਂ ਵਿੱਚ ਕੋਈ ਸੁਧਰਨ ਦੀ ਸੰਭਾਵਨਾ ਨਹੀਂ ਲੱਗਦੀ ਅਤੇ ਨਾ ਹੀ ਕੁੱਝ ਕੀਤੇ ਬਿਨਾਂ ਸਰਕਾਰ ਦੀ ਖਲਾਸੀ ਹੋਣ ਵਾਲੀ ਹੈ।