ਪਟਿਆਲਾ : ਰੋਡ ਰੇਜ ਮਾਮਲੇ ‘ਚ ਇੱਕ ਸਾਲ ਦੀ ਸਜ਼ਾ ਕੱਟ ਰਹੇ ਕਾਂਗਰਸੀ ਆਗੂ ਤੇ ਸਾਬਕਾ ਮੰਤਰੀ ਨਵਜੋਤ ਸਿੰਘ ਸਿੱਧੂ ਆਮ ਛੋਟ ਦੇ ਆਧਾਰ ‘ਤੇ 19 ਫਰਵਰੀ ਤੋਂ ਬਾਅਦ ਕਿਸੇ ਵੀ ਸਮੇਂ ਜੇਲ ‘ਚੋਂ ਬਾਹਰ ਆ ਸਕਦੇ ਹਨ। ਨਿਯਮਾਂ ਮੁਤਾਬਕ ਨਵਜੋਤ ਸਿੱਧੂ ਨੂੰ ਜੇਲ ਫੈਕਟਰੀ ‘ਚ ਕੰਮ ਕਰਨ ‘ਤੇ 60 ਦਿਨ ਅਤੇ ਚੰਗੇ ਵਿਵਹਾਰ ‘ਤੇ 30 ਦਿਨ ਦੀ ਛੋਟ ਮਿਲ ਸਕਦੀ ਹੈ।
ਇਹ ਸ਼ਕਤੀਆਂ ਜੇਲ੍ਹ ਸੁਪਰਡੈਂਟ ਦੇ ਅਧਿਕਾਰ ਖੇਤਰ ਵਿੱਚ ਹਨ। ਉਹ ਸੂਬਾ ਸਰਕਾਰ ਦੀ ਇਜਾਜ਼ਤ ਤੋਂ ਬਿਨਾਂ ਇਨ੍ਹਾਂ ਸ਼ਕਤੀਆਂ ਦੀ ਵਰਤੋਂ ਕਰਦਿਆਂ ਸਿੱਧੂ ਨੂੰ ਰਿਹਾਅ ਕਰ ਸਕਦੇ ਹਨ। ਹਾਲਾਂਕਿ, ਜੇਲ੍ਹ ਵਿਭਾਗ ਦੇ ਅਧਿਕਾਰੀ ਸਿੱਧੂ ਦੀ ਰਿਹਾਈ ਦੇ ਸਮੇਂ ਨੂੰ ਲੈ ਕੇ ਚੁੱਪ ਹਨ। ਰਿਪੋਰਟ ਵਿੱਚ ਸੂਤਰਾਂ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਸਿੱਧੂ ਨੂੰ ਜੇਲ੍ਹ ਵਿੱਚ ਕੰਮ ਕਰਨ ਅਤੇ ਚੰਗੇ ਵਿਵਹਾਰ ਦੇ ਦਿਨ ਜੋੜ ਕੇ 90 ਦਿਨਾਂ ਦੀ ਛੋਟ ਮਿਲ ਸਕਦੀ ਹੈ। ਸੁਪਰੀਮ ਕੋਰਟ ਵੱਲੋਂ ਦੋਸ਼ੀ ਕਰਾਰ ਦਿੱਤੇ ਜਾਣ ਤੋਂ ਬਾਅਦ 20 ਮਈ ਤੋਂ ਉਹ ਜੇਲ ਵਿੱਚ ਬੰਦ ਹਨ। 90 ਦਿਨਾਂ ਦੀ ਰਿਆਇਤ ਮਿਆਦ ਨੇ ਉਨ੍ਹਾਂ ਨੂੰ 19 ਫਰਵਰੀ ਤੋਂ ਰਿਹਾਈ ਲਈ ਯੋਗ ਬਣਾ ਦਿੱਤਾ ਹੈ।
ਇਸ ਤੋਂ ਪਹਿਲਾਂ ਪਿਛਲੇ ਮਹੀਨੇ ਵੀ ਉਸ ਦੀ ਰਿਹਾਈ ਦੀਆਂ ਖ਼ਬਰਾਂ ਆਈਆਂ ਸਨ, ਪਰ ਉਸ ਨੂੰ ਰਾਜ ਅਤੇ ਕੇਂਦਰੀ ਸਕੀਮਾਂ ਤਹਿਤ ਵਿਸ਼ੇਸ਼ ਛੋਟ ਨਹੀਂ ਮਿਲ ਸਕੀ ਸੀ। ਆਗਾਮੀ ਲੋਕ ਸਭਾ ਚੋਣਾਂ ਦੇ ਮੱਦੇਨਜ਼ਰ ਕਾਂਗਰਸ ਦੀਆਂ ਨਜ਼ਰਾਂ ਨਵਜੋਤ ਸਿੰਘ ਸਿੱਧੂ ਦੀ ਰਿਹਾਈ ‘ਤੇ ਟਿਕੀਆਂ ਹੋਈਆਂ ਹਨ।
ਉਨ੍ਹਾਂ ਦੇ ਸਮਰਥਕ ਉਨ੍ਹਾਂ ਨਾਲ ਆਪਣੀ ਵਫ਼ਾਦਾਰੀ ਦਿਖਾਉਣ ਲਈ ਜੇਲ੍ਹ ਵਿੱਚ ਵੀ ਉਨ੍ਹਾਂ ਨੂੰ ਮਿਲੇ ਹਨ। ਸਿੱਧੂ ਦੇ ਜੇਲ੍ਹ ਤੋਂ ਬਾਹਰ ਆਉਣ ਤੋਂ ਬਾਅਦ ਕਾਂਗਰਸ ਨੇਤਾਵਾਂ ਨੂੰ ਪਾਰਟੀ ਵਿੱਚ ਨਵੀਂ ਊਰਜਾ ਅਤੇ ਸੰਚਾਰ ਹੋਣ ਦੀ ਆਸ ਹੈ। ਜ਼ਿਕਰਯੋਗ ਹੈ ਕਿ ਨਵਜੋਤ ਸਿੰਘ ਸਿੱਧੂ ਦੇ ਜੇਲ੍ਹ ਜਾਣ ਤੋਂ ਬਾਅਦ ਸਾਬਕਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ, ਸਾਬਕਾ ਪ੍ਰਦੇਸ਼ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਸਮੇਤ ਕਈ ਵੱਡੇ ਨੇਤਾ ਭਾਜਪਾ ‘ਚ ਸ਼ਾਮਲ ਹੋ ਗਏ ਹਨ। ਅਜਿਹੇ ‘ਚ ਕਾਂਗਰਸ ਹਾਈਕਮਾਂਡ ਨੂੰ ਵੀ ਸਿੱਧੂ ਤੋਂ ਵੱਡੀਆਂ ਉਮੀਦਾਂ ਹਨ।