India Punjab

ਚੰਨੀ ਤੇ ਸਿੱਧੂ ਨੇ ਮੱਤਭੇਦ ਖਤਮ ਕਰਨ ਲਈ ਲਿਆ ਰੱਬ ਦਾ ਸਹਾਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਾਂਗਰਸ ਵਿਚਾਲੇ ਕਾਟੋ ਕਲੇਸ਼ ਦੇ ਚੱਲਦਿਆਂ ਅੱਜ ਮੁੱਖ ਮੰਤਰੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਪ੍ਰਧਾਨ ਦੀ ਜੋੜੀ ਇਕੱਠੀ ਨਜ਼ਰ ਆਈ। ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਪੰਜਾਬ ਪ੍ਰਦੇਸ਼ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਅੱਜ ਕੇਦਾਰਨਾਥ ਦੀ ਯਾਤਰਾ ਲਈ ਇਕੱਠੇ ਰਵਾਨਾ ਹੋਏ ਹਨ। ਉਹਨਾਂ ਦੇ ਨਾਲ ਪੰਜਾਬ ਕਾਂਗਰਸ ਮਾਮਲਿਆਂ ਦੇ ਇੰਚਾਰਜ ਹਰੀਸ਼ ਚੌਧਰੀ ਵੀ ਮੌਜੂਦ ਹਨ। ਉਹ ਹੈਲੀਕਾਪਟਰ ’ਤੇ ਦੇਹਰਾਦੂਨ ਲਈ ਰਵਾਨਾ ਹੋਏ ਹਨ। ਜਾਣਕਾਰੀ ਮੁਤਾਬਕ ਉਹ ਮੌਸਮ ਦੇ ਹਿਸਾਬ ਨਾਲ ਹੀ ਦੇਹਰਾਦੂਨ ਤੋਂ ਅੱਗੇ ਜਾਣਗੇ।

ਤੁਹਾਨੂੰ ਦੱਸ ਦਈਏ ਕਿ ਹਾਲੇ ਕੱਲ੍ਹ ਹੀ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਕੱਲ੍ਹ ਕੀਤੇ ਗਏ ਦੋ ਵੱਡੇ ਫੈਸਲਿਆਂ ‘ਤੇ ਉਂਗਲੀ ਚੁੱਕਦਿਆਂ ਆਪਣੀ ਹੀ ਸਰਕਾਰ ‘ਤੇ ਨਿਸ਼ਾਨੇ ਕੱਸੇ ਸਨ। ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਵਾਲੀ ਗਿਫਟ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਨੂੰ ਤੋਹਫੇ ਨਹੀਂ, ਰੋਡਮੈਪ ਦੀ ਲੋੜ ਹੈ। ਪੰਜਾਬ ਨੂੰ ਰੋਡਮੈਪ ਦੱਸਣਾ ਪਵੇਗਾ। ਸਿੱਧੂ ਨੇ ਕਿਹਾ ਕਿ ਆਖਰੀ ਦੋ ਮਹੀਨਿਆਂ ਵਿੱਚ ਲੌਲੀਪਾਪ ਵੰਡੇ ਜਾਂਦੇ ਹਨ। ਦੀਵਾਲੀ ਅਤੇ ਗਿਫਟ ਨਾਲ ਲੋਕਾਂ ਦਾ ਨਹੀਂ ਸਰਨਾ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰੋਡਮੈਪ ਦੇਣਾ ਪਵੇਗਾ ਕਿਉਂਕਿ ਦਿਵਾਲੀ ਦੇ ਗਿਫਟਾਂ ਨਾਲ ਪੰਜਾਬ ਦੇ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ। ਸਿੱਧੂ ਨੇ ਲੋਕਾਂ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਕੀ ਉਹ ਪੰਜਾਬ ਦੇ ਲਈ ਰੋਡਮੈਪ ਤਿਆਰ ਕਰਨ ਨੂੰ ਤਰਜੀਹ ਦਿੰਦੇ ਹਨ ਜਾਂ ਫਿਰ ਦਿਵਾਲੀ ਗਿਫਟਾਂ ਨਾਲ ਖੁਸ਼ ਹੋ ਕੇ ਵੋਟਾਂ ਪਾ ਦੇਣਗੇ। ਉਨ੍ਹਾਂ ਕਿਹਾ ਕਿ ਪੌਣੇ ਪੰਜ ਸਾਲ ਇੱਕ ਦੂਜੇ ਨੂੰ ਹਟਾਉਣ-ਲਗਾਉਣ ਦੀ ਗੱਲ ਚੱਲਦੀ ਰਹੀ ਅਤੇ ਆਖਰੀ ਦੋ ਮਹੀਨਿਆਂ ਵਿੱਚ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ।