Punjab

ਏਜੀ ਦਿਓਲ ਨੇ ਸੱਚੀ ‘ਚ ਅਸਤੀਫ਼ਾ ਦਿੱਤਾ ਸੀ !

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪੰਜਾਬ ਦੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਦੇ ਅਸਤੀਫੇ ਦੀ ਖ਼ਬਰ ਕੱਲ੍ਹ ਤੋਂ ਹੀ ਚਰਚਾ ਦਾ ਵਿਸ਼ਾ ਬਣੀ ਰਹੀ ਹੈ। ਜਾਣਕਾਰੀ ਮੁਤਾਬਕ ਦਿਓਲ ਦੇ ਅਸਤੀਫ਼ੇ ਨੂੰ ਲੈ ਕੇ ਸਰਕਾਰ ਅਤੇ ਪਾਰਟੀ ਵਿਚਾਲੇ ਡਰਾਮੇਬਾਜ਼ੀ ਹੁੰਦੀ ਰਹੀ ਹੈ ਅਤੇ ਅਸਤੀਫੇ ਨੂੰ ਮੁੱਖ ਮੰਤਰੀ ਚੰਨੀ ਨੇ ਅੱਜ ਕੈਬਨਿਟ ਦੀ ਮੀਟਿੰਗ ਪਿੱਛੋਂ ਸਵੀਕਾਰ ਕਰਨਾ ਸੀ ਪਰ ਪਾਰਟੀ ਪ੍ਰਧਾਨ ਨਵਜੋਤ ਸਿੰਘ ਸਿੱਧੂ, ਜੋ ਏਜੀ ਨੂੰ ਹਟਾਉਣ ਲਈ ਪਿਛਲੇ ਇੱਕ ਮਹੀਨੇ ਤੋਂ ਦਬਾਅ ਬਣਾ ਰਹੇ ਹਨ, ਦੇ ਅੱਜ ਆਪਣੀ ਹੀ ਸਰਕਾਰ ਵਿਰੁੱਧ ਬੋਲਣ ਨਾਲ ਮੁੱਖ ਮੰਤਰੀ ਚੰਨੀ ਨਾਰਾਜ਼ ਹੋ ਗਏ। ਉਨ੍ਹਾਂ ਦੇ ਨੇੜਲੇ ਸੂਤਰਾਂ ਦਾ ਕਹਿਣਾ ਹੈ ਕਿ ਕੈਬਨਿਟ ਦੀ ਮੀਟਿੰਗ ਦੌਰਾਨ ਹੀ ਸਿੱਧੂ ਦੀ ਵੀਡੀਓਜ਼ ਸਾਹਮਣੇ ਆ ਗਈਆਂ, ਜਿਸ ਕਾਰਨ ਮੁੱਖ ਮੰਤਰੀ ਨੇ ਐਡਵੋਕੇਟ ਜਨਰਲ ਦਾ ਅਸਤੀਫ਼ਾ ਸਵੀਕਾਰ ਕਰਨ ਸਬੰਧੀ ਮਨ ਬਦਲ ਲਿਆ। ਉਨ੍ਹਾਂ ਨੇ ਅਸਤੀਫ਼ਾ ਨਾਮਨਜ਼ੂਰ ਕਰ ਦਿੱਤਾ ਹਾਲਾਂਕਿ ਐਡਵੋਕੇਟ ਜਨਰਲ ਨੇ ਜਨਤਕ ਤੌਰ ’ਤੇ ਇਹੀ ਕਿਹਾ ਕਿ ਉਨ੍ਹਾਂ ਨੇ ਅਸਤੀਫ਼ਾ ਨਹੀਂ ਦਿੱਤਾ ਸੀ।

ਮੁੱਖ ਮੰਤਰੀ ਦੇ ਨੇੜਲੇ ਸੂਤਰਾਂ ਨੇ ਇਸ ਦੀ ਪੁਸ਼ਟੀ ਕੀਤੀ ਹੈ। ਪੰਜਾਬ ਦੇ ਐਡਵੋਕੇਟ ਜਨਰਲ ਏਪੀਐੱਸ ਦਿਓਲ ਸਵੇਰ ਤੋਂ ਹੀ ਫੋਨ ਨਹੀਂ ਚੁੱਕ ਰਹੇ ਸਨ ਜਦਕਿ ਸਾਰੇ ਮੀਡੀਆ ਵਾਲੇ ਉਨ੍ਹਾਂ ਦੇ ਅਸਤੀਫ਼ੇ ਦੀ ਖ਼ਬਰ ਦੀ ਪੁਸ਼ਟੀ ਕਰਵਾਉਣਾ ਚਾਹੁੰਦੇ ਸਨ। ਦਿਓਲ ਨੇ ਕਿਹਾ ਕਿ ਉਨ੍ਹਾਂ ਦੇ ਅਸਤੀਫ਼ੇ ਦੀ ਖ਼ਬਰ ਅਫ਼ਵਾਹ ਹੈ। ਉਨ੍ਹਾਂ ਕਿਹਾ ਕਿ ਨਾ ਤਾਂ ਉਨ੍ਹਾਂ ਦਾ ਕਿਸੇ ਨੇ ਅਸਤੀਫ਼ਾ ਮੰਗਿਆ ਅਤੇ ਨਾ ਹੀ ਉਨ੍ਹਾਂ ਨੇ ਕਿਸੇ ਤਰ੍ਹਾਂ ਦਾ ਅਸਤੀਫ਼ਾ ਦਿੱਤਾ ਹੈ। ਉਹ ਮੁੱਖ ਮੰਤਰੀ ਨੂੰ ਕੈਬਨਿਟ ਦੀ ਮੀਟਿੰਗ ਕਾਰਨ ਮਿਲਣ ਲਈ ਗਏ ਸਨ ਹਾਲਾਂਕਿ ਦਿਓਲ ਨੇ ਮੰਨਿਆ ਕਿ ਉਨ੍ਹਾਂ ਦੇ ਅਸਤੀਫ਼ੇ ਲਈ ਦਬਾਅ ਬਣਾਇਆ ਜਾ ਰਿਹਾ ਹੈ ਪਰ ਅਜਿਹਾ ਕੁੱਝ ਨਹੀਂ ਹੈ। ਏਜੀ ਨੇ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਉਨ੍ਹਾਂ ਦੇ ਅਸਤੀਫ਼ੇ ਦੀ ਅਫ਼ਵਾਹ ਦੀ ਚਰਚਾ ਕਿਸ ਤਰ੍ਹਾਂ ਚੱਲੀ ਹੈ।

ਜ਼ਿਕਰਯੋਗ ਹੈ ਕਿ ਨਵਜੋਤ ਸਿੱਧੂ ਏਪੀਐੱਸ ਦਿਓਲ ਨੂੰ ਐਡਵੋਕੇਟ ਜਨਰਲ ਲਾਉਣ ਦੇ ਸ਼ੁਰੂ ਤੋਂ ਹੀ ਵਿਰੁੱਧ ਹਨ। ਉਨ੍ਹਾਂ ਦਾ ਕਹਿਣਾ ਹੈ ਕਿ ਉਹ ਬਰਗਾੜੀ ਮਾਮਲੇ ’ਚ ਮੁਲਜ਼ਮ ਸਾਬਕਾ ਡੀਜੀਪੀ ਸੁਮੇਧ ਸੈਣੀ ਦੇ ਵਕੀਲ ਰਹੇ ਹਨ। ਅਜਿਹੇ ’ਚ ਉਹ ਇਸ ਮਾਮਲੇ ’ਚ ਸਰਕਾਰ ਨੂੰ ਇਨਸਾਫ਼ ਕਿਸ ਤਰ੍ਹਾਂ ਦਿਵਾ ਸਕਦੇ ਹਨ। ਆਪਣੀ ਇਸ ਨਾਰਾਜ਼ਗੀ ਨੂੰ ਲੈ ਕੇ ਸਿੱਧੂ ਨੇ ਪ੍ਰਧਾਨਗੀ ਦੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਸੀ ਪਰ ਹਾਈ ਕਮਾਨ ਦੇ ਮਨਾਉਣ ਪਿੱਛੋਂ ਉਹ ਇਸ ਗੱਲ ’ਤੇ ਰਾਜ਼ੀ ਹੋ ਗਏ ਸਨ ਕਿ ਏਜੀ ਨੂੰ ਹਟਾਇਆ ਜਾਵੇ। ਅੱਜ ਉਨ੍ਹਾਂ ਕੋਲ ਇਹ ਮੌਕਾ ਸੀ ਪਰ ਬਿਜਲੀ ਦੀਆਂ ਦਰਾਂ ਘੱਟ ਕਰਨ ’ਤੇ ਜਿਸ ਤਰੀਕੇ ਨਾਲ ਤਿੱਖੀਆਂ ਟਿੱਪਣੀਆਂ ਕੀਤੀਆਂ, ਉਸ ਨਾਲ ਪਾਰਟੀ ਵੀ ਉਨ੍ਹਾਂ ਤੋਂ ਨਾਰਾਜ਼ ਹੈ।

ਦਰਅਸਲ, ਕੱਲ੍ਹ ਨਵਜੋਤ ਸਿੰਘ ਸਿੱਧੂ ਨੇ ਪੰਜਾਬ ਸਰਕਾਰ ਵੱਲੋਂ ਕੱਲ੍ਹ ਕੀਤੇ ਗਏ ਦੋ ਵੱਡੇ ਫੈਸਲਿਆਂ ‘ਤੇ ਉਂਗਲੀ ਚੁੱਕਦਿਆਂ ਆਪਣੀ ਹੀ ਸਰਕਾਰ ‘ਤੇ ਨਿਸ਼ਾਨੇ ਕੱਸੇ ਸਨ। ਸਿੱਧੂ ਨੇ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਦਿਵਾਲੀ ਗਿਫਟ ਉੱਤੇ ਨਿਸ਼ਾਨਾ ਕੱਸਦਿਆਂ ਕਿਹਾ ਕਿ ਪੰਜਾਬ ਨੂੰ ਤੋਹਫੇ ਨਹੀਂ, ਰੋਡਮੈਪ ਦੀ ਲੋੜ ਹੈ। ਪੰਜਾਬ ਨੂੰ ਰੋਡਮੈਪ ਦੱਸਣਾ ਪਵੇਗਾ। ਸਿੱਧੂ ਨੇ ਕਿਹਾ ਕਿ ਆਖਰੀ ਦੋ ਮਹੀਨਿਆਂ ਵਿੱਚ ਲੌਲੀਪਾਪ ਵੰਡੇ ਜਾਂਦੇ ਹਨ। ਦੀਵਾਲੀ ਅਤੇ ਗਿਫਟ ਨਾਲ ਲੋਕਾਂ ਦਾ ਨਹੀਂ ਸਰਨਾ। ਸਿੱਧੂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਨੂੰ ਰੋਡਮੈਪ ਦੇਣਾ ਪਵੇਗਾ ਕਿਉਂਕਿ ਦਿਵਾਲੀ ਦੇ ਗਿਫਟਾਂ ਨਾਲ ਪੰਜਾਬ ਦੇ ਲੋਕਾਂ ਨੇ ਵੋਟਾਂ ਨਹੀਂ ਪਾਉਣੀਆਂ। ਸਿੱਧੂ ਨੇ ਲੋਕਾਂ ਤੋਂ ਸਵਾਲ ਪੁੱਛਦਿਆਂ ਕਿਹਾ ਕਿ ਕੀ ਉਹ ਪੰਜਾਬ ਦੇ ਲਈ ਰੋਡਮੈਪ ਤਿਆਰ ਕਰਨ ਨੂੰ ਤਰਜੀਹ ਦਿੰਦੇ ਹਨ ਜਾਂ ਫਿਰ ਦਿਵਾਲੀ ਗਿਫਟਾਂ ਨਾਲ ਖੁਸ਼ ਹੋ ਕੇ ਵੋਟਾਂ ਪਾ ਦੇਣਗੇ। ਉਨ੍ਹਾਂ ਕਿਹਾ ਕਿ ਪੌਣੇ ਪੰਜ ਸਾਲ ਇੱਕ ਦੂਜੇ ਨੂੰ ਹਟਾਉਣ-ਲਗਾਉਣ ਦੀ ਗੱਲ ਚੱਲਦੀ ਰਹੀ ਅਤੇ ਆਖਰੀ ਦੋ ਮਹੀਨਿਆਂ ਵਿੱਚ ਵੱਡੇ-ਵੱਡੇ ਐਲਾਨ ਕੀਤੇ ਜਾਂਦੇ ਹਨ।