India

ਤਿਹਾੜ ਜੇਲ੍ਹ ‘ਚੋਂ ਰਿਹਾਅ ਹੋਏ ਨਵਦੀਪ ਸਿੰਘ

‘ਦ ਖ਼ਾਲਸ ਬਿਊਰੋ :- ਕਿਸਾਨੀ ਅੰਦੋਲਨ ਦੌਰਾਨ ਮੋਗਾ ਜ਼ਿਲ੍ਹ ਦੇ ਪਿੰਡ ਤਤਾਰੀਏਵਾਲਾ ਦੇ 11 ਨੌਜਵਾਨਾਂ ਨੂੰ ਟਰੈਕਟਰ ਰੈਲੀ ਦੌਰਾਨ ਤਿਹਾੜ ਜੇਲ੍ਹ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਇਨ੍ਹਾਂ ਨੌਜਵਾਨਾਂ ਵਿੱਚੋਂ 17 ਸਾਲਾ ਨਵਦੀਪ ਸਿੰਘ ਤਿਹਾੜ ਜੇਲ੍ਹ ਤੋਂ ਰਿਹਾਅ ਹੋ ਕੇ ਆਪਣੇ ਪਿੰਡ ਵਾਪਿਸ ਪਰਤ ਆਇਆ ਹੈ। ਨਵਦੀਪ ਸਿੰਘ ਨੇ ਦੱਸਿਆ ਕਿ 23 ਜਨਵਰੀ ਨੂੰ ਅਸੀਂ ਟਰੈਕਟਰ ਪਰੇਡ ਲਈ ਟਿਕਰੀ ਬਾਰਡਰ ‘ਤੇ ਚਲੇ ਗਏ ਸੀ। 26 ਜਨਵਰੀ ਨੂੰ ਸਵੇਰੇ ਟਰੈਕਟਰ ਪਰੇਡ ਸ਼ੁਰੂ ਕੀਤੀ ਗਈ। ਟਰੈਕਟਰ ਪਰੇਡ ਦੌਰਾਨ ਸਾਡੇ ਟਰੈਕਟਰ ਵਿੱਚ ਤਕਨੀਕੀ ਖਰਾਬੀ ਹੋਣ ਕਰਕੇ ਅਸੀਂ ਬਾਕੀ ਕਾਫਲੇ ਨਾਲੋਂ ਵਿਛੜ ਗਏ।

ਉਸ ਤੋਂ ਬਾਅਦ ਸਾਨੂੰ ਰਾਹ ਦਾ ਪਤਾ ਨਹੀਂ ਲੱਗਾ। ਰਾਹ ਦਾ ਪਤਾ ਨਾ ਲੱਗਣ ਕਾਰਨ ਅਸੀਂ ਪੀਰਾਗੜ੍ਹੀ ਚੌਂਕ ਨੂੰ ਚਲੇ ਗਏ, ਉੱਥੇ ਬਹੁਤ ਸਾਰੀ ਫੋਰਸ ਸੀ, ਜੋ ਸਾਨੂੰ ਤਿੰਨ ਟਰੈਕਟਰਾਂ ਨੂੰ ਥਾਣੇ ਲੈ ਗਈ। ਰਾਤ ਦੇ ਕਰੀਬ 1 – 2 ਵਜੇ ਸਾਨੂੰ ਰੋਟੀ ਖੁਆ ਕੇ ਅਗਲੇ ਥਾਣੇ ਸ਼ਿਫਟ ਕਰ ਦਿੱਤਾ ਗਿਆ। ਅਗਲੇ ਦਿਨ ਸਾਨੂੰ ਨੰਗਲੋਈ ਥਾਣੇ ਵਿੱਚ ਸ਼ਿਫਟ ਕੀਤਾ ਗਿਆ। ਫਿਰ ਮੈਨੂੰ ਬਾਕੀ ਲੋਕਾਂ ਨਾਲੋਂ ਵੱਖ ਕਰ ਦਿੱਤਾ ਗਿਆ ਸੀ ਅਤੇ ਬਾਅਦ ਵਿੱਚ ਛੱਡ ਦਿੱਤਾ ਸੀ। ਮੈਂ 30 ਜਨਵਰੀ ਨੂੰ ਵਾਪਿਸ ਆਇਆ ਹਾਂ। ਪੁਲਿਸ ਵੱਲੋਂ ਸਾਨੂੰ ਰੋਟੀ-ਪਾਣੀ ਸਾਰਾ ਕੁੱਝ ਵਧੀਆ ਦਿੱਤਾ ਗਿਆ ਸੀ। ਨਵਦੀਪ ਸਿੰਘ ਨੇ ਕਿਹਾ ਕਿ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਗਿਆ ਹੈ, ਜਿਸ ਲਈ ਸਰਕਾਰ ਨੂੰ ਝੁਕਣਾ ਪਵੇਗਾ।