India

ਭਾਰਤ-ਇੰਡੋਨੇਸ਼ੀਆ ਸਾਂਝੇ ਸੁਰੱਖਿਆ ਸਮਝੌਤੇ ‘ਤੇ ਹੋਏ ਰਾਜ਼ੀ, ਸਮੁੰਦਰੀ ਸੁਰੱਖਿਆ ਹੋਵੇਗੀ ਮਜਬੂਤ

‘ਦ ਖ਼ਾਲਸ ਬਿਊਰੋ :- 27 ਜੁਲਾਈ ਨੂੰ ਭਾਰਤ ਤੇ ਇੰਡੋਨੇਸ਼ੀਆ ਦੋਹਾਂ ਦੇਸ਼ਾਂ ਵਿਚਾਲੇ ਰੱਖਿਆ ਸਨਅਤ ਤੇ ਤਕਨਾਲੋਜੀ ਸਾਂਝੀ ਕਰਨ ਸਮੇਤ ਵੱਖ-ਵੱਖ ਖੇਤਰਾਂ ‘ਚ ਸੁਰੱਖਿਆ ਸਹਿਯੋਗ ਨੂੰ ਬੜ੍ਹਾਵਾ ਦੇਣ ਦੀ ਇੱਛਾ ਜ਼ਾਹਿਰ ਕੀਤੀ ਗਈ ਹੈ। ਦੋਵੇਂ ਸਮੁੰਦਰੀ ਗੁਆਂਢੀ ਮੁਲਕ ਆਪਣੇ ਰਣਨੀਤਕ ਭਾਈਵਾਲ ਨੂੰ ਇੱਕ ਨਵੇਂ ਮੁਕਾਮ ’ਤੇ ਪਹੁੰਚਾਉਣ ਲਈ ਰੱਖਿਆ ਸਮਝੌਤੇ ਨੂੰ ਵਧਾਉਣ ਵੱਲ ਵੱਧ ਰਹੇ ਹਨ। ਸਰਕਾਰੀ ਅਧਿਕਾਰੀਆਂ ਮੁਤਾਬਿਕ ਭਾਰਤ ਦੇ ਰੱਖਿਆ ਮੰਤਰੀ ਰਾਜਨਾਥ ਸਿੰਘ ਤੇ ਇੰਡੋਨੇਸ਼ੀਆ ਦੇ ਹਮਰੁਤਬਾ ਜਨਰਲ ਪ੍ਰਬੋਵੋ ਸੁਬਿਆਂਤੋ ਵਿਚਕਾਰ ਇਹ ਵਾਰਤਾਲਾਪ ਹੋਈ।

26 ਜੁਲਾਈ ਨੂੰ ਇੰਡੋਨੇਸ਼ੀਆ ਦੇ ਜਨਰਲ ਸੁਬਿਆਂਤੋ ਗੱਲਬਾਤ ਲਈ ਨਵੀਂ ਦਿੱਲੀ ਪਹੁੰਚੇ। ਸੂਤਰਾਂ ਅਨੁਸਾਰ ਰਾਜਨਾਥ ਅਤੇ ਸੁਬਿਆਂਤੋ ‘ਚ ਹੋਈ ਗੱਲਬਾਤ ਦੌਰਾਨ ਸੰਭਾਵੀ ਤੌਰ ’ਤੇ ਬ੍ਰਹਮੋਜ਼ ਸਮੁੰਦਰੀ ਜਹਾਜ਼ ਦੀ ਮਿਜ਼ਾਈਲ ਦੀ ਭਾਰਤ ਵੱਲੋਂ ਇੰਡੋਨੇਸ਼ੀਆ ਨਾਲ ਬਰਾਮਦ ਤੇ ਸਮੁੰਦਰੀ ਸੁਰੱਖਿਆ ਸਹਿਯੋਗ ਹੋਰ ਡੂੰਘਾ ਕਰਨ ਦਾ ਰਾਹ ਪੱਧਰਾ ਕਰਨ ਬਾਰੇ ਚਰਚਾ ਹੋਈ।

ਰੱਖਿਆ ਮੰਤਰਾਲੇ ਵੱਲੋਂ ਜਾਰੀ ਬਿਆਨ ਵਿੱਚ ਕਿਹਾ ਗਿਆ, ‘‘ਆਪਸੀ ਸਮਝੌਤੇ ਵਾਲੇ ਖੇਤਰਾਂ ‘ਚ ਦੋਵੇਂ ਦੇਸ਼ ਦੁਵੱਲੇ ਰੱਖਿਆ ਸਹਿਯੋਗ ਵਧਾਉਣ ਲਈ ਰਾਜ਼ੀ ਹੋਏ ਹਨ। ਰੱਖਿਆ ਸਨਅਤ ਤੇ ਤਕਨਾਲੋਜੀ ‘ਚ ਵੀ ਸਹਿਯੋਗੀ ਖੇਤਰਾਂ ਦੀ ਪਛਾਣ ਕੀਤੀ ਗਈ। ਦੋਵੇਂ ਆਗੂਆਂ ਨੇ ਉਕਤ ਖੇਤਰਾਂ ‘ਚ ਦੁਵੱਲਾ ਸਹਿਯੋਗ ਮਜ਼ਬੂਤ ਕਰਨ ਦਾ ਭਰੋਸਾ ਦਿੱਤਾ।