ਬਿਊਰੋ ਰਿਪੋਰਟ : ਨਕੋਦਰ ਦੇ ਕੱਪੜਾ ਵਪਾਰੀ ਟਿਮੀ ਚਾਵਲਾ ਅਤੇ ਪੰਜਾਬ ਪੁਲਿਸ ਦੇ ਸੁਰੱਖਿਆ ਮੁਲਾਜ਼ਮ ਮਨਦੀਪ ਸਿੰਘ ਦੇ ਕਤਲ ਨੂੰ ਪੰਜਾਬ ਪੁਲਿਸ ਨੇ ਸੁਲਝਾਉਣ ਦਾ ਦਾਅਵਾ ਕੀਤਾ ਹੈ। ਡੀਜੀਪੀ ਗੌਰਵ ਯਾਦਵ ਨੇ ਆਪ ਪੀਸੀ ਕਰਕੇ ਇਸ ਦਾ ਖੁਲਾਸਾ ਕੀਤਾ ਹੈ । ਡੀਜੀਪੀ ਮੁਤਾਬਿਕ ਨਕੋਦਰ ਦੇ ਟਿਮੀ ਚਾਵਲਾ ਦੇ ਕਤਲ ਦਾ ਪਲਾਨ ਅਮਰੀਕਾ ਵਿੱਚ ਬੈਠੇ ਅਮਨਦੀਪ ਸਿੰਘ ਪੂਰੇਵਾਲ ਨੇ ਬਣਾਇਆ ਸੀ । ਜਦਕਿ ਇਸ ਨੂੰ ਅੰਜਾਮ ਪੂਰੇਵਾਲ ਦੇ ਖਾਸ ਸਾਥੀ ਗੁਰਵਿੰਦਰ ਸਿੰਘ ਜਿੰਦਾ ਨੇ ਆਪਣੇ ਗਰੁੱਪ ਨਾਲ ਮਿਲ ਕੇ ਦਿੱਤਾ ਸੀ । ਗੁਰਵਿੰਦਰ ਸਿੰਘ ਜਿੰਦਾ ਮਾਲੜੀ ਪਿੰਡ ਦਾ ਰਹਿਣ ਵਾਲਾ ਹੈ । ਡੀਜੀਪੀ ਮੁਤਾਬਿਕ ਇਸ ਕਤਲਕਾਂਡ ਨੂੰ ਨਵੇਂ ਗੈਂਗਸਟਰ ਗਰੁੱਪ ਨੇ ਅੰਜਾਮ ਦਿੱਤਾ ਹੈ ਜਿਸ ਦਾ ਪਹਿਲਾਂ ਕਦੇ ਵੀ ਕਿਸੇ ਕੇਸ ਵਿੱਚ ਨਾਂ ਨਹੀਂ ਸੀ । ਪੁਲਿਸ ਨੇ ਦਾਅਵਾ ਕੀਤਾ ਹੈ ਕਿ ਵਾਇਸ ਸੈਂਪਲ ਦੇ ਜ਼ਰੀਏ ਸਾਰੀਆਂ ਸਾਜਿਸ਼ ਦਾ ਪਰਦਾ ਫਾਸ਼ ਹੋਇਆ ਹੈ ਅਤੇ ਕਤਲ ਨੂੰ ਅੰਜਾਮ ਦੇਣ ਵਾਲੇ 5 ਵਿੱਚੋਂ 3 ਸ਼ੂਟਰ ਨੂੰ ਗਿਰਫ਼ਤਾਰ ਕਰ ਲਿਆ ਗਿਆ ਹੈ ਜਦਕਿ 2 ਦੀ ਭਾਲ ਜਾਰੀ ਹੈ। ਫੜੇ ਗਏ ਤਿੰਨੋ ਮੁਲਜ਼ਮ ਬਠਿੰਡਾ ਦੇ ਰਹਿਣ ਵਾਲੇ ਹਨ ਅਤੇ ਉਨ੍ਹਾਂ ਦੀ ਉਮਰ 18 ਤੋਂ 20 ਦੇ ਵਿੱਚ ਦੱਸੀ ਜਾ ਰਹੀ ਹੈ।
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ 1 ਅਤੇ 8 ਨਵੰਬਰ ਨੂੰ ਟਿਮੀ ਚਾਵਲਾ ਨੂੰ ਫਿਰੌਤੀ ਦੀ ਕਾਲ ਆਈ ਸੀ ਜਿਸ ਤੋਂ ਬਾਅਦ ਪੰਜਾਬ ਪੁਲਿਸ ਨੇ ਸੁਰੱਖਿਆ ਦੇ ਲਈ ਮਨਦੀਪ ਸਿੰਘ ਨੂੰ ਲਗਾਇਆ ਸੀ । 7 ਦਸੰਬਰ ਨੂੰ ਟਿਮੀ ਚਾਵਲਾ ‘ਤੇ ਹਮਲਾ ਹੋਇਆ ਤਾਂ ਟਿਮੀ ਦੇ ਨਾਲ ਮਨਦੀਪ ਸਿੰਘ ਦਾ ਗੋਲੀਆਂ ਲੱਗਣ ਨਾਲ ਦੇਹਾਂਤ ਹੋ ਗਿਆ ਸੀ । ਪੁਲਿਸ ਨੇ ਜਦੋਂ ਧਮਕੀ ਵਾਲੇ ਫੋਨ ਦੀ ਵਾਇਸ ਜਾਂਚ ਕੀਤੀ ਤਾਂ ਅਮਨਦੀਪ ਸਿੰਘ ਪੂਰੇਵਾਲ ਅਤੇ ਗੁਰਵਿੰਦਰ ਸਿੰਘ ਜਿੰਦਾ ਦਾ ਨਾਂ ਸਾਹਮਣੇ ਆਇਆ । ਅਮਨਦੀਪ ਦੇ ਕਹਿਣ ‘ਤੇ ਗੁਰਵਿੰਦਰ ਸਿੰਘ ਨੇ ਅਮਰੀਕ ਸਿੰਘ ਅਤੇ ਸਾਜਨ ਨਾਂ ਦੇ ਸ਼ਖ਼ਸ ਨੂੰ ਟਿਮੀ ਦੀ ਰੇਕੀ ਦੇ ਲਈ ਭੇਜਿਆ ।ਰੇਕੀ ਦੌਰਾਨ ਸਫਾਰੀ ਅਤੇ ਸਕੋਰਪਿਊ ਕਾਰ ਵਰਤੀ ਗਈ ਸੀ,ਸਫਾਰੀ ਨੂੰ ਪੁਲਿਸ ਨੇ ਰਿਕਵਰ ਕਰ ਲਿਆ ਹੈ ।ਡੀਜੀਪੀ ਮੁਤਾਬਿਕ ਗੁਰਵਿੰਦਰ ਨੇ ਹੀ ਗੈਰ ਕਾਨੂੰਨੀ ਤਰੀਕੇ ਦੇ ਨਾਲ 30 ਬੋਰ ਦੀਆਂ ਪਿਸਤੌਲਾਂ 5 ਸ਼ੂਟਰਾਂ ਨੂੰ ਦਿੱਤੀਆਂ ਜਿਸ ਦੇ ਜ਼ਰੀਏ ਟਿਮੀ ਚਾਵਲਾ ਅਤੇ ਪੰਜਾਬ ਪੁਲਿਸ ਦੇ ਮੁਲਾਜ਼ਮ ਮਨਦੀਪ ਸਿੰਘ ਨੂੰ ਨਿਸ਼ਾਨ
ਬਣਾਇਆ ਗਿਆ ਹੈ । ਪੁਲਿਸ ਨੇ 1 ਪਿਸਤੌਲ ਨੂੰ ਬਰਾਮਦ ਕਰ ਲਿਆ ਹੈ । ਡੀਜੀਪੀ ਮੁਤਾਬਿਕ ਉਨ੍ਹਾਂ ਮੋਟਰਸਾਈਕਲਾਂ ਦੀ ਵੀ ਤਲਾਸ਼ ਕਰ ਰਹੀ ਹੈ ਜਿਸ ਦੇ ਜ਼ਰੀਏ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਹੈ । ਗੋਲੀ ਚਲਵਾਉਣ ਵਾਲੇ 5 ਵਿੱਚੋਂ ਜਿੰਨਾਂ 3 ਸ਼ੂਟਰਾਂ ਨੂੰ ਗਿਰਫ਼ਤਾਰ ਕੀਤਾ ਹੈ ਉਨ੍ਹਾਂ ਦਾ ਨਾਂ ਖੁਸ਼ਕਰਨ ਸਿੰਘ,ਕਮਲਦੀਪ ਸਿੰਘ,ਮਾਂਗਾ ਸਿੰਘ ਹੈ ਅਤੇ ਸਾਰੇ ਬਠਿੰਡਾ ਦੇ ਰਹਿਣ ਵਾਲੇ ਹਨ। ਇਸ ਤੋਂ ਇਲਾਵਾ ਇੰਨਾਂ ਦੇ 2 ਹੋਰ ਸਾਥੀ ਸਤਪਾਲ ਉਰਫ ਸਾਜਨ,ਠਾਕੁਰ ਫਰਾਹ ਹਨ ਜਿੰਨਾਂ ਨੂੰ ਜਲਦ ਫੜਨ ਦਾ ਦਾਅਵਾ ਕੀਤਾ ਗਿਆ ਹੈ । ਕਤਲ ਦੀ ਵਾਰਦਾਤ ਨੂੰ ਅੰਜਾਮ ਦੇਣ ਵਾਲੇ ਮੁਲਜ਼ਮਾਂ ਦੀ ਉਮਰੀ 18 ਤੋਂ 20 ਦੇ ਵਿੱਚ ਦੱਸੀ ਜਾ ਰਹੀ ਹੈ । ਉਧਰ ਡੀਜੀਪੀ ਨੇ ਤਰਨਤਾਰਨ ਦੇ RPG ਅਟੈਕ ਨੂੰ ਲੈਕੇ ਵੀ ਵੱਡਾ ਖੁਲਾਸਾ ਕੀਤਾ ਹੈ
ਡੀਜੀਪੀ ਗੌਰਵ ਯਾਦਵ ਨੇ ਦੱਸਿਆ ਕਿ RPG ਅਟੈਕ ਦੇ ਮਾਸਟਰ ਮਾਇੰਡ ਦੀ ਪਛਾਣ ਹੋ ਗਈ ਹੈ ਪਰ ਸੁਰੱਖਿਆ ਕਾਰਨਾਂ ਦੀ ਵਜ੍ਹਾ ਕਰਕੇ ਇਸ ‘ਤੇ ਕੁਝ ਵੀ ਫਿਲਹਾਲ ਨਹੀਂ ਦੱਸਿਆ ਜਾ ਸਕਦਾ ਹੈ। ਉਨ੍ਹਾਂ ਨੇ ਦਾਅਵਾ ਕੀਤਾ ਕਿ ਇਹ ਪੂਰਾ ਸਾਜਿਸ਼ ਪਾਕਿਸਤਾਨ ਤੋਂ ਰੱਚੀ ਗਈ ਹੈ। ਭਾਰਤ ਦੇ ਹੈਂਡਰਾਂ ਨੂੰ ਸਾਜਿਸ਼ ਦੀ ਜ਼ਿੰਮੇਵਾਰੀ ਸੌਂਪੀ ਗਈ ਅਤੇ ਹਥਿਆਰ ਪਾਕਿਸਤਾਨ ਤੋਂ ਦਿੱਤੇ ਗਏ ਸਨ ।