ਪਟਿਆਲਾ : ਨਾਇਬ ਤਹਿਸੀਲਦਾਰਾਂ ਦੀ ਭਰਤੀ ਦੇ ਘੁਟਾਲੇ ਦਾ ਮਾਮਲਾ ਹੁਣ ਸਪੱਸ਼ਟ ਹੋ ਗਿਆ ਹੈ। ਪੇਪਰ ਲੀਕ ਕਰ ਕੇ ਨਕਲ ਕਰਵਾਉਣ ਤੇ ਨਕਲ ਲਈ ਆਧੁਨਿਕ ਤਕਨੀਕ ਦੀ ਵਰਤੋਂ ਸਾਹਮਣੇ ਆਈ ਹੈ। ਇਸ ਲਈ ਵਾਇਰਲੈੱਸ ਕੈਮਰਿਆਂ ਤੇ ਮੋਬਾਈਲ ਫੋਨ ਦੇ ਸਿਮ ਕਾਰਡ ਦੇ ਅਕਾਰ ਦੀ ‘ਜੀਐੱਸਐਮ’ ਨਾਮਕ ਡਿਵਾਈਸ ਮੁੱਖ ਰੂਪ ’ਚ ਵਰਤੀ ਗਈ ਦੱਸੀ ਜਾ ਰਹੀ ਹੈ।
ਪਟਿਆਲਾ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ, ਐੱਸਐੱਸਪੀ ਵਰੁਣ ਸ਼ਰਮਾ ਤੇ ਹੋਰ ਪੁਲਿਸ ਅਧਿਕਾਰੀਆਂ ਨੇ ਬੀਤੇ ਦਿਨ ਇਸ ਬਾਰੇ ਮੀਡੀਆ ਨੂੰ ਜਾਣਕਾਰੀ ਦਿੱਤੀ। ਟ੍ਰਿਬਿਊਨ ਦੀ ਰਿਪੋਰਟ ਮੁਤਾਬਿਕ ਨਕਲ ਕਰਵਾ ਕੇ ਨਾਇਬ ਤਹਿਸੀਲਦਾਰ ਭਰਤੀ ਹੋਣ ਯੋਗ ਅੰਕ ਯਕੀਨੀ ਬਣਾਉਣ ਲਈ ਪ੍ਰਤੀ ਉਮੀਦਵਾਰ 22 ਲੱਖ ਰੁਪਏ ’ਚ ਸੌਦਾ ਕੀਤਾ ਗਿਆ ਸੀ।
ਪਟਿਆਲਾ ਪੁਲਿਸ ਨੇ ਇਸ ਮਾਮਲੇ ਦੀ ਤਹਿ ਤੱਕ ਜਾਂਦਿਆਂ ਪੰਜ ਜਣਿਆਂ ਨੂੰ ਗ੍ਰਿਫ਼ਤਾਰ ਕੀਤਾ ਹੈ ਤੇ ਉਨ੍ਹਾਂ ਦੇ ਕਬਜ਼ੇ ਵਿਚੋਂ ਉਹ ਇਲੈਕਟ੍ਰੌਨਿਕ ਉਪਕਰਨ ਬਰਾਮਦ ਕਰ ਲਏ ਗਏ ਹਨ ਜੋ ਨਾਇਬ ਤਹਿਸੀਲਦਾਰਾਂ ਦੇ ਇਮਤਿਹਾਨ ਦੌਰਾਨ ਨਕਲ ਕਰਵਾਉਣ ਲਈ ਵਰਤੇ ਗਏ ਸਨ।
ਕੀ ਹੈ ਸਾਰਾ ਮਾਮਲਾ
ਜ਼ਿਕਰਯੋਗ ਹੈ ਕਿ ‘ਆਪ’ ਸਰਕਾਰ ਵੱਲੋਂ ਸੱਤਾ ਸੰਭਾਲਦਿਆਂ ਹੀ ਨਾਇਬ ਤਹਿਸੀਲਦਾਰਾਂ ਦੀਆਂ 78 ਆਸਾਮੀਆਂ ਲਈ 22 ਮਈ 2022 ਨੂੰ ਪੰਜਾਬ ’ਚ ਵੱਖ-ਵੱਖ ਥਾਵਾਂ ’ਤੇ ਪ੍ਰੀਖਿਆ ਕੇਂਦਰ ਬਣਾ ਕੇ ਲਿਖਤੀ ਇਮਤਿਹਾਨ ਲਿਆ ਗਿਆ ਸੀ। ਇਸ ਦਾ ਨਤੀਜਾ 8 ਸਤੰਬਰ 2022 ਨੂੰ ਐਲਾਨਿਆ ਗਿਆ। ਇਸ ਮਾਮਲੇ ਦੀ ਜਾਂਚ ਕਈ ਜ਼ਿਲ੍ਹਿਆਂ ਦੀ ਪੁਲਿਸ ਵੱਲੋਂ ਕੀਤੀ ਗਈ ਸੀ।
ਪਟਿਆਲਾ ਪੁਲਿਸ ਤੇ ਕਾਊਂਟਰ ਇੰਟੈਲੀਜੈਂਸ ਵੱਲੋਂ ਇਸ ਮਾਮਲੇ ਨੂੰ ਬਾਰੀਕੀ ਨਾਲ਼ ਘੋਖਣ ਉਤੇ ਸਾਹਮਣੇ ਆਇਆ ਕਿ ਇਸ ਇਮਤਿਹਾਨ ਦੌਰਾਨ ਕੁਝ ਉਮੀਦਵਾਰਾਂ ਨੇ ਬੜੇ ਹੀ ਯੋਜਨਾਬੱਧ ਢੰਗ ਨਾਲ ਆਧੁਨਿਕ ਤਕਨੀਕ ਦੀ ਵਰਤੋਂ ਕਰਦਿਆਂ ਨਕਲ ਮਾਰ ਕੇ ਪੇਪਰ ਪਾਸ ਕੀਤਾ ਹੈ।
ਅਜਿਹੇ ਉਮੀਦਵਾਰਾਂ ’ਚ ਪਹਿਲੇ ਦਸ ਨੰਬਰਾਂ ’ਤੇ ਆਉਣ ਵਾਲੇ ਕੁਝ ਉਮੀਦਵਾਰ ਵੀ ਸ਼ਾਮਲ ਦੱਸੇ ਗਏ ਹਨ। ਇਸ ਮਾਮਲੇ ਵਿਚ ਥਾਣਾ ਕੋਤਵਾਲੀ ਪਟਿਆਲਾ ’ਚ ਕੇਸ ਦਰਜ ਕੀਤਾ ਗਿਆ ਸੀ।
ਇਨਾਂ ਨੂੰ ਕੀਤਾ ਗ੍ਰਿਫ਼ਤਾਰ, ਉਮੀਦਵਾਰਾਂ ਨਾਲ 20-22 ਲੱਖ ਦਾ ਸੌਦ
ਪੁਲਿਸ ਨੇ ਇਸ ਮਾਮਲੇ ਵਿਚ ਪਟਿਆਲਾ ਦੇ ਪਿੰਡ ਦੇਧਨਾ ਵਾਸੀ ਨਵਰਾਜ ਚੌਧਰੀ ਤੇ ਗੁਰਪ੍ਰੀਤ ਸਿੰਘ ਤੇ ਪਟਿਆਲਾ ਦੇ ਹੀ ਪਿੰਡ ਭੁੱਲਾਂ ਦੇ ਜਤਿੰਦਰ ਸਿੰਘ ਸਮੇਤ ਹਰਿਆਣਾ ਦੇ ਪਿੰਡ ਰਮਾਣਾ-ਰਾਮਾਣੀ ਦੇ ਵਸਨੀਕ ਸੋਨੂੰ ਕੁਮਾਰ ਅਤੇ ਨਛੜ ਖੇੜਾ ਦੇ ਵਰਜਿੰਦਰ ਸਿੰਘ ਨੂੰ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਪੇਪਰ ਪਾਸ ਕਰਵਾਉਣ ਲਈ ਵੱਖ ਵੱਖ ਉਮੀਦਵਾਰਾਂ ਨਾਲ 20 ਤੋਂ 22 ਲੱਖ ਰੁਪਏ ’ਚ ਸੌਦਾ ਕੀਤਾ ਸੀ।
ਵੇਰਵਿਆਂ ਮੁਤਾਬਿਕ ਡੱਮੀ ਉਮੀਦਵਾਰਾਂ ਵਜੋਂ ਸ਼ਾਮਲ ਕੀਤੇ ਗਏ ਕੁਝ ਵਿਅਕਤੀਆਂ ਵੱਲੋਂ ਮਿੱਥੀ ਯੋਜਨਾ ਤਹਿਤ ਛੁਪਾ ਕੇ ਪ੍ਰੀਖਿਆ ਕੇਂਦਰਾਂ ’ਚ ਲਿਜਾਏ ਗਏ ਵਾਇਰਲੈੱਸ ਕੈਮਰਿਆਂ ਨਾਲ ਪ੍ਰਸ਼ਨ ਪੱਤਰ ਦੀ ਕੀਤੀ ਗਈ ਫੋਟੋ ਕੇਂਦਰ ਦੇ ਨਜ਼ਦੀਕ ਹੀ ਬੈਠੇ ਨਕਲ ਕਰਵਾਉਣ ਵਾਲੇ ਗਰੋਹ ਦੇ ਮੈਂਬਰ ਕੋਲ ਪੁੱਜਦੀ ਕੀਤੀ।
ਇਸ ਸਬੰਧੀ ਹਰਿਆਣਾ ’ਚ ਇੱਕ ਥਾਂ ਕੰਟਰੋਲ ਰੂਮ ਬਣਾਇਆ ਗਿਆ ਸੀ, ਜਿੱਥੇ ਬੈਠੇ ਮਾਹਿਰਾਂ ਵੱਲੋਂ ਸਾਰੇ ਪ੍ਰ੍ਰਸ਼ਨਾਂ ਦੇ ਉੱਤਰ ਲਿਖ ਕੇ ਉਸੇ ਵਿਅਕਤੀ ਨੂੰ ਵਾਪਸ ਭੇਜੇ ਗਏ, ਜਿਸ ਵੱਲੋਂ ਪੇਪਰ ਦੀ ਫੋਟੋ ਭੇਜੀ ਗਈ ਸੀ।
ਪੁਲਿਸ ਮੁਤਾਬਿਕ ਭਾਵੇਂ ਅਜੇ ਕਿਸੇ ਵੀ ਉਮੀਦਵਾਰ ਨੂੰ ਗ੍ਰਿਫ਼ਤਾਰ ਨਹੀਂ ਕੀਤਾ ਗਿਆ, ਪਰ ਜਲਦੀ ਹੀ ਕਈ ਉਮੀਦਵਾਰਾਂ ਦੀਆਂ ਗ੍ਰਿਫਤਾਰੀਆਂ ਹੋਣੀਆਂ ਤੈਅ ਹਨ। ਮੁਲਜ਼ਮਾਂ ਦਾ ਪੁਲਿਸ ਰਿਮਾਂਡ ਲੈ ਲਿਆ ਗਿਆ ਹੈ ਤੇ ਹੋਰ ਪੁੱਛਗਿੱਛ ਕੀਤੀ ਜਾ ਰਹੀ ਹੈ।
ਸਿਆਸੀ ਆਗੂਆਂ ਨੇ ਖੜ੍ਹੇ ਕੀਤੇ ਵੱਡੇ ਸਵਾਲ
ਪ੍ਰੀਖਿਆ ਦੇ ਨਤੀਜੇ ਦਾ ਐਲਾਨ ਹੁੰਦਿਆਂ ਹੀ ਸਾਬਕਾ ਅਕਾਲੀ ਮੰਤਰੀ ਬਿਕਰਮ ਸਿੰਘ ਮਜੀਠੀਆ ਅਤੇ ਕਾਂਗਰਸੀ ਨੇਤਾ ਸੁਖਪਾਲ ਸਿੰਘ ਖਹਿਰਾ ਵੱਲੋਂ ਸਿੱਧੇ ਤੌਰ ’ਤੇ ਇਸ ਭਰਤੀ ’ਚ ਗੜਬੜੀ ਹੋਣ ਦੇ ਦੋਸ਼ ਲਾਏ ਗਏ ਸਨ। ਖਾਸ ਤੌਰ ’ਤੇ ਸੁਖਪਾਲ ਖਹਿਰਾ ਨੇ ਹੇਠਲੇ ਪੱਧਰ ਦੇ ਇਮਤਿਹਾਨਾਂ ’ਚ ਅਸਫ਼ਲ ਰਹਿਣ ਵਾਲੇ ਕੁਝ ਉਮੀਦਵਾਰਾਂ ਵੱਲੋਂ ਨਾਇਬ ਤਹਿਸੀਲਦਾਰਾਂ ਦਾ ਇਹ ਇਮਤਿਹਾਨ ਵਧੇਰੇ ਅੰਕਾਂ ਨਾਲ ਪਾਸ ਕਰਨ ਉਤੇ ਸਵਾਲ ਵੀ ਉਠਾਏ ਸਨ।
ਕਾਂਗਰਸੀ ਵਿਧਾਇਕ ਸੁਖਪਾਲ ਖਹਿਰਾ ਨੇ ਨਾਇਬ ਤਹਿਸੀਲਦਾਰਾਂ ਦੀ ਭਰਤੀ ਵਿੱਚ ਹੋਏ ਘੁਟਾਲੇ ਨੂੰ ਲੈ ਕੇ ਭਗਵੰਤ ਮਾਨ ਸਰਕਾਰ ਨੂੰ ਘੇਰਿਆ ਹੈ। ਉਨ੍ਹਾਂ ਨੇ ਟਵੀਟ ਕਰਕੇ ਕਿਹਾ ਹੈ ਕਿ ਨਾਇਬ ਤਹਿਸੀਲਦਾਰ ਦੀਆਂ ਅਸਾਮੀਆਂ ਲਈ ਯੋਗ ਨੌਜਵਾਨਾਂ ਨੂੰ ਇਨਸਾਫ਼ ਦਿਵਾਉਣ ਲਈ ਸਾਡੀਆਂ ਕੋਸ਼ਿਸ਼ਾਂ ਨੇ ਕਾਮਯਾਬੀ ਹਾਸਲ ਕੀਤੀ। ਵਿਜੀਲੈਂਸ ਬਿਊਰੋ ਨੇ ਨੌਕਰੀ ਘੁਟਾਲੇ ਵਿੱਚ ਪੰਜ ਮੁਲਜ਼ਮਾਂ ਨੂੰ ਗ੍ਰਿਫਤਾਰ ਕੀਤਾ ਹੈ। ਹੁਣ ਭਗਵੰਤ ਮਾਨ ਨੂੰ ਬੇਨਤੀ ਕਰਦੇ ਹਾਂ ਕਿ ਨੌਕਰੀ ਘੁਟਾਲੇ ਵਿੱਚ ਸ਼ਾਮਲ ਸਾਰੇ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾਵੇ ਕਿਉਂਕਿ ਇਸ ਵਿੱਚ ਕਰੋੜਾਂ ਦਾ ਭ੍ਰਿਸ਼ਟਾਚਾਰ ਸ਼ਾਮਲ ਹੈ।
Our efforts to ensure justice to deserving youth aspirants for Naib Tehsildar posts stands achieved as Vigilance Bureau has arrested 5 scamsters in job scandal.I urge @BhagwantMann to arrest all those involved in the job scam as it involves corruption in crores-khaira @INCIndia pic.twitter.com/YcLOVifbEp
— Sukhpal Singh Khaira (@SukhpalKhaira) November 16, 2022