‘ਦ ਖ਼ਾਲਸ ਬਿਊਰੋ : ਮਰਹੂਮ ਪੰਜਾਬੀ ਨੌਜਵਾਨ ਗਾਇਕ ਸ਼ੁਭਦੀਪ ਸਿੰਘ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਸਰਕਾਰ ਨੂੰ ਗੁਹਾਰ ਲਾਉਂਦਿਆਂ ਕਿਹਾ ਕਿ ਬੇਸ਼ੱਕ ਉਨ੍ਹਾਂ ਦੇ ਬੇਟੇ ਦੇ ਕਾਤਲਾਂ ਨੂੰ ਛੱਡ ਦਿੱਤਾ ਜਾਵੇ ਕਿਉਂਕਿ ਉਨ੍ਹਾਂ ਨੇ ਤਾਂ ਪੈਸੇ ਲੈ ਕੇ ਇਹ ਕੰਮ ਕੀਤਾ ਹੈ ਪਰ ਮੈਂ ਉਨ੍ਹਾਂ ਦਰਿੰਦਿਆਂ ਨੂੰ ਸਜ਼ਾ ਦਿਵਾਉਣਾ ਚਾਹੁੰਦਾ ਹਾਂ ਜੋ ਜੇਲ੍ਹ ਤੇ ਵਿਦੇਸ਼ ਵਿੱਚ ਬੈਠ ਕੇ ਪੰਜਾਬੀ ਮਿਊਜ਼ਿਕ ਇੰਡਸਟਰੀ ਅਤੇ ਕਬੱਡੀ ਉੱਤੇ ਕਬਜ਼ਾ ਜਮਾ ਕੇ ਬੈਠੇ ਹੋਏ ਹਨ।
ਪਿਤਾ ਬਲਕੌਰ ਸਿੰਘ ਨੇ ਕਿਹਾ ਕਿ ਅੱਜਕੱਲ੍ਹ ਨੌਜਵਾਨ ਵਿਦੇਸ਼ ਜਾ ਰਹੇ ਹਨ ਅਤੇ ਉਨ੍ਹਾਂ ਦੇ ਨਾਲ ਹਰ ਸਾਲ 400 ਕਰੋੜ ਵਿਦੇਸ਼ ਜਾ ਰਹੇ ਹਨ। ਮੇਰਾ ਬੇਟਾ ਕਰੋੜਾਂ ਵਿਦੇਸ਼ਾਂ ਤੋਂ ਲਿਆਇਆ ਹੈ ਅਤੇ ਉਸਨੇ ਇਹ ਧਨ ਪੰਜਾਬ ਵਿੱਚ ਲਗਾਇਆ। ਉਨ੍ਹਾਂ ਨੇ ਅਪੀਲ ਕੀਤੀ ਕਿ 50 ਹਜ਼ਾਰ ਜਾਂ ਇੱਕ ਲੱਖ ਰੁਪਏ ਵਿੱਚ ਅਪਰਾਧ ਕਰਨ ਲਈ ਤਿਆਰ ਨਾ ਹੋਵੋ। ਇਸ ਤਰ੍ਹਾਂ ਲੁਕ ਕੇ ਬੈਠੇ ਹੋਏ ਅਪਰਾਧੀਆਂ ਨੂੰ ਬਲ ਮਿਲਦਾ ਹੈ। ਬਲਕੌਰ ਸਿੰਘ ਸ਼ੁੱਕਰਵਾਰ ਨੂੰ ਮੋਗਾ ਦੇ ਇੱਕ ਪਿੰਡ ਵਿੱਚ ਮੂਸੇਵਾਲਾ ਦੇ ਬਣਾਏ ਗਏ ਬੁੱਤ ਦਾ ਉਦਘਾਟਨ ਕਰਨ ਲਈ ਗਏ ਸਨ। ਆਪਣੇ ਪੁੱਤ ਦਾ ਬੁੱਤ ਵੇਖ ਕੇ ਮੂਸੇਵਾਲਾ ਦੇ ਮਾਤਾ ਪਿਤਾ ਬਹੁਤ ਭਾਵੁਕ ਹੋਏ।