Others

ਮਿੱਟੀ ਦੇ ਘਰ

‘ਦ ਖ਼ਾਲਸ ਬਿਊਰੋ (ਗੁਲਜਿੰਦਰ ਕੌਰ): ਸ਼ਾਮ ਦਾ ਵੇਲਾ ਹੋ ਚੱਲਾ ਸੀ ਤੇ ਸੂਰਜ ਆਪਣੀਆਂ ਚਾਨਣ ਰਿਸ਼ਮਾਂ ਨੂੰ ਜਿਵੇਂ ਇੱਕ-ਇੱਕ ਕਰ ਲਪੇਟ ਰਿਹਾ ਸੀ।ਇਕ ਘਰ ਦੇ ਸਾਂਝੇ ਵੇਹੜੇ ਵਿਚ ਕੁਝ ਬੱਚੇ ਮਿੱਟੀ ਦਾ ਘਰ ਬਣਾ ਕੇ ਖੇਡ ਰਹੇ ਸਨ।

“ਆਹ ਤਾਂ ਮੇਰਾ ਕਮਰਾ ਆ ,ਬਾਕੀ ਤਿੰਨ ਕਮਰੇ ਆ,ਜਿਹਦਾ ਦਿਲ ਕੀਤਾ ਜਿਥੇ ਮਰਜੀ ਰਹਿਣ ।ਆਹ ਪਿੱਛੇ ਮੈ ਆਪਣੀ ਗੱਡੀ ਖੜੀ ਕਰਿਆ ਕਰਨੀ “

“ਗੱਡੀ ਲਈ ਜਗਾ ਤਾਂ ਬਣਾ ਲਈ ਪਰ ਗੱਡੀ ਤੁਹਾਡੇ ਹੈ ਤਾਂ ਹੈਨੀ।ਸਾਡੇ ਤਾਂ ਦੋ ਦੋ ਗੱਡੀਆਂ ਪਤਾ।ਮੈ ਤਾਂ ਜ਼ਿਆਦਾ ਜਗਾ ਰੱਖਣੀ ਫੇਰ “

ਸਾਰੇ ਬੱਚਿਆਂ ਨੇ ਹਾਸੜ ਚੱਕ ਦਿਤੀ ਤਾਂ ਪਹਿਲੇ ਬੱਚੇ ਨੇ ਜਵਾਬ ਦਿੱਤਾ

“ਫੇਰ ਕਿ ਆ ??ਵੱਡਾ ਹੋ ਕੇ ਮੈ ਕੰਮ ਕਰੂੰਗਾ ਤੇ ਗੱਡੀ ਵੀ ਲੈ ਲਊਂਗਾ “

“ਜਾਹ ਓਏ ,ਤੁਹਾਡੇ ਕੋਲ ਤਾਂ ਓਹੀ ਖਟਾਰਾ ਜੇਹਾ ਮੋਟਰਸੈਕਲ ਆ ,ਓਹੀ ਖੜਾ ਕਰਲੀ ਇਥੇ “

ਆਪਣੀ ਕੀਤੀ ਗੱਲ ਤੇ ਆਈ ਮੌੜਵੀਂ ਗੱਲ ਨੇ ਬੱਚਿਆਂ ਨੂੰ ਆਪਸ ਵਿਚ ਲੜਵਾ ਦਿੱਤਾ।ਫੇਰ ਘਰ ਦੀਆ ਸੁਆਣੀਆਂ ਨੇ ਆ ਕੇ ਮਸੀਂ ਵੱਖ ਕੀਤਾ ਤੇ ਲੋਹੀਆਂ ਲਾਖੀਆਂ ਹੋਈਆਂ ਇੱਕ ਦੂਜੀ ਦੇ ਗਲ ਪੈ ਗਈਆਂ ਤੇ ਫੇਰ ਜੁਆਕਾਂ ਨੂੰ ਲੈ ਆਪੋ-ਆਪਣੇ ਘਰ ਜਾ ਵੱੜੀਆਂ।

ਰਾਤ ਨੂੰ ਬੱਦਲ ਘੋਰਿਆ ਤੇ ਜ਼ੋਰ ਦੀ ਹਨੇਰੀ ਚਲੀ।ਸਾਰੀ ਰਾਤ ਮੀਂਹ ਪੈਂਦਾ ਰਿਹਾ। ਸਵੇਰ ਹੋਈ ਤੇ ਪਤਾ ਲਗਾ ਕਿ ਰਾਤ ਹੋਈ ਬਰਸਾਤ ਨੇ ਮਿੱਟੀ ਦੇ ਘਰਾਂ ਨੂੰ ਮਿੱਟੀ ਵਿਚ ਹੀ ਮਿਲਾ ਦਿੱਤਾ ਸੀ ।

…………

ਵੈਸੇ ਸੋਚਿਆ ਜਾਵੇ ਤਾ ਇਸ ਦੁਨੀਆ ਤੇ ਆ ਕੇ ਅਸੀਂ ਸਾਰੇ ਵੀ ਆਹੀ ਕੁਝ ਕਰ ਰਹੇ ਹਾਂ।ਮਿੱਟੀ ਦੇ ਪੁਤਲੇ ,ਮਿੱਟੀ ਹੋ ਜਾਣ ਵਾਲੀਆਂ ਚੀਜਾਂ ਮਗਰ ਪਾਗਲ ਹੋਏ,ਕਦੇ ਕਿਸੇ ਦਾ ਦਿਲ ਦੁਖਾਂਦੇ ,ਕਦੇ ਲਾਲਚ ਤੇ ਸਵਾਰਥ ਵਸ ਹੋ ਕੇ ਆਪਣੇ ਪਿਆਰੇ ਰਿਸ਼ਤਿਆਂ ਤੋਂ ਹੀ ਦੂਰੀ ਬਣਾ ਲੈਂਦੇ ਪਰ ਫੇਰ ਐਸੀ ਹਨੇਰੀ ਝੁਲਦੀ ਕਿ ਸਬ ਕੁਛ ਮਲੀਆਮੇਟ ਹੋ ਜਾਂਦਾ।ਜੇ ਸੋਚ ਕੇ ਦੇਖੀਏ ਤਾ ਸਭ ਨਾਸ਼ਵਾਨ ਆ ,ਸਭ ਨੂੰ ਪਤਾ ਵੀ ਆ ,ਫੇਰ ਵੀ ਮੈਂ ਤੇ ਹੰਕਾਰ ਨੀ ਜਾਂਦਾ ਬੰਦੇ ‘ਚੋ।ਲਾਲਚ ਤੇ ਸਵਾਰਥ ਨੂੰ ਛੱਡ ਕੇ ਕੁਛ ਦੁਆਵਾਂ ਤੇ ਖੁਸ਼ੀਆਂ ਵੀ ਕਮਾ ਲੈਣੀਆਂ ਚਾਹੀਦੀਆਂ ਨੇ ….ਕਿਉਂਕਿ ਬਾਕੀ ਸਭ ਮਿੱਟੀ ਆ।

Comments are closed.