ਬਿਉਰੋ ਰਿਪੋਰਟ : ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੀ ਲੋਕਸਭਾ ਚੋਣਾਂ ਦੇ ਲਈ ਪਹਿਲੀ ਲਿਸਟ ਆ ਗਈ ਹੈ,ਜਿਸ ਵਿੱਚ 7 ਨਾਵਾਂ ਦਾ ਐਲਾਨ ਕੀਤਾ ਗਿਆ ਹੈ। ਇੰਨਾਂ ਵਿੱਚ ਪੰਜਾਬ ਅਤੇ ਹਰਿਆਣਾ ਤੋਂ ਉਮੀਦਵਾਰਾਂ ਦੇ ਨਾਂ ਹਨ । ਸਿਮਰਨਜੀਤ ਸਿੰਘ ਮਾਨ ਇੱਕ ਵਾਰ ਮੁੜ ਤੋਂ ਸੰਗਰੂਰ ਲੋਕਸਭਾ ਸੀਟ ਤੋਂ ਦਾਅਵੇਦਾਰੀ ਪੇਸ਼ ਕਰਕੇ ਸੂਬੇ ਦੀਆਂ ਸਾਰੀ ਸਿਆਸੀ ਪਾਰਟੀਆਂ ਦੇ ਪਸੀਨੇ ਕੱਢਾ ਦਿੱਤੇ ਹਨ । ਪਟਿਆਲਾ ਤੋਂ ਪ੍ਰੋਫੈਸਰ ਮਹਿੰਦਰਪਾਲ ਸਿੰਘ,ਲੁਧਿਆਣਾ ਤੋਂ ਅੰਮ੍ਰਿਤਪਾਲ ਸਿੰਘ ਛੰਦੜਾ, ਫਰੀਦਕੋਟ ਤੋਂ ਬਲਦੇਵ ਸਿੰਘ ਗਗੜ,ਸ੍ਰੀ ਆਨੰਦਪੁਰ ਸਾਹਿਬ ਤੋਂ ਇੰਜੀਨੀਅਰ ਕੁਸਲਪਾਲ ਸਿੰਘ,ਕਰਨਾਲ ਤੋਂ ਹਰਜੀਤ ਸਿੰਘ ਵਿਰਕ,ਕੁਰੂਕਸ਼ੇਤਰ ਤੋਂ ਖਜਾਨ ਸਿੰਘ ।
ਸਿਮਰਨਜੀਤ ਸਿੰਘ ਮਾਨ ਨੇ ਕਿਹਾ ਹਰਿਆਣਾ ਪੰਜਾਬ ਦੇ ਨਾਲ ਅਸੀਂ ਚੰਡੀਗੜ੍ਹ ‘ਤੇ ਜੰਮੂ-ਕਸ਼ਮੀਰ ਵਿੱਚ ਵੀ ਉਮੀਦਵਾਰ ਉਤਾਰਾਂਗੇ । ਮਾਨ ਹੁਣ ਤੱਕ ਆਪਣੇ ਸਿਆਸੀ ਜੀਵਨ ਵਿੱਚ 3 ਵਾਰ ਲੋਕਸਭਾ ਪਹੁੰਚ ਚੁੱਕੇ ਹਨ । ਪਹਿਲੀ ਵਾਰ ਉਨ੍ਹਾਂ ਨੇ 1989 ਵਿੱਚ ਤਰਨਤਾਰਨ ਲੋਕਸਭਾ ਹਲਕੇ ਤੋਂ ਜੇਲ੍ਹ ਵਿੱਚ ਰਹਿੰਦੇ ਹੋਏ ਚੋਣ ਲੜੀ ਸੀ ,ਪਰ ਪਾਰਲੀਮੈਂਟ ਵਿੱਚ ਕ੍ਰਿਪਾਨ ਲਿਜਾਉਣ ਨਾ ਦੇਣ ਤੇ ਉਨ੍ਹਾਂ ਨੇ ਅਸਤੀਫਾ ਦੇ ਦਿੱਤਾ ਸੀ। ਉਸ ਤੋਂ ਬਾਅਦ 1999 ਦੀਆਂ ਉਨ੍ਹਾਂ ਨੇ ਸੰਗਰੂਰ ਲੋਕਸਭਾ ਸੀਟ ਤੋਂ ਅਕਾਲੀ ਦਲ ਦੇ ਉਮੀਦਵਾਰ ਸੁਖਦੇਵ ਸਿੰਘ ਢੀਂਡਸਾ ਨੂੰ ਹਰਾਇਆ ਸੀ । ਤਕਰੀਬਨ ਢਾਈ ਦਹਾਕੇ ਬਾਅਦ 2022 ਦੀਆਂ ਸੰਗਰੂਰ ਜਿਮਨੀ ਚੋਣ ਵਿੱਚ ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੂੰ 5 ਹਜ਼ਾਰ ਵੋਟਾਂ ਦੇ ਫਰਕ ਨਾਲ ਹਰਾਇਆ ਸੀ । ਸਿਮਰਨਜੀਤ ਸਿੰਘ ਮਾਨ ਦੇ 2024 ਦੀਆਂ ਚੋਣਾਂ ਵਿੱਚ ਮੁੜ ਤੋਂ ਦਾਅਵੇਦਾਰੀ ਪੇਸ਼ ਕਰਕੇ ਸਾਰੀਆਂ ਵਿਰੋਧੀ ਧਿਰਾ ਨੂੰ ਪਸੀਨੇ ਦਿਵਾ ਦਿੱਤੇ ਹਨ ।