India Punjab

ਹੁਣ MP ਮਾਨ ਨੇ ਵੀ ਵੇਖੀ ਫਿਲਮ ਲਾਲ ਸਿੰਘ ਚੱਢਾ, ਲੋਕਾਂ ਨੂੰ ਦੱਸੀਆਂ ਫਿਲਮ ਬਾਰੇ 2 ਅਹਿਮ ਗੱਲਾਂ

ਮੁੱਖ ਮੰਤਰੀ ਭਗਵੰਤ ਮਾਨ ਅਤੇ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਫਿਲਮ ਲਾਲ ਸਿੰਘ ਚੱਢਾ ਵੇਖ ਕੇ ਆਮਿਰ ਖਾਨ ਦੀ ਤਾਰੀਫ਼ ਕੀਤੀ ਸੀ

ਦ ਖ਼ਾਲਸ ਬਿਊਰੋ : ਦੇਸ਼ ਵਿੱਚ ਭਾਵੇਂ ਫਿਲਮ ਲਾਲ ਸਿੰਘ ਚੱਢਾ ਬੁਰੀ ਤਰ੍ਹਾਂ ਨਾਲ ਫਲੋਪ ਰਹੀ ਹੋਵੇ ਪਰ ਜਿਸ ਤਰ੍ਹਾਂ ਸਿੱਖ ਦੇ ਕਿਰਦਾਰ ਨੂੰ ਆਮਿਰ ਖਾਨ ਨੇ ਨਿਭਾਇਆ ਹੈ ਪੰਜਾਬ ਦੇ ਲੋਕ ਅਤੇ ਸਿਆਸਤਦਾਨ ਇਸ ਨੂੰ ਕਾਫੀ ਪਸੰਦ ਕਰ ਰਹੇ ਹਨ। ਮੁੱਖ ਮੰਤਰੀ ਭਗਵੰਤ ਮਾਨ ਤੋਂ ਬਾਅਦ ਹੁਣ ਸੰਗਰੂਰ ਤੋਂ ਮੈਂਬਰ ਪਾਰਲੀਮੈਂਟ ਸਿਮਰਨਜੀਤ ਸਿੰਘ ਮਾਨ ਨੇ ਆਪਣੇ ਪੁੱਤਰ ਅਤੇ ਪਾਰਟੀ ਵਰਕਰਾਂ ਦੇ ਨਾਲ ਫਿਲਮ ‘ਲਾਲ ਸਿੰਘ ਚੱਢਾ’ ਵੇਖੀ ਹੈ।

ਫਿਲਮ ਨੂੰ ਵੇਖਣ ਤੋਂ ਬਾਅਦ ਮੈਂਬਰ ਪਾਰਲੀਮੈਂਟ ਨੇ ਫਿਲਮ ਨੂੰ ਲੈਕੇ 2 ਅਹਿਮ ਗੱਲਾਂ ਕਹੀਆਂ  ਹਨ।

MP ਮਾਨ ਨੇ ਫਿਲਮ ਦੀ ਕੀਤੀ ਤਾਰੀਫ਼

ਸਿਮਰਨਜੀਤ ਸਿੰਘ ਮਾਨ ਨੇ ਫਿਲਮ ਵੇਖਣ ਤੋਂ ਬਾਅਦ ਟਵੀਟ ਕਰਦੇ ਹੋਏ ਲਿਖਿਆ ਕਿ ਮਨੁੱਖੀ ਅਧਿਕਾਰਾਂ ਅਤੇ ਘੱਟ ਗਿਣਤੀਆਂ ਦੀ ਫਿਕਰ ਰੱਖਣ ਵਾਲੇ ਇਨਸਾਫ ਪਸੰਦ ਲੋਕਾਂ ਨੂੰ “ਲਾਲ ਸਿੰਘ ਚੱਢਾ” ਫਿਲਮ ਜ਼ਰੂਰ ਦੇਖਣੀ ਚਾਹੀਦੀ ਹੈ। ਇਹ ਫਿਲਮ ਅਦਾਕਾਰ ਆਮਿਰ ਖਾਨ ਦਾ ਇੱਕ ਸਾਹਸੀ ਉਪਰਾਲਾ ਹੈ। ਇਹ ਸ਼ਾਇਦ ਪਹਿਲਾਂ ਮੌਕਾ ਹੋਵੇਗਾ ਜਦੋਂ ਸਿਮਰਨਜੀਤ ਸਿੰਘ ਮਾਨ ਨੇ ਲੰਮੇ ਵਕਤ ਬਾਅਦ ਕੋਈ ਫਿਲਮ ਵੇਖੀ ਹੋਵੇਗੀ ਪਰ ਫਿਲਮ ਵੇਖਣ ਤੋਂ ਬਾਅਦ ਜਿਹੜਾ ਉਨ੍ਹਾਂ ਨੇ ਸੁਨੇਹਾ ਦਿੱਤਾ ਹੈ ਉਹ ਪੰਜਾਬ ਦੇ ਲਿਹਾਜ਼ ਨਾਲ ਕਾਫੀ ਅਹਿਮ ਹੈ। ਕਿਉਂਕਿ ਫਿਲਮ ਦੇ ਵਿਰੋਧ ਵਿੱਚ ਜਿਹੜੀਆਂ ਅਵਾਜ਼ਾਂ ਉੱਠ ਰਹੀਆਂ ਸਨ ਉਹ ਵਿਰੋਧ ਦੀ ਥਾਂ ਨਫਰਤ ਨੂੰ ਵਧ ਹਵਾ ਦੇ ਰਹੀਆਂ ਸਨ।

CM ਮਾਨ ਤੇ ਸਪੀਕਰ ਸੰਧਵਾਂ ਵੱਲੋਂ ਫਿਲਮ ਦੀ ਤਾਰੀਫ

ਭਗਵੰਤ ਮਾਨ ਨੇ ਟਵੀਟ ਕਰਦੇ ਹੋਏ ਲਿਖਿਆ ਸੀ ‘ਲਾਲ ਸਿੰਘ ਚੱਢਾ ਫਿਲਮ ਵੇਖਣ ਦਾ ਮੌਕਾ ਮਿਲਿਆ।  ਆਪਸੀ ਭਾਈਚਾਰਕ ਸਾਂਝ ਕਾਇਮ ਰੱਖਣ ਅਤੇ ਨਫਰਤਾਂ ਦੇ ਬੀਜ ਕੋਮਲ ਦਿਲਾਂ ਵਿੱਚ ਨਾਂ ਉਂਗਣ ਦੇਣ ਦਾ ਸੁਨੇਹਾ ਦਿੰਦੀ ਫਿਲਮ।  ਆਮਿਰ ਖਾਨ ਅਤੇ ਉਨ੍ਹਾਂ ਦੀ ਟੀਮ ਨੂੰ ਵਧਾਈ’, ਇਸੇ ਤਰ੍ਹਾਂ ਸਪੀਕਰ ਕੁਲਤਾਰ ਸੰਧਵਾਂ ਨੇ ਵੀ ਫਿਲਮ ਦੀ ਜਮਕੇ ਤਾਰੀਫ਼ ਕੀਤੀ ਅਤੇ ਕਿਹਾ ‘ਚਰਚਿਤ ਫਿਲਮ ‘ਲਾਲ ਸਿੰਘ ਚੱਢਾ’ ਦੇਖ ਕੇ ਮਹਿਸੂਸ ਹੋਇਆ ਕਿ ਨਿਰਮਲ, ਨਿਰਛਲ,ਭੋਲੇ ਭਾਲੇ ਮਨੁੱਖ ਦੀ ਮਦਦ ਕੁਦਰਤ ਆਪ ਕਰਦੀ ਹੈ। ਧਰਮ ਇੱਕ ਚੰਗੀ ਜੀਵਨ ਜਾਂਚ ਹੈ, ਪਰ ਜਦੋਂ ਕੁਝ ਗਲਤ ਲੋਕ ਧਰਮ ਨੂੰ ਨਫਰਤ ਫੈਲਾਉਣ ਲਈ ਵਰਤਦੇ ਨੇ ਤਾਂ ਇਨਸਾਨੀਅਤ ਸ਼ਰਮਸਾਰ ਹੁੰਦੀ ਹੈ ਸਾਨੂੰ ਇਸ ਨਫਰਤ ਦੇ ਮਲੇਰੀਏ ਤੋਂ ਬਚਣਾ ਚਾਹੀਦਾ ਹੈ।