‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨੀ ਅੰਦੋਲਨ ਨੂੰ ਭਾਰਤ ਸਮੇਤ ਦੁਨੀਆ ਦੇ ਹੋਰ ਦੇਸ਼ਾਂ ਤੋਂ ਵੀ ਲਗਾਤਾਰ ਸਮਰਥਨ ਮਿਲ ਰਿਹਾ ਹੈ। ਕੈਨੇਡਾ ਦੇ ਕੰਜ਼ਰਵੇਟਿਵ ਲੀਡਰ ਏਰੀਨ ਓਟੂਲੇ ਨੇ ਸਿੱਖ ਸੰਗਤ ਨੂੰ ਸ਼੍ਰੀ ਗੁਰੂ ਨਾਨਕ ਸਾਹਿਬ ਜੀ ਦੇ 551ਵੇਂ ਪ੍ਰਕਾਸ਼ ਪੁਰਬ ਦੀ ਵਧਾਈ ਦਿੰਦਿਆਂ ਸਿੱਖ ਸੰਗਤ ਨੂੰ ਕੋਰੋਨਾ ਨਿਯਮਾਂ ਦਾ ਧਿਆਨ ਵਿੱਚ ਰੱਖਦਿਆਂ ਪ੍ਰਕਾਸ਼ ਦਿਹਾੜੇ ਨੂੰ ਮਨਾਉਣ ਦੀ ਅਪੀਲ ਕੀਤੀ। ਉਨ੍ਹਾਂ ਨੇ ਕਿਹਾ ਕਿ ਅੱਜ ਬਹੁਤ ਸਾਰੇ ਕੈਨੇਡਿਅਨ ਸਿੱਖ ਭਾਰਤ ਵਿੱਚ ਚੱਲ ਰਹੇ ਕਿਸਾਨਾਂ ਦੇ ਅੰਦੋਲਨ ਦਾ ਸਮਰਥਨ ਕਰਨ ਦੇ ਲਈ ਘਰਾਂ ਤੋਂ ਬਾਹਰ ਨਿਕਲੇ ਹਨ।

ਉਨ੍ਹਾਂ ਨੇ ਕਿਹਾ ਕਿ ਕਿਸਾਨ ਸਾਰਿਆਂ ਦਾ ਢਿੱਡ ਭਰਦਾ ਹੈ ਭਾਵੇਂ ਉਹ ਕੈਨੇਡਾ, ਭਾਰਤ ਜਾਂ ਵਿਸ਼ਵ ਦਾ ਕੋਈ ਵੀ ਇਨਸਾਨ ਹੋਵੇ। ਉਨ੍ਹਾਂ ਕਿਹਾ ਕਿ ਕਿਸੇ ਵੀ ਦੇਸ਼ ਦੇ ਲੋਕਤੰਤਰ ਵਿੱਚ ਆਪਣੇ ਵਿਚਾਰਾਂ ਦੇ ਪ੍ਰਗਟਾਵੇ ਦਾ ਅਧਿਕਾਰ ਹੈ। ਅਸੀਂ ਕਿਸਾਨਾਂ ਦੇ ਸ਼ਾਂਤਮਈ ਸੰਘਰਸ਼ ਦਾ ਪੂਰਾ ਸਮਰਥਨ ਕਰਦੇ ਹਾਂ।
ਕੈਨੇਡਾ ਦੇ ਵਿਦੇਸ਼ ਮੰਤਰੀ ਫਰੈਂਸੋਆ ਫਿਲੀਪ ਸ਼ੈਪਿਅਨ ਨੇ ਕਿਸਾਨੀ ਸੰਘਰਸ਼ ਦਾ ਸਮਰਥਨ ਕਰਦਿਆਂ ਕਿਹਾ ਕਿ ਅੰਦੋਲਨ ਕਰਨਾ ਇੱਕ ਲੋਕਤੰਤਰਿਕ ਅਧਿਕਾਰ ਹੈ ਅਤੇ ਉਸਦਾ ਸਤਿਕਾਰ ਕਰਨਾ ਚਾਹੀਦਾ ਹੈ।

ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੇ ਵੀ ਕਿਸਾਨਾਂ ਦੀ ਹਮਾਇਤ ਕਰਦਿਆਂ ਕਿਹਾ ਕਿ “ਕੈਨੇਡਾ ਸ਼ਾਂਤਮਈ ਵਿਰੋਧ ਦੇ ਅਧਿਕਾਰਾਂ ਦੀ ਰਾਖੀ ਲਈ ਹਮੇਸ਼ਾ ਮੌਜੂਦ ਰਹੇਗਾ।”

ਟਰੂਡੋ ਨੇ ਕਿਹਾ ਕਿ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਕਿਸਾਨਾਂ ਦਾ ਅੰਦੋਲਨ ਹੋਰ ਤੇਜ਼ ਹੋਣ ਨਾਲ ਸਥਿਤੀ “ਚਿੰਤਾਜਨਕ” ਬਣ ਚੁੱਕੀ ਹੈ। ਉਨ੍ਹਾਂ ਕਿਹਾ ਕਿ “ਕਿਸਾਨਾਂ ਦੁਆਰਾ ਕੀਤੇ ਜਾ ਰਹੇ ਵਿਰੋਧ ਪ੍ਰਦਰਸ਼ਨ ਬਾਰੇ ਭਾਰਤ ਵਿੱਚੋਂ ਖ਼ਬਰਾਂ ਆ ਰਹੀਆਂ ਹਨ। ਸਥਿਤੀ ਚਿੰਤਾਜਨਕ ਹੈ ਅਤੇ ਅਸੀਂ ਸਾਰੇ ਪਰਿਵਾਰ ਅਤੇ ਦੋਸਤਾਂ ਬਾਰੇ ਬਹੁਤ ਚਿੰਤਤ ਹਾਂ”।