ਗੁਰੂ ਦੀ ਨਗਰੀ ਅੰਮ੍ਰਿਤਸਰ ਤੋਂ ਦਿਨ ਚੜ੍ਹਦੇ ਸਾਰ ਹੀ ਦਿਲ ਦਹਿਲਾ ਦੇਣ ਵਾਲੀ ਘਟਨਾ ਸਾਹਮਣੇ ਆਈ ਹੈ ਜਿੱਥੇ ਵਿਅਕਤੀ ਨੇ ਅਪਣੀ ਹੀ ਮਾਂ, ਭਰਜਾਈ ਅਤੇ ਭਤੀਜੇ ਦਾ ਕਤਲ ਕਰ ਦਿਤਾ। ਘਟਨਾ ਨੂੰ ਅੰਜਾਮ ਦੇਣ ਤੋਂ ਬਾਅਦ ਕਾਤਲ ਖੁਦ ਹੀ ਥਾਣੇ ਪਹੁੰਚ ਗਿਆ।
ਜਾਣਕਾਰੀ ਮੁਤਾਬਕ ਜ਼ਿਲ੍ਹਾ ਅੰਮ੍ਰਿਤਸਰ ਦੇ ਪਿੰਡ ਕੰਦੋਵਾਲੀ ਵਿਖੇ ਬੀਬੀ ਰਾਤ 3 ਨੌਜਵਾਨ ਅੰਮ੍ਰਿਤਪਾਲ ਸਿੰਘ ਵੱਲੋਂ ਆਪਣੀ ਮਾਂ, ਭਰਜਾਈ ਅਤੇ ਢਾਈ ਸਾਲ ਦੇ ਭਤੀਜੇ ਦਾ ਕਤਲ ਕਰ ਦਿੱਤਾ ਗਿਆ। ਕਤਲ ਕਰਨ ਮਗਰੋਂ ਦੋਸ਼ੀ ਖੁਦ ਹੀ ਪੁਲਿਸ ਥਾਣੇ ਵਿਚ ਜਾ ਕੇ ਪੁਲਿਸ ਅੱਗੇ ਪੇਸ਼ ਹੋ ਗਿਆ। ਕਤਲ ਦੇ ਕਾਰਣਾਂ ਦਾ ਫੌਰੀ ਤੌਰ ’ਤੇ ਖੁਲ੍ਹਾਸਾ ਨਹੀਂ ਹੋਇਆ ਪਰ ਦੱਸਿਆ ਜਾ ਰਿਹਾ ਹੈ ਕਿ ਇਹ ਨੌਜਵਾਨ ਨਸ਼ੇੜੀ ਸੀ ਜਿਸਨੇ ਨਸ਼ੇ ਦੀ ਲੋਰ ਵਿਚ ਹੀ ਇਹ ਕਤਲ ਕੀਤੇ ਹਨ।
ਮ੍ਰਿਤਕਾਂ ਦੀ ਪਛਾਣ ਮਾਂ ਮਨਬੀਰ ਕੌਰ, ਭਾਬੀ ਅਵਨੀਤ ਕੌਰ ਤੇ 2 ਸਾਲਾ ਭਤੀਜਾ ਸਮਰੱਥ ਵਜੋਂ ਹੋਈ ਹੈ। ਥਾਣਾ ਝੰਡੇਰ ਦੀ ਪੁਲਿਸ ਵੱਲੋਂ ਮੌਕੇ ਪਹੁੰਚ ਕੇ ਕਾਰਵਾਈ ਕੀਤੀ ਜਾ ਰਹੀ ਹੈ।