Punjab

ਅਕਾਲੀ ਆਗੂ ਮਲੂਕਾ ਦੀ IAS ਨੂੰਹ ਨੇ ਦਿੱਤਾ ਅਸਤੀਫਾ, ਬਣੀ ਇਹ ਵਜ੍ਹਾ…

Akali leader Maluka's IAS daughter-in-law resigned, this is the reason...

ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਦੀ ਆਈਏਐੱਸ ਨੂੰਹ ਪਰਮਪਾਲ ਕੌਰ ਸਿੱਧੂ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਆਪਣਾ ਅਸਤੀਫ਼ਾ ਪੰਜਾਬ ਸਰਕਾਰ ਨੂੰ ਸੌਂਪ ਦਿੱਤਾ ਹੈ ਜਿਸ ’ਤੇ ਕਾਰਵਾਈ ਦੀ ਪ੍ਰਕਿਰਿਆ ਸ਼ੁਰੂ ਹੋ ਗਈ ਹੈ। ਇਸ ਵੇਲੇ ਇਹ ਅਧਿਕਾਰੀ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ ਦੇ ਮੈਨੇਜਿੰਗ ਡਾਇਰੈਕਟਰ ਦੇ ਅਹੁਦੇ ’ਤੇ ਤਾਇਨਾਤ ਸੀ।

ਸਿਆਸੀ ਹਲਕਿਆਂ ਵਿਚ ਪਰਮਪਾਲ ਕੌਰ ਸਿੱਧੂ ਦੇ ਅਸਤੀਫ਼ੇ ਨੂੰ ਲੋਕ ਸਭਾ ਚੋਣਾਂ ਨਾਲ ਜੋੜ ਕੇ ਦੇਖਿਆ ਜਾ ਰਿਹਾ ਹੈ।  ਚਰਚਾ ਸ਼ੁਰੂ ਹੋ ਗਈ ਹੈ ਕਿ ਪਰਮਪਾਲ ਕੌਰ ਸਿੱਧੂ ਜਲਦ ਭਾਜਪਾ ਦੀ ਟਿਕਟ ’ਤੇ ਬਠਿੰਡਾ ਸੰਸਦੀ ਹਲਕੇ ਤੋਂ ਚੋਣ ਲੜ ਸਕਦੇ ਹਨ।  ਅਨੁਸਾਰ ਪਰਮਪਾਲ ਕੌਰ ਸਿੱਧੂ ਨੇ ਆਪਣੀ ਨੌਕਰੀ ਬਤੌਰ ਬਲਾਕ ਵਿਕਾਸ ਤੇ ਪੰਚਾਇਤ ਅਫਸਰ ਸ਼ੁਰੂ ਕੀਤੀ ਸੀ ਅਤੇ ਉਹ ਲੰਮਾ ਸਮਾਂ ਜ਼ਿਲ੍ਹਾ ਵਿਕਾਸ ਤੇ ਪੰਚਾਇਤ ਅਫਸਰ ਦੇ ਤੌਰ ’ਤੇ ਕਈ ਜ਼ਿਲ੍ਹਿਆਂ ਵਿਚ ਤਾਇਨਾਤ ਰਹੇ। ਉਨ੍ਹਾਂ ਦੀ ਬਤੌਰ ਡਿਪਟੀ ਡਾਇਰੈਕਟਰ ਪਦਉਨਤੀ ਹੋਣ ਮਗਰੋਂ ਪੰਜਾਬ ਸਰਕਾਰ ਨੇ ਉਨ੍ਹਾਂ ਨੂੰ ਨੌਮੀਨੇਸ਼ਨ ਰੂਟ ਜ਼ਰੀਏ ਆਈਏਐੱਸ ਬਣਾ ਦਿੱਤਾ ਸੀ। ਪਰਮਪਾਲ ਕੌਰ ਸਿੱਧੂ 2011 ਬੈਚ ਦੇ ਆਈਏਐਸ ਅਧਿਕਾਰੀ ਹਨ ਜਿਨ੍ਹਾਂ ਦੀ ਸੇਵਾਮੁਕਤੀ 31 ਅਕਤੂਬਰ 2024 ਨੂੰ ਹੋਣੀ ਸੀ।

ਪਰਮਪਾਲ ਕੌਰ ਨੇ ਆਪਣੀ ਸੇਵਾ ਮੁਕਤੀ ਤੋਂ ਕਰੀਬ ਸੱਤ ਮਹੀਨੇ ਪਹਿਲਾਂ ਅਸਤੀਫ਼ਾ ਦੇ ਦਿੱਤਾ ਹੈ। ਬੇਸ਼ੱਕ ਸਿਆਸੀ ਤੌਰ ’ਤੇ ਪਰਮਪਾਲ ਕੌਰ ਸਿੱਧੂ ਨੂੰ ਅਕਾਲੀ ਭਾਜਪਾ ਗੱਠਜੋੜ ਦੌਰਾਨ ਲਾਹਾ ਮਿਲਦਾ ਰਿਹਾ ਹੈ ਪ੍ਰੰਤੂ ਹੁਣ ਜਦੋਂ ਗੱਠਜੋੜ ਸਰਕਾਰ ਹੋਂਦ ਵਿਚ ਨਹੀਂ ਹੈ ਤਾਂ ਉਸ ਦੇ ਪਰਿਵਾਰ ਦਾ ਨਾਤਾ ਅਕਾਲੀ ਦਲ ਨਾਲ ਹੋਣ ਕਰਕੇ ਕੋਈ ਅਹਿਮ ਪੋਸਟਿੰਗ ਨਹੀਂ ਮਿਲੀ। ਇਹ ਵੀ ਚਰਚਾ ਹੈ ਕਿ ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਭਾਜਪਾ ਵਿਚ ਸ਼ਾਮਿਲ ਹੋ ਸਕਦੇ ਹਨ ਪ੍ਰੰਤੂ ਮਲੂਕਾ ਇਸ ਦਾ ਖੰਡਨ ਕਰ ਚੁੱਕੇ ਹਨ।

ਸਾਬਕਾ ਮੰਤਰੀ ਸਿਕੰਦਰ ਸਿੰਘ ਮਲੂਕਾ ਨੇ ਕਿਹਾ ਕਿ ਪਰਮਪਾਲ ਕੌਰ ਨੇ ਕਿਸੇ ਸਿਆਸੀ ਕਾਰਨ ਕਰਕੇ ਅਸਤੀਫ਼ਾ ਨਹੀਂ ਦਿੱਤਾ ਹੈ ਬਲਕਿ ਉਹ ਕੁਝ ਸਮੇਂ ਤੋਂ ਕੁਝ ਰੁਝੇਵਿਆਂ ਕਰਕੇ ਨੌਕਰੀ ਛੱਡਣ ਦਾ ਮਨ ਬਣਾ ਰਹੇ ਸਨ। ਮਲੂਕਾ ਨੇ ਕਿਹਾ ਕਿ ਇਸ ਅਸਤੀਫ਼ੇ ਨੂੰ ਕਿਸੇ ਸਿਆਸੀ ਨਜ਼ਰੀਏ ਤੋਂ ਨਾ ਦੇਖਿਆ ਜਾਵੇ।