International

ਤੁਰਕੀ ‘ਚ ਕੋਰੋਨਾ ਕਾਰਨ 6 ਹਜ਼ਾਰ ਤੋਂ ਵੱਧ ਮੌਤਾਂ, ਸਰਕਾਰ ਨੇ ਚੁੱਕੇ ਸਖ਼ਤ ਕਦਮ, ਲੋਕਾਂ ਨੂੰ ਕੀਤੀ ਅਪੀਲ

‘ਦ ਖ਼ਾਲਸ ਬਿਊਰੋ:- ਤੁਰਕੀ ਵਿੱਚ ਕੋਰੋਨਾਵਾਇਰਸ ਕਾਰਨ ਕਰੀਬ 6 ਹਜ਼ਾਰ ਲੋਕਾਂ ਦੀ ਮੌਤ ਹੋ ਚੁੱਕੀ ਹੈ,  ਕੋਰੋਨਾ ਦੇ ਵੱਧ ਰਹੇ ਕਹਿਰ ਅਤੇ ਮੌਤਾਂ ਦੇ ਕਾਰਨ ਸਰਕਾਰ ਬੇਹੱਦ ਚਿੰਤਾਂ ਵਿੱਚ ਹੈ। ਅਗਸਤ ਮਹੀਨੇ ਦੇ ਪਹਿਲੇ ਹਫਤੇ ਤੁਰਕੀ ਸਰਕਾਰ ਨੇ ਨਵੇਂ ਆਦੇਸ਼ ਜਾਰੀ ਕੀਤੇ ਸਨ, ਪਰ ਡਾਕਟਰਾਂ ਨੇ ਪਹਿਲਾਂ ਹੀ ਚਿਤਾਵਨੀ ਦੇ ਦਿੱਤੀ ਹੈ, ਗਰਮੀ ਜ਼ਿਆਦਾ ਹੋਣ ਕਾਰਨ ਸਿਹਤ ਕਰਮੀਆਂ ਵਿੱਚ ਕੋਰੋਨਾ ਦੇ ਮਾਮਲੇ ਵੱਧਦੇ ਹੀ ਜਾ ਰਹੇ ਹਨ।

 

ਦੇਸ਼ ਦੇ ਸਿਹਤ ਮੰਤਰੀ ਫਹਿਰੇਤਿਨ ਕੋਜ਼ਾ ਨੇ ਕਿਹਾ ਕਿ ਪਿਛਲੇ 24 ਘੰਟਿਆਂ ਦੌਰਾਨ ਦੇਸ਼ ਵਿੱਚ ਕੋਰੋਨਾਵਾਇਰਸ ਦੇ 1,256 ਨਵੇਂ ਕੇਸ ਦਰਜ ਕੀਤੇ ਗਏ ਹਨ, ਜਦਕਿ 21 ਲੋਕਾਂ ਦੀ ਮੌਤ ਹੋ ਗਈ ਹੈ, ਜਿਸ ਕਾਰਨ ਦੇਸ਼ ਵਿੱਚ ਹੁਣ ਕੁੱਲ ਕੇਸਾਂ ਦੀ ਗਿਣਤੀ ਵੱਧ ਕੇ ਤਿੰਨ ਲੱਖ ਦੇ ਕਰੀਬ ਪਹੁੰਚ ਗਈ ਹੈ। ਸਿਹਤ ਮੰਤਰੀ ਨੇ ਦੇਸ਼ ਵਾਸੀਆਂ ਨੂੰ ਮਹਾਂਮਾਰੀ ਦਾ ਮੁਕਾਬਲਾ ਕਰਨ ਲਈ ਰਲਮਿਲ ਕੇ ਸਹਿਯੋਗ ਦੇਣ ਦੀ ਅਪੀਲ ਕੀਤੀ ਹੈ, ਤਾਂ ਜੋ ਕੋਰੋਨਾ ਦੇ ਫੈਲਾਅ ਨੂੰ ਰੋਕਿਆ ਜਾ  ਸਕੇ।

ਕੋਰੋਨਾ ਮਹਾਂਮਾਰੀ ਦੌਰਾਨ ਲਗਾਈਆਂ ਗਈਆਂ ਪਾਬੰਦੀਆਂ ਨੂੰ ਤੁਰਕੀ ਸਰਕਾਰ ਨੇ 1 ਜੂਨ ਤੋਂ ਢਿੱਲ ਦੇਣੀ ਸ਼ੁਰੂ ਕਰ ਦਿੱਤੀ ਸੀ, ਜਿਸ ਤੋਂ ਬਾਅਦ ਹੁਣ ਮੁੜ ਸਖਤੀ ਕਰ ਦਿੱਤੀ ਗਈ ਹੈ, ਮਾਸਕ ਨਾ ਪਾਉਣ ਵਾਲਿਆਂ ਅਤੇ Covid-19 ਦੇ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਨੂੰ ਜੁਰਮਾਨਾ ਲਗਾਉਣਾ ਸ਼ੁਰੂ ਕਰ ਦਿੱਤਾ ਹੈ।

 

ਸਿਹਤ ਕਰਮਚਾਰੀਆਂ ਦੀ ਐਸ਼ੋਸੀਏਸ਼ਨ ਨੇ ਇੱਕ ਰਿਪੋਰਟ ਜਾਰੀ ਕਰਦਿਆਂ ਕਿਹਾ ਕਿ ਸਰਕਾਰੀ ਟੈਸਟਾਂ ਦੇ ਅੰਕੜਿਆਂ ਦੇ ਅਧਾਰ ‘ਤੇ ਇਹ ਕਿਹਾ ਜਾ ਸਕਦਾ ਹੈ ਕਿ ਦੇਸ਼ ਵਿੱਚ ਕੋਰੋਨਾਵਾਇਰਸ ਦੇ ਅਸਲ ਮਾਮਲੇ ਸਰਕਾਰੀ ਅੰਕੜਿਆਂ ਨਾਲੋਂ ਦਸ ਗੁਣਾ ਜ਼ਿਆਦਾ ਹੋਣਗੇ। ਐਸੋਸੀਏਸ਼ਨ ਮੁਤਾਬਿਕ, ਪਿਛਲੇ ਪੰਜ ਮਹੀਨਿਆਂ ਵਿੱਚ ਦੇਸ਼ ਵਿੱਚ 27 ਡਾਕਟਰਾਂ ਅਤੇ 53 ਸਿਹਤ ਕਰਮਚਾਰੀਆਂ ਦੀ ਮੌਤ ਕੋਰੋਨਾਵਾਇਰਸ ਕਾਰਨ ਹੋ ਚੁੱਕੀ ਹੈ।