International

ਤੁਰਕੀ-ਸੀਰੀਆ ‘ਚ ਦੁਨੀਆ ਤੋਂ ਰੁਖ਼ਸਤ ਹੋਣ ਵਾਲਿਆਂ ਦੀ ਗਿਣਤੀ 21 ਹਜ਼ਾਰ ਤੋਂ ਹੋਈ ਪਾਰ…

Turkey-Syria Earthquake News

ਤੁਰਕੀ(Turkey) ਅਤੇ ਸੀਰੀਆ (Syria) ਵਿੱਚ ਭੂਚਾਲ(earthquake) ਕਾਰਨ ਮਰਨ ਵਾਲਿਆਂ ਦੀ ਗਿਣਤੀ 21,000 ਤੋਂ ਵੱਧ ਹੋ ਗਈ ਹੈ। ਭੂਚਾਲ ਆਉਣ ‘ਚ ਕਰੀਬ 100 ਘੰਟੇ ਦਾ ਸਮਾਂ ਹੋਣ ਵਾਲਾ ਹੈ। ਮਾਹਿਰਾਂ ਦਾ ਮੰਨਣਾ ਹੈ ਕਿ ਭੂਚਾਲ ਵਰਗੀ ਵੱਡੀ ਕੁਦਰਤੀ ਆਫ਼ਤ ਦੇ 72 ਘੰਟੇ ਬਾਅਦ ਵੀ ਮਲਬੇ ਵਿੱਚ ਹੋਰ ਲੋਕਾਂ ਦੇ ਬਚਣ ਦੀ ਸੰਭਾਵਨਾ ਘਟਦੀ ਰਹਿੰਦੀ ਹੈ। । ਕੜਾਕੇ ਦੀ ਠੰਢ ਵਿੱਚ ਰਾਹਤ ਤੇ ਬਚਾਅ ਕਾਰਜਾਂ ਵਿੱਚ ਟੀਮਾਂ ਜੁਟੀਆਂ ਹੋਈਆਂ ਹਨ। ਪਰ ਦੂਜੇ ਪਾਸੇ ਮਰਨ ਵਾਲਿਆਂ ਦੀ ਗਿਣਤੀ ਵਧਦੀ ਜਾ ਰਹੀ ਹੈ।

ਤੁਰਕੀ ਅਤੇ ਸੀਰੀਆ ਵਿੱਚ ਸੋਮਵਾਰ ਨੂੰ ਆਏ ਵਿਨਾਸ਼ਕਾਰੀ ਭੂਚਾਲ ਕਾਰਨ ਲੱਖਾਂ ਬੇਘਰ ਲੋਕ ਠੰਡ, ਭੁੱਖ ਅਤੇ ਨਿਰਾਸ਼ਾ ਨਾਲ ਜੂਝ ਰਹੇ ਹਨ। ਤੁਰਕੀ ਦੀ ਬੋਗਾਜ਼ਿਕੀ ਯੂਨੀਵਰਸਿਟੀ ਦੀ ਸ਼ੁਰੂਆਤੀ ਰਿਪੋਰਟ ਦੇ ਅਨੁਸਾਰ, ਭੂਚਾਲ ਦੇ ਕੇਂਦਰ ਕਹਰਾਮਨਮਾਰਸ ਵਿੱਚ ਲਗਭਗ 40% ਇਮਾਰਤਾਂ ਨੂੰ ਨੁਕਸਾਨ ਪਹੁੰਚਿਆ ਹੈ। ਦੂਜੇ ਪਾਸੇ ਸੰਯੁਕਤ ਰਾਸ਼ਟਰ ਦੀ ਪਹਿਲੀ ਡਾਕਟਰੀ ਸਹਾਇਤਾ ਸੀਰੀਆ ਦੇ ਬਾਗੀਆਂ ਦੇ ਕਬਜ਼ੇ ਵਾਲੇ ਇਲਾਕੇ ਵਿੱਚ ਪਹੁੰਚ ਗਈ ਹੈ। ਹਾਲਾਂਕਿ ਅਧਿਕਾਰੀਆਂ ਦਾ ਮੰਨਣਾ ਹੈ ਕਿ ਸਮਾਂ ਬੀਤਣ ਦੇ ਨਾਲ ਹੋਰ ਲੋਕਾਂ ਨੂੰ ਬਚਾਉਣ ਦੀ ਉਮੀਦ ਘੱਟਦੀ ਜਾ ਰਹੀ ਹੈ।

WHO ਦੇ ਡਾਇਰੈਕਟਰ-ਜਨਰਲ ਟੇਡਰੋਸ ਅਡਾਨੋਮ ਘੇਬਰੇਅਸਸ ਭੂਚਾਲ ਪੀੜਤਾਂ ਲਈ ਢੁਕਵੀਂ ਸਿਹਤ ਸੰਭਾਲ ਯਕੀਨੀ ਬਣਾਉਣ ਲਈ ਸੀਰੀਆ ਲਈ ਰਵਾਨਾ ਹੋ ਗਏ ਹਨ। WHO ਦੇ ਮੁਖੀ ਨੇ ਟਵੀਟ ਕੀਤਾ, “ਮੈਂ ਸੀਰੀਆ ਜਾ ਰਿਹਾ ਹਾਂ, ਜਿੱਥੇ WHO ਹਾਲ ਹੀ ਦੇ ਭੂਚਾਲ ਤੋਂ ਪ੍ਰਭਾਵਿਤ ਖੇਤਰਾਂ ਵਿੱਚ ਸਿਹਤ ਸੰਬਧੀ ਜ਼ਰੂਰੀ ਦੇਖਭਾਲ ਲਈ ਮਦਦ ਕਰ ਰਿਹਾ ਹੈ।”

ਵਿਸ਼ਵ ਬੈਂਕ ਤੁਰਕੀ ਦੀ ਮਦਦ ਕਰੇਗਾ

ਵਿਸ਼ਵ ਬੈਂਕ ਨੇ ਕਿਹਾ ਕਿ ਉਹ ਰਾਹਤ ਅਤੇ ਪੁਨਰਵਾਸ ਦੇ ਯਤਨਾਂ ਵਿੱਚ ਮਦਦ ਲਈ ਤੁਰਕੀ ਨੂੰ 1.78 ਬਿਲੀਅਨ ਡਾਲਰ ਦੇਵੇਗਾ। ਤੁਰਕੀ ਅਤੇ ਸੀਰੀਆ ਵਿੱਚ ਭੂਚਾਲ ਦੇ ਬਾਅਦ ਤੋਂ ਲੱਖਾਂ ਲੋਕਾਂ ਦੇ ਸਾਹਮਣੇ ਬੇਘਰ ਹੋਣ ਦਾ ਖਤਰਾ ਪੈਦਾ ਹੋ ਗਿਆ ਹੈ। ਸੰਯੁਕਤ ਰਾਸ਼ਟਰ ਦੇ ਸੱਭਿਆਚਾਰਕ ਸੰਗਠਨ ਯੂਨੈਸਕੋ ਨੇ ਚੇਤਾਵਨੀ ਦਿੱਤੀ ਹੈ ਕਿ ਉਸ ਦੀ ਵਿਸ਼ਵ ਵਿਰਾਸਤ ਸੂਚੀ ਵਿੱਚ ਸ਼ਾਮਲ ਦੋ ਸਥਾਨ ਭੂਚਾਲ ਨਾਲ ਪ੍ਰਭਾਵਿਤ ਹੋ ਸਕਦੇ ਹਨ। ਇਨ੍ਹਾਂ ‘ਚ ਸੀਰੀਆ ਦੇ ਪੁਰਾਣੇ ਸ਼ਹਿਰ ਅਲੈਪੋ ਅਤੇ ਦੱਖਣ-ਪੂਰਬੀ ਸ਼ਹਿਰ ਦੀਯਾਰਬਾਕੀਰ ਦੇ ਕਿਲੇ ਨੂੰ ਨੁਕਸਾਨ ਪਹੁੰਚਿਆ ਹੈ। ਯੂਨੈਸਕੋ ਨੇ ਕਿਹਾ ਕਿ ਕਈ ਹੋਰ ਵਿਰਾਸਤੀ ਇਮਾਰਤਾਂ ਵੀ ਪ੍ਰਭਾਵਿਤ ਹੋ ਸਕਦੀਆਂ ਹਨ।

NDRF ਦੀਆਂ 4 ਹੋਰ ਟੀਮਾਂ ਜਲਦੀ ਹੀ ਜਾਣਗੀਆਂ

ਤੁਰਕੀ ਹਾਦਸੇ ‘ਚ ਭਾਰਤੀ ਬਚਾਅ ਦਲ NDRF ਦੀਆਂ 4 ਹੋਰ ਟੀਮਾਂ ਜਲਦ ਹੀ ਹਾਦਸੇ ਵਾਲੀ ਥਾਂ ‘ਤੇ ਜਾਣਗੀਆਂ। NDRF ਦੀਆਂ 3 ਟੀਮਾਂ ਪਹਿਲਾਂ ਹੀ ਤੁਰਕੀ ਵਿੱਚ ਮੌਜੂਦ ਹਨ। ਜਿਸ ਦੇ ਮੈਂਬਰਾਂ ਦੀ ਗਿਣਤੀ 151 ਹੈ ਅਤੇ ਉਹ ਬਚਾਅ ਅਤੇ ਰਾਹਤ ਕਾਰਜ ਕਰ ਰਹੇ ਹਨ। ਇਨ੍ਹਾਂ 4 ਟੀਮਾਂ ਦੇ ਆਉਣ ਤੋਂ ਬਾਅਦ ਟੀਮਾਂ ਦੀ ਕੁੱਲ ਗਿਣਤੀ 7 ਅਤੇ ਬਚਾਅ ਟੀਮ ਦੇ ਮੈਂਬਰਾਂ ਦੀ ਗਿਣਤੀ 350 ਹੋ ਜਾਵੇਗੀ। ਬਚਾਅ ਟੀਮਾਂ ਦੇ ਨਾਲ-ਨਾਲ ਮੈਡੀਕਲ ਟੀਮਾਂ ਵੀ ਮੌਜੂਦ ਹਨ, ਜੋ ਜ਼ਖਮੀਆਂ ਨੂੰ ਮੁੱਢਲੀ ਸਹਾਇਤਾ ਦੇਣ ਦਾ ਕੰਮ ਕਰ ਰਹੀਆਂ ਹਨ। ਦੂਜੇ ਪਾਸੇ ਸੀਰੀਆ ‘ਚ ਆਏ ਭਿਆਨਕ ਭੂਚਾਲ ਤੋਂ ਬਾਅਦ ਸੀਰੀਆ ਦੇ ਦੂਤਾਵਾਸ ਨੇ ਭਾਰਤ ‘ਚ ਲੋਕਾਂ ਨੂੰ ਦਾਨ ਦੇਣ ਦੀ ਅਪੀਲ ਕੀਤੀ ਹੈ।