Punjab

ਬੱਕਰੀ ਦੀ ਵਜ੍ਹਾ ਕਰਕੇ ਪੰਜਾਬ ਦਾ ਇੱਕ ਨੌਜਵਾਨ ਨਹੀਂ ਰਿਹਾ ! ਦੂਜੇ ਦਾ ਹੋਇਆ ਇਹ ਹਾਲ

 

ਬਿਉਰੋ ਰਿਪੋਰਟ : ਸੰਗਰੂਰ ਵਿੱਚ ਇੱਕ ਬੱਕਰੀ ਦੀ ਵਜ੍ਹਾ ਕਰਕੇ 1 ਸ਼ਖ਼ਸ ਦੀ ਜਾਨ ਚੱਲੀ ਗਈ ਹੈ ਜਦਕਿ ਦੂਜਾ ਗੰਭੀਰ ਹਾਲਤ ਵਿੱਚ ਹੈ । ਦਰਅਸਲ ਬਕਰੀ ਗਵਾਚ ਜਾਣ ਦੀ ਵਜ੍ਹਾ ਕਰਕੇ 2 ਪੱਖਾਂ ਵਿੱਚ ਵਿਵਾਦ ਹੋ ਗਿਆ ਅਤੇ ਵੇਖਦੇ ਹੀ ਵੇਖਦੇ ਇਹ ਹਿੰਸਕ ਹੋ ਗਿਆ । ਜਿਸ ਸ਼ਖ਼ਸ ਦੀ ਇਸ਼ ਵਿਵਾਦ ਵਿੱਚ ਜਾਨ ਗਈ ਹੈ ਉਸ ਦੇ ਪਰਿਵਾਰ ਵਾਲਿਆਂ ਨੇ ਧਰਨਾ ਲਾ ਦਿੱਤਾ ਹੈ ਅਤੇ ਪੁਲਿਸ ਤੋਂ ਮੁਲਜ਼ਮਾਂ ਖਿਲਾਫ਼ ਕਾਰਵਾਈ ਦੀ ਮੰਗ ਕੀਤੀ ਹੈ ।

ਘਟਨਾ ਸੰਗਰੂਰ ਜ਼ਿਲ੍ਹੇ ਦੇ ਗੁਜਰਾਂ ਪਿੰਡ ਵਿੱਚ ਹੋਈ । ਪਿੰਡ ਦੇ ਰਹਿਣ ਵਾਲੇ ਦਮਨਜੀਤ ਸਿੰਘ ਨੇ ਬੱਕਰੀਆਂ ਪਾਲੀਆਂ ਸਨ । ਦਮਨਜੀਤ ਰੋਜ਼ਾਨਾ ਆਪਣੀ ਬੱਕਰੀਆਂ ਚਰਾਉਣ ਪਿੰਡ ਦੇ ਖੇਤਾਂ ਵਿੱਚ ਜਾਂਦਾ ਸੀ । 7 ਫਰਵਰੀ ਨੂੰ ਦਮਨਜੀਤ ਨੂੰ ਕਿਸੇ ਕੰਮ ਨੂੰ ਲੈਕੇ ਪਿੰਡ ਤੋਂ ਬਾਹਰ ਜਾਣਾ ਪਿਆ ਤਾਂ ਉਸ ਨੇ ਨੰਗਲਾ ਪਿੰਡ ਦੇ ਰਹਿਣ ਵਾਲੇ ਆਪਣੇ ਰਿਸ਼ਤੇਦਾਰ ਬੂਟਾ ਸਿੰਘ ਨੂੰ ਕਿਹਾ ਕਿ ਉਹ ਉਸ ਦੀਆਂ ਬੱਕਰੀਆਂ ਚਰਾਉਣ ਲੈ ਜਾਵੇ। ਇਸੇ ਪਿੰਡ ਦੇ ਰਹਿਣ ਵਾਲੇ ਨਾਰੰਗ ਸਿੰਘ ਨੇ ਬੱਕਰੀਆਂ ਪਾਲ ਰੱਖੀਆਂ ਸਨ ।

ਕੁੱਟਮਾਰ ਦੀ ਵਜ੍ਹਾ ਕਰਕੇ ਹੋਈ ਮੌਤ

ਦਿਨ ਵਿੱਚ ਬੂਟਾ ਸਿੰਘ ਜਦੋਂ ਬੱਕਰੀਆਂ ਨੂੰ ਚਰਾਉਣ ਲੈ ਗਿਆ ਤਾਂ ਇੱਕ ਬਕਰੀ ਗਵਾਚ ਗਈ । ਸ਼ਾਮ ਨੂੰ ਦਮਨਜੀਤ ਪਿੰਡ ਪਰਤ ਆਇਆ ਤਾਂ ਉਸ ਨੂੰ ਬੱਕਰੀ ਬਾਰੇ ਜਾਣਕਾਰੀ ਮਿਲੀ । ਇਸ ਤੋਂ ਬਾਅਦ ਉਹ ਆਪਣੇ ਪੁੱਤਰ ਹੰਸਾ ਸਿੰਘ ਅਤੇ ਰਿਸ਼ਤੇਦਾਰ ਬੂਟਾ ਸਿੰਘ ਨੂੰ ਨਾਲ ਲੈਕੇ ਬੱਕਰੀ ਨੂੰ ਲੱਭਣ ਨਿਕਲ ਗਿਆ । ਇਸੇ ਦੌਰਾਨ ਉਸ ਦਾ ਨਾਰੰਗ ਸਿੰਘ ਦੇ ਪਰਿਵਾਰ ਅਤੇ ਉਸ ਦੇ ਸਾਥੀਆਂ ਨਾਲ ਵਿਵਾਦ ਹੋ ਗਿਆ । ਵੇਖਦੇ ਹੀ ਵੇਖਦੇ ਕੁੱਟਮਾਰ ਸ਼ੁਰੂ ਹੋ ਗਈ । ਦੋਵਾਂ ਪੱਖਾਂ ਵਿਚਾਲੇ ਹੋਈ ਹਿੰਸਕ ਝੜਪ ਵਿੱਚ ਬੂਟਾ ਸਿੰਘ ਅਤੇ ਹੰਸਾ ਸਿੰਘ ਗੰਭੀਰ ਜ਼ਖ਼ਮੀ ਹੋ ਗਏ ਦੋਵਾਂ ਨੂੰ ਹਸਪਤਾਲ ਵਿੱਚ ਭਰਤੀ ਕਰਵਾਇਆ ਗਿਆ ਜਿੱਥੇ ਬੂਟਾ ਸਿੰਘ ਦੀ ਮੌਤ ਹੋ ਗਈ ।

ਮ੍ਰਿਤਕ ਦੀ ਪਤਨੀ ਨੇ ਕੇਸ ਦਰਜ ਕਰਵਾਇਆ

ਬੂਟਾ ਸਿੰਘ ਦੀ ਪਤਨੀ ਜਸਵੀਰ ਕੌਰ ਦੇ ਬਿਆਨ ‘ਤੇ ਪੁਲਿਸ ਨੇ ਨਾਰੰਗ ਸਿੰਘ ਦੇ ਪੁੱਤਰ ਮੱਧਰ ਸਿੰਘ ਅਤੇ ਉਸ ਦੇ 4 ਸਾਥੀਆਂ ਦੇ ਖਿਲਾਫ਼ IPC ਦੀ ਧਾਰਾ 302, 365, 341, 342, 323, 148, 149 ਦੇ ਤਹਿਤ ਕੇਸ ਦਰਜ ਕਰ ਲਿਆ ਹੈ । ਬੂਟਾ ਸਿੰਘ ਦੀ ਮੌਤ ਤੋਂ ਬਾਅਦ ਪਿੰਡ ਦੇ ਦਲਿਤ ਸਮਾਜ ਵਿੱਚ ਗੁੱਸਾ ਹੈ । ਬੂਟਾ ਸਿੰਘ ਦੀ ਲਾਸ਼ ਨੂੰ ਲੈਕੇ SC ਭਾਈਚਾਰਾ ਪਰਿਵਾਰ ਦੇ ਨਾਲ ਧਰਨੇ ‘ਤੇ ਬੈਠ ਗਿਆ ਹੈ । ਧਰਨੇ ਦੇ ਬੈਠੇ ਲੋਕਾਂ ਦਾ ਕਹਿਣਾ ਹੈ ਕਿ ਬੂਟਾ ਸਿੰਘ ਦਲਿਤ ਦੇ ਨਾਲ ਸਬੰਧ ਰੱਖਦਾ ਹੈ ।

ਪੁਲਿਸ ਮੌਕੇ ‘ਤੇ ਪਹੁੰਚੀ

ਸੰਗਰੂਰ ਦੇ SP ਪਲਵਿੰਦਰ ਸਿੰਘ ਚੀਮਾ ਅਤੇ ਦਿੜਬਾ ਦੇ DSP ਪ੍ਰਿਥਵੀ ਸਿੰਘ ਮੌਕੇ ‘ਤੇ ਪਹੁੰਚੇ । ਦੋਵਾਂ ਨੇ ਧਰਨੇ ‘ਤੇ ਬੈਠੇ ਲੋਕਾਂ ਨੂੰ ਵਿਸ਼ਵਾਸ਼ ਦਿਵਾਇਆ ਕਿ ਪੁਲਿਸ ਉਨ੍ਹਾਂ ਦੀਆਂ ਮੰਗਾਂ ਨੂੰ ਹੱਲ ਕਰਨ ਦੀ ਕੋਸ਼ਿਸ਼ ਕਰਨਗੇ। ਜਿਸ ਤੋਂ ਬਾਅਦ ਧਰਨਾ ਖ਼ਤਮ ਕਰ ਦਿੱਤਾ ਗਿਆ ।