‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਖੰਡੇ ਦੀ ਧਾਰ ਵਿੱਚੋਂ ਪੈਦਾ ਹੋਈ ਸਿੱਖ ਕੌਮ ਨੂੰ ਸ਼ਹੀਦੀਆਂ ਤੇ ਕੁਰਬਾਨੀਆਂ ਕਰਕੇ ਯਾਦ ਕੀਤਾ ਜਾਂਦਾ ਹੈ। ਯੁੱਧ ਦੇ ਮੈਦਾਨ ਵਿੱਚ ਇੱਕ-ਇੱਕ ਸਿੰਘ ਸਵਾ-ਸਵਾ ਲੱਖ ਨਾਲ ਮੁਕਾਬਲਾ ਕਰਨ ਦੇ ਸਮਰੱਥ ਸੀ। ਸੀਸ ਨੂੰ ਤਲੀ ‘ਤੇ ਟਿਕਾ ਕੇ ਦੁਸ਼ਮਣ ਨਾਲ ਟੱਕਰ ਲੈਣਾ, ਰੰਬੀਆਂ ਨਾਲ ਖੋਪੜ ਲੁਹਾਉਣਾ, ਬੰਦ-ਬੰਦ ਕਟਵਾਉਣਾ, ਦੁੱਧ ਚੁੰਘਦੇ ਬੱਚਿਆਂ ਨੂੰ ਅੱਖਾਂ ਸਾਹਮਣੇ ਨੇਜਿਆਂ ‘ਤੇ ਟੰਗ ਕੇ ਉਨ੍ਹਾਂ ਦੇ ਹਾਰ ਗਲਾਂ ਵਿੱਚ ਪਵਾਉਣਾ, ਇਹ ਸਭ ਤਸੀਹੇ ਭਰੇ ਕਾਰਨਾਮੇ ਸਿੱਖ ਕੌਮ ਦੇ ਹਿੱਸੇ ਹੀ ਆਏ ਪਰ ਤਲਵਾਰਾਂ ਦੀ ਛਾਂ ਹੇਠ ਪਲੇ ਖ਼ਾਲਸੇ ਨੇ ਇਸ ਜ਼ੁਲਮ ਅੱਗੇ ਹਾਰ ਨਹੀਂ ਮੰਨੀ ਤੇ ਪਰਮਾਤਮਾ ਦੀ ਓਟ ਲੈ ਕੇ ਜ਼ੁਲਮ ਦਾ ਟਾਕਰਾ ਕੀਤਾ। ਇਹ ਖ਼ਾਲਸਾ ਕਦੇ ਪੰਥ ਦੀ ਆਣ ਲਈ ਸੀਸ ਤਲੀ ‘ਤੇ ਧਰ ਕੇ ਲੜਿਆ ਤੇ ਕਦੇ ਗੁਰਧਾਮਾਂ ਦੀ ਆਜ਼ਾਦੀ ਲਈ ਸੰਘਰਸ਼ ਕੀਤਾ।
ਸਿੱਖ ਮੋਰਚਿਆਂ ਦਾ ਆਰੰਭ ਗੁਰਦੁਆਰਿਆਂ ਨੂੰ ਮਹੰਤਾਂ ਦੇ ਕਬਜ਼ੇ ‘ਚੋਂ ਆਜ਼ਾਦ ਕਰਵਾਉਣ ਲਈ ਹੋਇਆ। ਅੰਗਰੇਜ਼ਾਂ ਨੇ ਆਪਣੀ ਸੱਤਾ ਨੂੰ ਕਾਇਮ ਰੱਖਣ ਲਈ ਸਿੱਖਾਂ ਦੇ ਗੁਰਧਾਮਾਂ ਨੂੰ ਢਾਹ ਲਾਉਣੀ ਸ਼ੁਰੂ ਕਰ ਦਿੱਤੀ ਸੀ। ਉਨ੍ਹਾਂ ਨੂੰ ਇਹ ਪਤਾ ਸੀ ਕਿ ਇਸਾਈ ਧਰਮ ਦੇ ਪ੍ਰਚਾਰ ਲਈ ਸਿੱਖਾਂ ਦੇ ਕੇਂਦਰੀ ਧੁਰੇ ਭਾਵ ਕਿ ਗੁਰਦੁਆਰਿਆਂ ਦੀ ਮਰਿਯਾਦਾ ਨੂੰ ਖ਼ਤਮ ਕਰਨਾ ਜ਼ਰੂਰੀ ਹੈ। ਇਸ ਲਈ ਅੰਗਰੇਜ਼ਾਂ ਨੇ ਮਹੰਤਾਂ ਨੂੰ ਆਪਣੇ ਨਾਲ ਰਲਾ ਲਿਆ। ਮਹੰਤ ਇੰਨੇ ਭ੍ਰਿਸ਼ਟ ਹੋ ਚੁੱਕੇ ਸਨ ਕਿ ਗੁਰਦੁਆਰਿਆਂ ਵਿੱਚ ਸਿੱਖੀ ਸਿਧਾਂਤਾਂ ਦੇ ਉਲਟ ਹਰ ਕੁਕਰਮ ਕੀਤਾ ਜਾ ਰਿਹਾ ਸੀ। ਇਹ ਸਭ ਕੁੱਝ ਸਿੱਖਾਂ ਲਈ ਬਰਦਾਸ਼ਤ ਕਰਨਾ ਔਖਾ ਸੀ। ਉਨ੍ਹਾਂ ਨੇ ਇਨ੍ਹਾਂ ਦੁਰਾਚਾਰੀ ਮਹੰਤਾਂ ਨੂੰ ਸਬਕ ਸਿਖਾਉਣ ਅਤੇ ਗੁਰਦੁਆਰਿਆਂ ਨੂੰ ਮੁੜ ਤੋਂ ਸੰਗਤ ਦੇ ਪ੍ਰਬੰਧ ਹੇਠ ਲਿਆਉਣ ਲਈ ਕਮਰਕੱਸਾ ਕਰ ਲਿਆ।
ਗੁਰੂ ਕੇ ਬਾਗ ਦਾ ਮੋਰਚਾ ਵੀ ਇਸੇ ਮਕਸਦ ਲਈ ਲਾਇਆ ਗਿਆ ਸੀ। ਇਹ ਮੋਰਚਾ ਅਕਾਲੀ ਲਹਿਰ ਦਾ ਸਭ ਤੋਂ ਮਹੱਤਵਪੂਰਨ ਮੋਰਚਾ ਸੀ। ਅੰਮ੍ਰਿਤਸਰ ਤੋਂ 13 ਕੁ ਮੀਲ ਦੀ ਦੂਰੀ ‘ਤੇ ਸ਼੍ਰੀ ਗੁਰੂ ਅਰਜਨ ਦੇਵ ਜੀ ਤੇ ਸ਼੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੀ ਪਵਿੱਤਰ ਯਾਦ ਨੂੰ ਸਮਰਪਿਤ ਇਹ ਗੁਰਦੁਆਰਾ ਸਾਹਿਬਾਨ ਸਥਾਪਤ ਸਨ। ਇਨ੍ਹਾਂ ਗੁਰਦੁਆਰਿਆਂ ਦੇ ਨਾਮ ਬਹੁਤ ਜ਼ਮੀਨ ਸੀ ਜੋ ਇੱਥੋਂ ਦੇ ਮਹੰਤ ਸੁੰਦਰ ਦਾਸ ਦੇ ਕਬਜ਼ੇ ਹੇਠ ਸੀ। ਮਹੰਤ ਸੁੰਦਰ ਦਾਸ ਅੱਤ ਦਾ ਦੁਰਾਚਾਰੀ ਤੇ ਅੱਯਾਸ਼ੀਆਂ ਦਾ ਮਾਲਕ ਸੀ। ਉਹ ਇੰਨਾ ਜ਼ਿਆਦਾ ਬਦਨਾਮ ਹੋ ਚੁੱਕਾ ਸੀ ਕਿ ਸਿੱਖ ਸੰਗਤ ਉਸਨੂੰ ਲਗਾਮ ਲਾਉਣ ਲਈ ਹਰ ਸਮੇਂ ਤਿਆਰ ਸੀ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉੱਘੇ ਪੰਥ ਸੇਵਕ ਸ.ਦਾਨ ਸਿੰਘ ਵਿਛੋਆ ਨੂੰ ਇਨ੍ਹਾਂ ਦੋਵਾਂ ਗੁਰਧਾਮਾਂ ਦੇ ਪ੍ਰਬੰਧ ਵਿੱਚ ਸੁਧਾਰ ਲਿਆਉਣ ਲਈ ਨਿਯੁਕਤ ਕਰ ਦਿੱਤਾ। ਸ.ਦਾਨ ਸਿੰਘ ਨੇ ਮਹੰਤ ਨੂੰ ਅੱਯਾਸ਼ੀਆਂ ਛੱਡ ਕੇ ਗੁਰਸਿੱਖੀ ਜੀਵਨ ਧਾਰਨ ਕਰਨ ਲਈ ਪ੍ਰੇਰਿਆ। ਮਹੰਤ ਨੇ ਉਨ੍ਹਾਂ ਦੀ ਗੱਲ ਮੰਨ ਕੇ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਅੰਮ੍ਰਿਤ ਛਕ ਲਿਆ ਤੇ ਉਸਦਾ ਨਾਮ ਜੋਗਿੰਦਰ ਸਿੰਘ ਰੱਖਿਆ ਗਿਆ। ਪਰ ਮਹੰਤ ਆਪਣੇ ਅੰਦਰ ਦੀ ਸ਼ੈਤਾਨ ਬਿਰਤੀ ਨੂੰ ਖ਼ਤਮ ਨਾ ਕਰ ਸਕਿਆ। ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਸ.ਦਾਨ ਸਿੰਘ ਵਿਛੋਆ ਨੂੰ ਦੋਵਾਂ ਗੁਰਦੁਆਰਾ ਸਾਹਿਬਾਨ ਤੇ ਗੁਰਦੁਆਰੇ ਨਾਲ ਸਬੰਧਿਤ ਜ਼ਮੀਨ-ਜਾਇਦਾਦ ਦਾ ਪ੍ਰਬੰਧ ਆਪਣੇ ਅਧੀਨ ਲਿਆਉਣ ਦਾ ਹੁਕਮ ਦਿੱਤਾ।
ਇਹ ਸੁਣ ਕੇ ਮਹੰਤ ਘਬਰਾ ਗਿਆ ਤੇ ਉਸਨੇ ਸ਼੍ਰੋਮਣੀ ਕਮੇਟੀ ਨਾਲ ਫਿਰ ਤੋਂ ਸੁਲਹ ਕਰ ਲਈ। ਦੋਹਾਂ ਗੁਰਦੁਆਰਿਆਂ ਦਾ ਪ੍ਰਬੰਧ ਸ਼੍ਰੋਮਣੀ ਕਮੇਟੀ ਦੇ ਅਧੀਨ ਆਉਣਾ ਮਹੰਤ ਨੂੰ ਨਾ ਜਚਿਆ ਤਾਂ ਉਹ ਅੰਗਰੇਜ਼ਾਂ ਨਾਲ ਰਲ ਗਿਆ।
ਇੱਕ ਦਿਨ ਗੁਰੂ ਕੇ ਬਾਗ ਦੀ ਜ਼ਮੀਨ ਵਿੱਚੋਂ ਪੰਜ ਸਿੰਘ ਲੰਗਰ ਵਾਸਤੇ ਲੱਕੜਾਂ ਲੈਣ ਲਈ ਗਏ ਤਾਂ ਅੰਗਰੇਜ਼ ਪੁਲਿਸ ਨੇ ਉਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ। ਇਨ੍ਹਾਂ ਸਿੱਖਾਂ ਨੂੰ ਛੇ-ਛੇ ਮਹੀਨੇ ਦੀ ਸਜ਼ਾ ਸੁਣਾਈ ਗਈ। ਇਸਦੇ ਨਾਲ ਹੀ ਇਸ ਮੋਰਚੇ ਦਾ ਆਰੰਭ ਹੋ ਗਿਆ। ਸ਼੍ਰੋਮਣੀ ਕਮੇਟੀ ਵੱਲੋਂ ਰੋਜ਼ਾਨਾ ਪੰਜ-ਪੰਜ ਸਿੰਘਾਂ ਦਾ ਜਥਾ ਭੇਜਿਆ ਜਾਣ ਲੱਗਾ, ਜਿਨ੍ਹਾਂ ਨੂੰ ਪੁਲਿਸ ਫੜਦੀ ਅਤੇ ਦੂਰ-ਦੂਰਾਡੇ ਲਿਜਾ ਕੇ ਛੱਡ ਦਿੰਦੀ। ਇੱਧਰ ਜਥੇ ਦੇ ਸਿੰਘਾਂ ਦੀ ਗਿਣਤੀ ਵਧੀ ਤਾਂ ਉੱਧਰ ਪੁਲਿਸ ਮੁਖੀ ਬੀ. ਟੀ. ਨੇ ਉੱਚ ਅਫ਼ਸਰਾਂ ਨਾਲ ਸਲਾਹ ਕਰਕੇ ਸਿੰਘਾਂ ਉੱਤੇ ਸਖ਼ਤੀ ਦਾ ਦੌਰ ਤੇਜ਼ ਕਰ ਦਿੱਤਾ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੇਵਾ ਵਿੱਚ ਹਾਜ਼ਰ ਸਿੰਘਾਂ ਨੂੰ ਕੇਸਾਂ ਤੋਂ ਫੜ ਕੇ ਧੂਹਿਆ ਗਿਆ ਅਤੇ ਬੰਦੂਕਾਂ ਦੇ ਬੱਟਾਂ ਤੇ ਡਾਂਗਾਂ ਨਾਲ ਭਾਰੀ ਕੁੱਟਮਾਰ ਕੀਤੀ ਗਈ। ਇਸ ਤੋਂ ਬਾਅਦ ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਤੋਂ ਸੌ-ਸੌ ਸਿੱਖਾਂ ਦਾ ਜਥਾ ਗੁਰੂ ਕੇ ਬਾਗ ਭੇਜਿਆ ਜਾਣ ਲੱਗਾ। ਪੁਲਿਸ ਇਨ੍ਹਾਂ ਸਿੱਖਾਂ ਦੀ ਰੱਜ ਕੇ ਕੁੱਟ ਮਾਰ ਕਰਦੀ ਪਰ ਇਹ ਸਿੰਘ ਆਪਣੇ ਸਿਦਕ ਤੋਂ ਨਾ ਡੋਲਦੇ।
ਭਾਰੀ ਗਿਣਤੀ ਵਿੱਚ ਵੱਖ-ਵੱਖ ਧਰਮਾਂ ਦੇ ਲੋਕ ਵੀ ਗੁਰੂ ਕੇ ਬਾਗ ਪੁੱਜਣ ਲੱਗੇ। ਇਨ੍ਹਾਂ ਵਿੱਚ ਅੰਗਰੇਜ਼ ਪਾਦਰੀ ਸੀ. ਐੱਫ. ਐਂਡਰੀਊਜ਼, ਪੰਡਤ ਮਦਨ ਮੋਹਨ ਮਾਲਵੀਆ, ਪ੍ਰੋ: ਰੁਚੀ ਰਾਮ ਸਹਾਨੀ, ਹਕੀਮ ਅਜਮਲ ਖਾਂ, ਸ੍ਰੀਮਤੀ ਸਰੋਜਨੀ ਨਾਇਡੂ ਵੀ ਸ਼ਾਮਿਲ ਸਨ। ਪਾਦਰੀ ਐਂਡਰੀਊਜ਼ ਨੇ ਪੰਜਾਬ ਦੇ ਗਵਰਨਰ ਸਰ ਮੈਕਲੈਗਨ ਨਾਲ ਵਿਸ਼ੇਸ਼ ਮੁਲਾਕਾਤ ਕਰਕੇ ਇਹ ਕਹਿਰ ਬੰਦ ਕਰਨ ਲਈ ਜ਼ੋਰ ਪਾਇਆ, 13 ਸਤੰਬਰ ਨੂੰ ਮੈਕਲੈਗਨ ਖੁਦ ਗੁਰੂ ਕੇ ਬਾਗ ਪੁੱਜਾ, ਜਿਸ ਤੋਂ ਬਾਅਦ ਸਿੰਘਾਂ ‘ਤੇ ਡਾਂਗਾਂ ਵਰ੍ਹਨੀਆਂ ਤਾਂ ਬੰਦ ਹੋ ਗਈਆਂ, ਪਰ ਗ੍ਰਿਫ਼ਤਾਰੀਆਂ ਦਾ ਦੌਰ ਜਾਰੀ ਰਿਹਾ, ਜੋ 17 ਨਵੰਬਰ 1922 ਤੱਕ ਚੱਲਿਆ। ਇਸ ਮੋਰਚੇ ਦੌਰਾਨ 839 ਸਿੰਘ ਜ਼ਖਮੀ ਅਤੇ 5605 ਸਿੰਘ ਗ੍ਰਿਫ਼ਤਾਰ ਹੋਏ।
ਸਿੱਖ ਜਥੇਬੰਦੀਆਂ ਦੇ ਡਿਫੈਂਸ ਲਈ ਪੰਡਿਤ ਮੋਹਨ ਮਾਲਵੀਆ ਨੇ ਖੁਦ ਮੁਕੱਦਮਾ ਲੜਿਆ। 14 ਮਾਰਚ 1923 ਨੂੰ ਸਿੱਖ ਪੰਥਕ ਆਗੂ ਜੇਲ੍ਹ ਤੋਂ ਬਾਹਰ ਆ ਗਏ। ਸਰਕਾਰ ਨੇ ਗੁਰੂ ਕੇ ਬਾਗ ਦੀ ਜ਼ਮੀਨ ਮਹੰਤ ਪਾਸੋਂ ਛੁਡਵਾ ਕੇ ਪੰਥਕ ਪ੍ਰਬੰਧ ਹੇਠ ਕਰ ਦਿੱਤੀ ਅਤੇ ਇਹ ਮੋਰਚਾ ਸਮਾਪਤ ਹੋ ਗਿਆ।
ਇਸ ਮੋਰਚੇ ਨਾਲ ਗੁਰਦੁਆਰਾ ਸੁਧਾਰ ਲਹਿਰ ਨੂੰ ਬੜਾ ਬਲ ਮਿਲਿਆ ਅਤੇ ਸਿੰਘਾਂ ਦੀ ਬੀਰਤਾ ਤੇ ਗੌਰਵ ਦੀਆਂ ਕਹਾਣੀਆਂ ਘਰ-ਘਰ ਹੋਣ ਲੱਗੀਆਂ। ਇਹ ਇੱਕ ਅਨੋਖੀ ਦਾਸਤਾਨ ਹੈ, ਜਿਸਨੂੰ ਭੁਲਾਇਆ ਨਹੀਂ ਜਾ ਸਕਦਾ। ਅਕਾਲੀਆਂ ਨੇ ਜਿਸ ਤਰ੍ਹਾਂ ਅੰਗਰੇਜ਼ ਸਰਕਾਰ ਦੇ ਜ਼ੁਲਮਾਂ ਨੂੰ ਬਿਨਾਂ ਕਿਸੇ ਹਿੰਸਾ ਦੇ ਝੱਲਿਆ, ਇਸ ਮੋਰਚੇ ਤੋਂ ਪਿੱਛੇ ਨਾ ਹਟਣਾ ਸਿੱਖੀ ਵਿਰਸੇ ਨੂੰ ਮੁੜ ਸੁਰਜੀਤ ਕਰਨਾ ਸੀ।