Punjab

ਮੂਸੇਵਾਲਾ ਦੇ ਪਿਤਾ ਦੀ ਪੰਜਾਬ ਦੇ ਸੰਸਦ ਮੈਂਬਰਾਂ ਨੂੰ ਅਪੀਲ

ਮਾਨਸਾ : ਮਰਹੂਮ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੀ ਮੌਤ ਨੂੰ ਲਗਪਗ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ। ਅੱਜ ਵੀ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ ਉਸ ਲਈ ਇਨਸਾਫ਼ ਮੰਗ ਰਹੇ ਹਨ। ਇਸੇ ਦੌਰਾਨ ਅੱਜ ਮੂਸੇਵਾਲਾ ਦੇ ਪਿਤਾ ਨੇ ਇੱਕ ਵਾਰ ਫਿਰ ਤੋਂ ਗੈਂਗਸਟਰ ਲਾਰੇਂਸ ਬਿਛਨੋਈ ‘ਤੇ ਨਿਸ਼ਾਨਾ ਸਾਧਿਆ ਹੈ।

ਆਪਣੇ ਫੇਸਬੁੱਕ ਪੇਜ ‘ਤੇ ਇੱਕ ਪੋਸਟ ਸਾਂਝੀ ਕਰਦਿਆਂ ਬਲਕੌਰ ਸਿੰਘ ਨੇ ਪਾਰਲੀਮੈਂਟ ਦੇ ਚਲਦਿਆਂ ਪੰਜਾਬ ਦੇ 13 ਮੈਂਬਰ ਪਾਰਲੀਮੈਂਟਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਕੇਂਦਰੀ ਏਜੰਸੀਆਂ ਵੱਲੋਂ ਆਤੰਕ_ਵਾਦੀ ਘੋਸ਼ਿਤ ਕੀਤਾ ਹੋਇਆ ਗੈਂਗਸਟਰ ਦਿੱਲੀ ਦੀ ਤਿਹਾੜ ਜੇਲ੍ਹ ਵਿੱਚ ਮੇਰੇ ਪੁੱਤਰ ਦੇ ਕਤਲ ਦੀ ਸਾਜ਼ਿਸ਼ ਕਰਦਾ ਹੈ, ਉਸਦੇ ਬਾਅਦ ਉਸਨੂੰ ਹਰ ਜਗ੍ਹਾ VIP ਟਰੀਟਮੈਂਟ ਦਿੱਤਾ ਜਾਂਦਾ ਹੈ। ਡੇਢ ਸਾਲ ਪਹਿਲਾਂ ਓਹ ਪੰਜਾਬ ਵਿੱਚ ਜੇਲ/ਪੁਲਿਸ ਹਿਰਾਸਤ ਵਿੱਚੋਂ ਗ਼ੈਰ-ਕਾਨੂੰਨੀ ਇੰਟਰਵਿਊਆਂ ਕਰਦਾ ਹੈ। ਇੰਟਰਵਿਊ ਵਿੱਚ ਓਹ ਮੇਰੇ ਪੁੱਤਰ ਖਿਲਾਫ਼ ਸਾਜ਼ਿਸ਼ ਬਾਰੇ ਕਬੂਲਦਾ ਹੈ ਅਤੇ ਸਲਮਾਨ ਖਾਨ ਨੂੰ ਧਮਕੀ ਦਿੰਦਾ ਹੈ।

ਉਸਦੇ ਬਾਅਦ ਉਸਨੂੰ ਵਿੱਚ ਦੂਸਰੇ ਦੇਸ਼ਾਂ ਤੋਂ ਕਰੋੜਾਂ ਰੁਪਏ ਦੀ ਨਸ਼ਾ ਤਸ਼ਕਰੀ ਮਾਮਲੇ ਵਿੱਚ ਗੁਜਰਾਤ ਲਿਜਾਇਆ ਜਾਂਦਾ ਹੈ। ਕੇਂਦਰੀ ਗ੍ਰਹਿ ਮੰਤਰਾਲੇ ਸੈਕਸ਼ਨ 268(1) ਦੇ ਤਹਿਤ ਉਸਨੂੰ 1 ਸਾਲ ਲਈ ਗੁਜਰਾਤ ਜ਼ੇਲ ਵਿੱਚ ਮਹਿਫੂਜ਼ ਕਰਦਾ ਹੈ। ਇਸੇ ਦੌਰਾਨ ਸਲਮਾਨ ਖਾਨ ਤੇ ਹਮਲਾ ਹੁੰਦਾ ਹੈ, ਇਸ ਹਮਲੇ ਤੇ ਮੁੰਬਈ ਪੁਲਿਸ ਵੱਲੋਂ ਦਾਇਰ ਕੀਤੀ ਗਈ ਲਗਭਗ 1800 ਪੰਨਿਆਂ ਦੀ ਚਾਰਜਸ਼ੀਟ ਵਿੱਚ ਦੱਸਿਆ ਗਿਆ ਕਿ ਇਹ ਸਾਜ਼ਿਸ਼ ਉਸ ਗੈਂਗਸਟਰ ਨੇ ਗੁਜਰਾਤ ਜ਼ੇਲ ਵਿੱਚ ਬੈਠਿਆਂ ਕੀਤੀ।

ਇੱਕ ਪੀੜਤ ਹੋਣ ਦੇ ਨਾਤੇ ਪੰਜਾਬ ਦੇ ਨੁਮਾਇੰਦਿਆਂ ਨੂੰ ਅਪੀਲ ਕਰਦਾਂ ਹਾਂ ਕਿ ਦੇਸ਼ ਦੇ ਗ੍ਰਹਿ ਮੰਤਰਾਲੇ ਤੋਂ ਇਸ ਬਾਰੇ ਸਪੱਸ਼ਟੀਕਰਨ ਤਾਂ ਮੰਗਿਆ ਜਾਵੇ। ਇਸ ਦੇਸ਼ ਵਿੱਚ ਮਿਹਨਤ ਕਰਕੇ ਅੱਗੇ ਵਧਣ ਵਾਲੇ ਸਾਡੇ ਧੀਆਂ-ਪੁੱਤਾਂ ਨਾਲੋਂ ਗੁੰਡੇ ਤੇ ਗੈਂਗਸਟਰ ਜ਼ਿਆਦਾ ਮਹਿਫੂਜ਼ ਹਨ। ਮੈਂ ਆਸ ਕਰਦਾ ਹਾਂ ਕਿ ਹਰ ਮਾਂ ਬਾਪ ਇਹਨਾਂ ਗੱਲਾਂ ਵੱਲ ਦੇਖਦਿਆਂ ਮੇਰੀ ਤਰ੍ਹਾਂ ਇਹਨਾਂ ਸਵਾਲਾਂ ਦੇ ਜਵਾਬ ਜ਼ਰੂਰ ਉਡੀਕਦੇ ਹੋਣਗੇ….।