Others

ਇੱਕ ਮਹੀਨਾ ਵੀ ਨਹੀਂ ਚੱਲੀ ਸ੍ਰੀ ਹੇਮਕੁੰਟ ਸਾਹਿਬ ਜੀ ਦੀ ਯਾਤਰਾ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਅੱਜ ਗੁਰ ਮਰਿਆਦਾ ਅਨੁਸਾਰ ਅਰਦਾਸ ਅਤੇ ਹੁਕਮਨਾਮੇ ਮਗਰੋਂ ਸਮਾਪਤ ਹੋ ਗਈ ਹੈ। ਪੰਜ ਪਿਆਰਿਆਂ ਦੀ ਅਗਵਾਈ ਹੇਠ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰਿਆਂ ਦੀ ਗੂੰਜ ‘ਚ ਸਜਾਏ ਨਗਰ ਕੀਰਤਨ ਮਗਰੋਂ 418 ਜੋਸ਼ੀਮੱਠ ਫੌਜੀਆਂ ਦੀ ਦੇਖ-ਰੇਖ ਵਿੱਚ ਗੁਰਦੁਆਰਾ ਸਾਹਿਬ ਦੇ ਕਿਵਾੜ ਬੰਦ ਕਰ ਦਿੱਤੇ ਗਏ ਅਤੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਸਰੂਪ ਪੰਥਕ ਰਵਾਇਤਾਂ ਮੁਤਾਬਕ ਸੁਖਆਸਨ ਹਾਲ ਵਿਖੇ ਸੁਸ਼ੋਭਿਤ ਕੀਤੇ ਗਏ। ਇਸ ਤੋਂ ਪਹਿਲਾਂ ਗੁਰਦੁਆਰਾ ਸਾਹਿਬ ਵਿਖੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਕੀਤੇ ਗਏ, ਉਪਰੰਤ ਹਜ਼ੂਰੀ ਰਾਗੀਆਂ ਵੱਲੋਂ ਰਸਭਿੰਨਾ ਕੀਰਤਨ ਕੀਤਾ ਗਿਆ। ਅੱਜ 1700 ਸ਼ਰਧਾਲੂ ਦਰਵਾਜ਼ੇ ਬੰਦ ਹੋਣ ਦੇ ਸਮੇਂ ਇੱਥੇ ਆਏ। ਟਰੱਸਟ ਵੱਲੋਂ ਸਾਰੇ ਸ਼ਰਧਾਲੂਆਂ ਦਾ ਧੰਨਵਾਦ ਕੀਤਾ ਗਿਆ, ਜਿਨ੍ਹਾਂ ਨੇ ਇਸ ਸਾਲ ਯਾਤਰਾ ਦੇ ਸੰਚਾਲਨ ਵਿੱਚ ਸਹਿਯੋਗ ਦਿੱਤਾ।

ਇਸ ਸਾਲ 18 ਸਤੰਬਰ ਨੂੰ ਇਹ ਯਾਤਰਾ ਸ਼ੁਰੂ ਹੋਈ ਸੀ। ਮੌਸਮ ਦੀ ਖਰਾਬੀ ਅਤੇ ਕੋਰੋਨਾ ਕਰਕੇ ਇਸ ਨੂੰ ਲੇਟ ਸੁਰੂ ਕੀਤਾ ਗਿਆ ਸੀ। ਇਸ ਵਾਰ ਪਹਿਲੀ ਵਾਰ ਹੋਇਆ ਹੈ ਕਿ ਇਹ ਯਾਤਰਾ ਪੂਰਾ ਇੱਕ ਮਹੀਨਾ ਵੀ ਨਹੀਂ ਚੱਲੀ। ਇਸ ਵਾਰ 11 ਹਜ਼ਾਰ ਸ਼ਰਧਾਲੂਆਂ ਨੇ ਸ੍ਰੀ ਹੇਮਕੁੰਟ ਸਾਹਿਬ ਜੀ ਦੇ ਦਰਸ਼ਨ ਕੀਤੇ। ਸ੍ਰੀ ਹੇਮਕੁੰਟ ਸਾਹਿਬ ਦੀ ਯਾਤਰਾ ਹਰ ਸਾਲ ਮਈ ਦੇ ਅਖੀਰਲੇ ਅਤੇ ਜੂਨ ਦੇ ਪਹਿਲੇ ਹਫ਼ਤੇ ਸ਼ੁਰੂ ਹੁੰਦੀ ਹੈ ਪਰ ਕੋਵਿਡ-19  ਕਾਰਨ ਇਸ ਵਾਰ ਕਰੀਬ 3 ਮਹੀਨੇ ਦੇਰੀ ਨਾਲ 18 ਸਤੰਬਰ ਨੂੰ ਇਹ ਯਾਤਰਾ ਆਰੰਭ ਹੋਈ ਸੀ।

ਹੇਮਕੁੰਟ ਸਾਹਿਬ ਚਮੋਲੀ ਜ਼ਿਲ੍ਹਾ, ਉੱਤਰਾਖੰਡ, ਭਾਰਤ ਵਿੱਚ ਸਥਿਤ ਸਿੱਖਾਂ ਦਾ ਇੱਕ ਪ੍ਰਸਿੱਧ ਤੀਰਥ ਅਸਥਾਨ ਹੈ। ਇਸ ਤੱਕ ਰਿਸ਼ੀਕੇਸ਼-ਬਦਰੀਨਾਥ ਸ਼ਾਹ-ਰਾਹ ਉੱਤੇ ਪੈਂਦੇ ਗੋਬਿੰਦਘਾਟ ਤੋਂ ਸਿਰਫ਼ ਪੈਦਲ ਚੜ੍ਹਾਈ ਰਾਹੀਂ ਹੀ ਪਹੁੰਚਿਆ ਜਾ ਸਕਦਾ ਹੈ। ਇੱਥੇ ਗੁਰਦੁਆਰਾ ਸ੍ਰੀ ਹੇਮਕੁੰਟ ਸਾਹਿਬ ਸੁਸ਼ੋਬਤ ਹੈ। ਇਸ ਅਸਥਾਨ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਦੁਆਰਾ ਲਿਖੇ ਗਏ ਦਸਮ ਗ੍ਰੰਥ ਵਿੱਚ ਆਉਂਦਾ ਹੈ; ਇਸ ਕਰਕੇ ਇਹ ਸਿੱਖਾਂ ਲਈ ਖ਼ਾਸ ਮਹੱਤਵ ਰੱਖਦਾ ਹੈ।