India Punjab

ਸਰਕਾਰ ਕੋਲ ਕਿਸਾਨਾਂ ਦੀਆਂ ਮੰਗਾਂ ਮੰਨਣ ਲਈ ਕੱਲ੍ਹ ਤੱਕ ਦਾ ਹੈ ਸਮਾਂ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਸੰਯੁਕਤ ਕਿਸਾਨ ਮੋਰਚਾ ਨੇ ਉੱਤਰ ਪ੍ਰਦੇਸ਼ ਸਰਕਾਰ ਦੀ ਐੱਸਆਈਟੀ ਵੱਲੋਂ ਆਸ਼ੀਸ਼ ਮਿਸ਼ਰਾ ਟੇਨੀ ਦੀ ਲਖੀਮਪੁਰ ਖੀਰੀ ਕਿਸਾਨ ਕ ਤਲ ਕੇਸ ਦੀ ਜਾਂਚ ਵਿੱਚ ਸਹਿਯੋਗ ਨਾ ਕਰਨ ਅਤੇ ਅਸਪੱਸ਼ਟ ਜਵਾਬਾਂ ਦੇ ਆਧਾਰ ‘ਤੇ ਗ੍ਰਿਫਤਾਰੀ ਦਾ ਨੋਟਿਸ ਲਿਆ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਸੰਮਨ ਧਾਰਾ 160 ਸੀਆਰਸੀ ਦੇ ਅਧੀਨ ਸਨ, ਜੋ ਕਿ ਗਵਾਹਾਂ ਲਈ ਹੈ ਅਤੇ ਆਸ਼ੀਸ਼ ਮਿਸ਼ਰਾ ਤੋਂ ਨਿਰਦੋਸ਼ ਅਤੇ ਸ਼ਾਂਤੀਪੂਰਵਕ ਵਿਰੋਧ ਕਰ ਰਹੇ ਕਿਸਾਨਾਂ ਦੀ ਬੇਰਹਿਮੀ ਨਾਲ ਹੱਤਿਆ ਲਈ ਪੁੱਛਗਿੱਛ ਨਹੀਂ ਕੀਤੀ ਜਾ ਰਹੀ। ਘਟਨਾਕ੍ਰਮ ਐੱਸਆਈਟੀ ਦੀ ਜਾਂਚ, ਪ੍ਰਕਿਰਿਆਵਾਂ ਅਤੇ ਗ੍ਰਿਫਤਾਰੀ ਵਿੱਚ ਵਿਸ਼ਵਾਸ ਪੈਦਾ ਨਹੀਂ ਕਰਦਾ ਹੈ।

ਕਿਸਾਨ ਲੀਡਰਾਂ ਨੇ ਕਿਹਾ ਕਿ ਉਨ੍ਹਾਂ ਨੂੰ ਕਿਸੇ ਹੋਰ ਗ੍ਰਿਫਤਾਰੀ ਬਾਰੇ ਕੋਈ ਜਾਣਕਾਰੀ ਨਹੀਂ ਹੈ, ਜਦਕਿ ਆਸ਼ੀਸ਼ ਮਿਸ਼ਰਾ ਟੇਨੀ ਦੇ ਸਾਥੀਆਂ ਦੇ ਨਾਂ ਵੀ ਸਾਹਮਣੇ ਆਏ ਹਨ। ਕਿਸਾਨ ਮੋਰਚੇ ਨੇ ਸਾਰੇ ਸਬੂਤ ਸੁਰੱਖਿਅਤ ਰੱਖੇ ਜਾਣ ਦੀ ਮੰਗ ਕੀਤੀ ਹੈ। ਕਿਸਾਨ ਲੀਡਰਾਂ ਨੇ ਕਿਹਾ ਕਿ ਜਾਂਚ ਅਤੇ ਕਾਨੂੰਨੀ ਕਾਰਵਾਈ ਸਿੱਧੇ ਸੁਪਰੀਮ ਕੋਰਟ ਨੂੰ ਰਿਪੋਰਟ ਕਰਨਾ ਹੀ ਨਿਆਂ ਪ੍ਰਾਪਤ ਕਰਨ ਦਾ ਇਕੋ ਇਕ ਭਰੋਸੇਯੋਗ ਤਰੀਕਾ ਹੈ। ਉਨ੍ਹਾਂ ਕਿਹਾ ਕਿ ਅਜੈ ਮਿਸ਼ਰਾ ਟੇਨੀ ਨੂੰ ਮੋਦੀ ਸਰਕਾਰ ਵਿੱਚ ਘਰੇਲੂ ਮਾਮਲਿਆਂ ਲਈ ਮੰਤਰੀ ਵਜੋਂ ਜਾਰੀ ਰੱਖਣਾ ਪੂਰੀ ਤਰ੍ਹਾਂ ਮੁਆਫ ਕਰਨਯੋਗ ਨਹੀਂ ਹੈ। ਕਿਸਾਨਾਂ ਨੇ ਅਜੈ ਮਿਸ਼ਰਾ ਦੀ ਗ੍ਰਿਫਤਾਰੀ ਅਤੇ ਮੋਦੀ ਸਰਕਾਰ ਵਿੱਚੋਂ ਬਰਖਾਸਤਗੀ ਦੀ ਆਪਣੀ ਮੰਗ ਨੂੰ ਜ਼ੋਰਦਾਰ ਢੰਗ ਨਾਲ ਮੁੜ ਦੁਹਰਾਇਆ।

ਕਿਸਾਨ ਲੀਡਰਾਂ ਨੇ ਕਿਹਾ ਕਿ ਲਖੀਮਪੁਰ ਖੀਰੀ ਘਟਨਾ ਨੂੰ ਸਿਰਫ ਭਾਰਤ ਵਿੱਚ ਹੀ ਨਹੀਂ ਬਲਕਿ ਹੋਰਨਾਂ ਥਾਂਵਾਂ ਤੋਂ ਵੀ ਇਨਸਾਫ ਮੰਗਣ ਵਾਲੇ ਵਿਅਕਤੀਆਂ ਵੱਲੋਂ ਭਰਵਾਂ ਹੁੰਗਾਰਾ ਮਿਲਿਆ ਹੈ। ਯੂਕੇ ਅਤੇ ਕਨੇਡਾ ਦੇ ਸੰਸਦ ਮੈਂਬਰਾਂ ਦੇ ਪ੍ਰਤੀਕਰਮਾਂ ਤੋਂ ਇਲਾਵਾ, ਇਨ੍ਹਾਂ ਦੇਸ਼ਾਂ ਦੇ ਨਾਗਰਿਕਾਂ ਦੁਆਰਾ ਇਹ ਯਕੀਨੀ ਬਣਾਉਣ ਲਈ ਵਿਰੋਧ ਪ੍ਰਦਰਸ਼ਨ ਕੀਤੇ ਗਏ ਹਨ ਕਿ ਨਿਆਂ ਨਾਲ ਕਿਸੇ ਵੀ ਤਰ੍ਹਾਂ ਸਮਝੌਤਾ ਨਾ ਕੀਤਾ ਜਾਵੇ।

ਹਰਿਆਣਾ ਪੁਲਿਸ ਨੇ ਨਰਾਇਣਗੜ੍ਹ ਵਿੱਚ ਪ੍ਰਦਰਸ਼ਨਕਾਰੀਆਂ ਦੇ ਖਿਲਾਫ 3 ਐੱਫਆਈਆਰ ਦਰਜ ਕੀਤੀਆਂ ਹਨ (ਜਿੱਥੇ ਐਮਪੀ ਨਾਇਬ ਸਿੰਘ ਸੈਣੀ ਦੀ ਕਾਰ ਨਾਲ ਕੁਚਲਣ ਨਾਲ ਇੱਕ ਵਿਅਕਤੀ ਜ਼ਖਮੀ ਹੋ ਗਿਆ ਸੀ) ਅਤੇ ਚੰਡੀਗੜ੍ਹ ਪੁਲਿਸ ਨੇ 40 ਸ਼ਾਂਤਮਈ ਪ੍ਰਦਰਸ਼ਨਕਾਰੀਆਂ ਦੇ ਖਿਲਾਫ ਕੇਸ ਦਰਜ ਕੀਤੇ ਹਨ। ਇਸ ਤੋਂ ਸਾਬਿਤ ਹੋ ਜਾਂਦਾ ਹੈ ਕਿ ਪੁਲਿਸ ਕਿਸਾਨਾਂ ਦੇ ਵਿਰੁੱਧ ਉਨ੍ਹਾਂ ਅਪਰਾਧਾਂ ਲਈ ਵੀ ਕਾਰਵਾਈ ਕਰ ਰਹੀ ਹੈ, ਜੋ ਉਨ੍ਹਾਂ ਨੇ ਨਹੀਂ ਕੀਤੇ ਹਨ, ਪਰ ਭਾਜਪਾ ਦੇ ਅਪਰਾਧੀਆਂ ਅਤੇ ਦੋਸ਼ੀਆਂ ਦੇ ਮਾਮਲੇ ਵਿੱਚ ਅਜਿਹੀ ਤੇਜ਼ੀ ਦਿਖਾਈ ਨਹੀਂ ਦਿੰਦੀ।

ਐੱਸਕੇਐਮ ਮੱਧ ਪ੍ਰਦੇਸ਼ ਇਕਾਈ ਨੇ ਅੱਜ ਆਪਣੀ ਸੂਬਾ ਪੱਧਰੀ ਮੀਟਿੰਗ ਵਿੱਚ ਐਲਾਨ ਕੀਤਾ ਕਿ 12, 15 ਅਤੇ 18 ਅਕਤੂਬਰ ਨੂੰ ਸੰਯੁਕਤ ਕਿਸਾਨ ਮੋਰਚਾ ਵੱਲੋਂ ਐਲਾਨੀ ਗਈ ਕਾਰਵਾਈ ਲਈ ਸੂਬੇ ਦੇ ਸਾਰੇ 52 ਜ਼ਿਲ੍ਹਿਆਂ ਵਿੱਚ ਜ਼ੋਰਦਾਰ ਲਾਮਬੰਦੀ ਹੋਵੇਗੀ। 15 ਅਕਤੂਬਰ ਨੂੰ ਸੂਬੇ ਦੇ ਘੱਟੋ-ਘੱਟ 5 ਹਜ਼ਾਰ ਪਿੰਡਾਂ ਵਿੱਚ ਨਰਿੰਦਰ ਮੋਦੀ, ਅਮਿਤ ਸ਼ਾਹ, ਯੋਗੀ ਆਦਿੱਤਿਆਨਾਥ, ਮਨੋਹਰ ਲਾਲ ਖੱਟਰ, ਨਰਿੰਦਰ ਸਿੰਘ ਤੋਮਰ, ਸ਼ਿਵਰਾਜ ਸਿੰਘ ਚੌਹਾਨ ਆਦਿ ਦੇ ਪੁਤਲੇ ਸਾੜੇ ਜਾਣਗੇ। ਰੇਲਵੇ ਮਾਰਗ ਨਾਲ ਜੁੜੇ ਜ਼ਿਲ੍ਹੇ 18 ਅਕਤੂਬਰ ਨੂੰ ਰੇਲ ਰੋਕੋ ਪ੍ਰੋਗਰਾਮ ਵਿੱਚ ਹਿੱਸਾ ਲੈਣਗੇ।