India

ਪੈਗਾਸਸ ਦੀ ਜਾਸੂਸੀ ਦੀਆਂ ਤਾਰਾਂ ਵਿੱਚ ਉਲਝ ਗਈ ਕੇਂਦਰ ਸਰਕਾਰ

‘ਦ ਖ਼ਾਲਸ ਟੀਵੀ ਬਿਊਰੋ (ਜਗਜੀਵਨ ਮੀਤ):-ਸੰਸਦ ਦੇ ਮੌਨਸੂਨ ਸੈਸ਼ਨ ਦੇ ਅੱਜ ਦੂਜੇ ਦਿਨ ਵੀ ਪੈਗਾਸਸ ਜਾਸੂਸੀ ਕਾਂਡ ਉੱਤੇ ਹੰਗਾਮਾ ਹੋਇਆ। ਵਿਰੋਧੀ ਧਿਰਾਂ ਨੇ ਇਸ ਮੁੱਦੇ ਉੱਤੇ ਸਰਕਾਰ ਨੂੰ ਘੇਰਿਆ ਹੈ। ਹੰਗਾਮੇ ਦੇ ਕਾਰਣ ਲੋਕਸਭਾ ਤੇ ਰਾਜਸਭਾ ਦੀ ਕਾਰਵਾਈ ਨੂੰ ਸ਼ੁਰੂ ਕਰਦਿਆਂ ਹੀ ਰੱਦ ਕਰਨਾ ਪਿਆ। ਇਸ ਤੋਂ ਬਾਅਦ ਕਾਰਵਾਹੀ ਸਹੀ ਤਰੀਕੇ ਨਾਲ ਨਹੀਂ ਚੱਲ ਸਕੀ। ਲੋਕਸਭਾ ਦਾ ਸੈਸ਼ਨ ਫਿਲਹਾਲ 22 ਜੁਲਾਈ 11 ਵਜੇ ਤੱਕ ਚੁੱਕ ਦਿੱਤਾ ਹੈ।

ਹੰਗਾਮੇ ਦੌਰਾਨ ਕਾਂਗਰਸ ਦੇ ਸੀਨੀਅਰ ਲੀਡਰ ਸ਼ਕਤੀਸਿੰਘ ਗੋਹਿਲ ਨੇ ਮੰਗ ਕੀਤੀ ਕਿ ਪੈਗਾਸਸ ਸਪਾਈਵੇਅਰ ਝਗੜੇ ਦੀ ਜਾਂਚ ਲਈ ਸੰਯੁਕਤ ਪਾਰਲੀਮੈਂਟਰੀ ਕਮੇਟੀ ਗਠਿਤ ਕੀਤੀ ਜਾਵੇ।ਇਸ ਝਗੜੇ ਵਿਚ ਜੋ ਤੱਥ ਸਾਹਮਣੇ ਆਏ ਹਨ, ਉਸ ਨਾਲ ਵੱਡੇ ਸਵਾਲ ਖੜ੍ਹੇ ਹੋ ਰਹੇ ਹਨ। ਕੀ ਸਰਕਾਰ ਨੇ ਇਹ ਸਾਫਟਵੇਅਰ ਇਜਰਾਇਲ ਤੋਂ ਖਰੀਦਿਆ ਸੀ। ਜੇਕਰ ਨਹੀਂ ਤਾਂ ਕੀ ਗਲਤ ਤਰੀਕੇ ਨਾਲ ਭਾਰਤੀ ਨਾਗਰਿਕਾਂ ਦੇ ਫੋਨ ਹੈਕ ਕੀਤੇ ਗਏ ਹਨ। ਇਸਨੂੰ ਲੈ ਕੇ ਸਰਕਾਰ ਕਟਘਰੇ ਵਿਚ ਖੜੀ ਹੈ।

ਉੱਧਰ, ਸ਼ਿਵਸੇਨਾ ਦੇ ਸੰਸਦ ਮੈਂਬਰਾਂ ਨੇ ਪੈਗਾਸਸ ਮਾਮਲੇ ਦੀ ਜਾਂਚ ਸੰਯੁਕਤ ਸੰਸਦੀ ਕਮੇਟੀ ਜੇਪੀਸੀ ਤੋਂ ਕਰਾਉਣ ਦੀ ਮੰਗ ਕੀਤੀ ਹੈ। ਇਸ ਮਾਮਲੇ ਉੱਤੇ ਕਾਂਗਰਸ ਦੇ ਸੀਨੀਅਰ ਲੀਡਰ ਸ਼ਸ਼ੀ ਥਰੂਰ ਨੇ ਵੀ ਚਿੰਤਾ ਜਤਾਈ ਹੈ। ਉਨ੍ਹਾਂ ਕਿ ਇਸ ਗੱਲ ਦੀ ਪੁਸ਼ਟੀ ਹੈ ਕਿ ਭਾਰਤ ਵਿਚ ਵੀ ਮੋਬਾਇਲ ਪੈਗਾਸਸ ਦੇ ਰਾਹੀਂ ਟੈਪ ਹੋਏ ਹਨ। ਕੰਪਨੀ ਇਹ ਪ੍ਰੋਡਕਟਸ ਵੈਰੀਫਾਈ ਕਰਕੇ ਸਰਕਾਰਾਂ ਨੂੰ ਵੇਚਦੀ ਹੈ। ਇਸ ਲਈ ਇਹ ਸਵਾਲ ਉੱਠਦਾ ਹੈ ਕਿ ਕਿਹੜੀ ਸਰਕਾਰ। ਜੇਕਰ ਭਾਰਤ ਸਰਕਾਰ ਕਹਿੰਦੀ ਹੈ ਕਿ ਇਹ ਉਨ੍ਹਾਂ ਨੇ ਨਹੀਂ ਕੀਤਾ ਹੈ ਤਾਂ ਭਾਰਤ ਸਰਕਾਰ ਨੂੰ ਇਸ ਮਾਮਲੇ ਵਿਚ ਜਵਾਬ ਦੇਣਾ ਚਾਹੀਦਾ ਹੈ।

ਕਾਂਗਰਸ ਉੱਤੇ ਲੱਗੇ ਕਾਰਵਾਹੀ ਨਾ ਚੱਲਣ ਦੇਣ ਦੇ ਦੋਸ਼

ਭਾਰਤੀ ਜਨਤਾ ਪਾਰਟੀ ਦੇ ਲੀਡਰ ਜਗਦੰਬਿਕਾ ਪਾਲ ਨੇ ਕਿਹਾ ਹੈ ਕਿ ਕਾਂਗਰਸ ਇਕ ਕੰਨਫਿਊਜ਼ਡ ਪਾਰਟੀ ਹੈ ਤੇ ਉਹ ਸਦਨ ਦੀ ਕਾਰਵਾਈ ਚੱਲਣ ਨਹੀਂ ਦੇਣਾ ਚਾਹੁੰਦੀ ਜਦੋਂ ਸਰਕਾਰ ਨੇ ਕਹਿ ਦਿੱਤਾ ਹੈ ਕਿ ਇਸ ਵਿਚ ਉਨ੍ਹਾਂ ਦਾ ਕੋਈ ਰੋਲ ਨਹੀਂ ਹੈ। ਆਈਟੀ ਮੰਤਰੀ ਨੇ ਸਦਨ ਵਿਚ ਕਿਹਾ ਹੈ ਅਤੇ ਗ੍ਰਹਿ ਮੰਤਰੀ ਨੇ ਵੀ ਬਿਆਨ ਦਿੱਤਾ ਹੈ।ਰਾਹੁਲ ਗਾਂਧੀ ਦੀ ਜਾਸੂਸੀ ਕਰਕੇ ਕੀ ਲੈਣਾ ਹੈ। ਉਹ ਕੱਲ੍ਹ ਤਕ ਕਿਸਾਨ ਤੇ ਕੋਵਿਡ ਉੱਤੇ ਚਰਚਾ ਕਰ ਰਹੇ ਸਨ ਤੇ ਅੱਜ ਮੁਕਰ ਗਏ ਹਨ।