Punjab

ਸਿੱਧੂ ਹੱਥੋਂ ਪਹਿਲੀ ਵਿਕਟ ਛੁੱਟੀ, ਕੈਪਟਨ ਦਾ ਸਿੰਘਾਸਨ ਡਾਵਾਂ-ਡੋਲ

‘ਦ ਖ਼ਾਲਸ ਬਿਊਰੋ :- ਪੰਜਾਬ ਪ੍ਰਦੇਸ਼ ਕਾਂਗਰਸ ਦੇ ਨਵੇਂ ਬਣੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦੇ ਹੱਥੋਂ ਪਹਿਲੀ ਵਿਕਟ ਛੁੱਟ ਗਈ ਹੈ। ਇੰਝ ਲੱਗਦਾ ਹੈ ਜਿਵੇਂ ਉਨ੍ਹਾਂ ਨੇ ਬੋਚੀ ਹੋਈ ਗੇਮ ਹੱਥੋਂ ਛੱਡ ਦਿੱਤੀ ਹੋਵੇ। ਉਨ੍ਹਾਂ ਦੀ ਸ਼ਹੀਦਾਂ ਦੀ ਧਰਤੀ ਖਟਕੜ ਕਲਾਂ ਦੀ ਫੇਰੀ ਮੌਕੇ ਸ਼ਹੀਦ ਭਗਤ ਸਿੰਘ ਦੇ ਵਾਰਸਾਂ ( ਕਿਸਾਨ ) ਨੂੰ ਪੁਲਿਸ ਦੇ ਡੰਡੇ ਖਾਣੇ ਪਏ, ਧੱਕੇ ਦਾ ਲੀ ਸ਼ਿਕਾਰ ਹੋ ਗਏ। ‘ਜਿੱਤੇਗਾ ਪੰਜਾਬ’ ਦਾ ਨਾਅਰਾ ਦੇਣ ਵਾਲੇ ਸਿੱਧੂ ਪਹਿਲੀ ਪ੍ਰੀਖਿਆ ਵਿੱਚੋਂ ਹੀ ਪਾਸ ਨਹੀਂ ਹੋ ਸਕੇ।

ਪ੍ਰਦਰਸ਼ਨਕਾਰੀ ਕਿਸਾਨ ਸਿੱਧੂ ਨਾਲ ਆਪਣੇ ਦਿਲ ਦਾ ਦੁੱਖੜਾ ਸਾਂਝਾ ਕਰਨਾ ਚਾਹੁੰਦੇ ਸਨ ਪਰ ਉਨ੍ਹਾਂ ਨੇ ਟਾਲਾ ਵੱਟ ਲਿਆ ਅਤੇ ਪੁਲਿਸ ਨੇ ਨੇੜੇ ਨਹੀਂ ਢੁੱਕਣ ਦਿੱਤਾ। ਸਿੱਧੂ ਤੱਕ ਪਹੁੰਚ ਕਰਨ ਵਾਲਿਆਂ ਨੂੰ ਪੁਲਿਸ ਦੇ ਗੁੱਸੇ ਦਾ ਸ਼ਿਕਾਰ ਹੋਣਾ ਪਿਆ। ਹੈਰਾਨੀ ਦੀ ਗੱਲ ਇਹ ਹੈ ਕਿ ਨਵਜੋਤ ਸਿੱਧੂ ਦੇ ਮੂੰਹੋਂ ਹਾਲੇ ਤੱਕ ਕਿਸਾਨਾਂ ਲਈ ਹਮਦਰਦੀ ਜਾਂ ਅਫਸੋਸ ਦਾ ਇੱਕ ਸ਼ਬਦ ਵੀ ਨਿਕਲ ਨਹੀਂ ਸਕਿਆ। ਭਲਾ ਤੁਸੀਂ ਦੱਸੋ, ਦੋ ਦਿਨ ਤੋਂ ਕਾਂਗਰਸ ਦੇ ਨੇਤਾਵਾਂ ਤੋਂ ਘਰ-ਘਰ ਜਾ ਕੇ ਹੱਥ ਮੰਗਣ ਵਾਲਾ ਇਹ ਨੇਤਾ ਕਿਸਾਨਾਂ ਦੇ ਦਿਲ ਦੀ ਸੁਣ ਲੈਂਦਾ ਤਾਂ ਪਹਿਲੇ ਬੈਟ ਨਾਲ ਹੀ ਛੱਕਾ ਵੱਜ ਜਾਣਾ ਸੀ।

ਇਸੇ ਦੌਰਾਨ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਉਨ੍ਹਾਂ ਦਾ ਧੜਾ ਦੋ ਦਿਨ ਤੋਂ ਚੁੱਪ ਧਾਰੀ ਬੈਠਾ ਹੈ। ਬਹੁਤੀ ਵਾਰ ਚੁੱਪ ਨੂੰ ਪੜ੍ਹਿਆ ਜਾ ਸਕਦਾ ਹੁੰਦਾ ਹੈ ਪਰ ਖਾਮੋਸ਼ੀ ਹਾਲੇ ਤੱਕ ਭੇਦ ਹੈ। ਸਿਆਸੀ ਪੰਡਤ ਵਿੱਚੋਂ ਕਈ ਜਣੇ ਇਸਨੂੰ ਤੂਫਾਨ ਤੋਂ ਪਹਿਲਾਂ ਵਾਲੀ ਸ਼ਾਂਤੀ ਦੱਸਦੇ ਹਨ ਅਤੇ ਬਹੁਤਿਆਂ ਦਾ ਮੱਤ ਹੈ ਕਿ ਕੈਪਟਨ ਆਪਣਾ ਹਿਲਦਾ ਸਿੰਘਾਸਨ ਬਚਾਉਣ ਲਈ ਹੱਥ-ਪੈਰ ਮਾਰ ਰਹੇ ਹਨ। ਉਂਝ ਪਾਰਟੀ ਹਾਈਕਮਾਨ ਕੈਪਟਨ ਨੂੰ ਖੁੰਝੇ ਲਾਉਣ ਅਤੇ ਨਵਜੋਤ ਸਿੱਧੂ ਨੂੰ ਉੱਪਰ ਚੁੱਕਣ ਵਿੱਚ ਹਰ ਸੰਭਵ ਹੀਲਾ ਵਰਤ ਰਹੀ ਹੈ।