The Khalas Tv Blog Punjab ਇਸ ਵਾਰ ਮਾਨਸੂਨ ਵੀ ਸਮੇਂ ਤੋਂ ਪਹਿਲਾਂ ਪਹੁੰਚੂਗਾ
Punjab

ਇਸ ਵਾਰ ਮਾਨਸੂਨ ਵੀ ਸਮੇਂ ਤੋਂ ਪਹਿਲਾਂ ਪਹੁੰਚੂਗਾ

‘ਦ ਖ਼ਾਲਸ ਬਿਊਰੋ :- ਭਾਰਤ ਦੇ ਮੌਸਮ ਵਿਭਾਗ ਨੇ ਕੱਲ੍ਹ ਕਿਹਾ ਕਿ ਇਸ ਵਾਰ 16 ਮਈ ਨੂੰ ਮੌਨਸੂਨ ਅੰਡੇਮਾਨ ਤੇ ਨਿਕੋਬਾਰ ਟਾਪੂਆਂ ’ਤੇ ਪੁੱਜਣ ਦੀ ਸੰਭਾਵਨਾ ਹੈ। ਇਹ ਆਮ ਨਾਲੋਂ ਛੇ ਦਿਨ ਪਹਿਲਾਂ ਹੈ ਅਤੇ ਇਸ ਅਗੇਤ ਦਾ ਕਾਰਨ ਬੰਗਾਲ ਦੀ ਖਾੜੀ ਵਿਚਲਾ ਚੱਕਰਵਾਤ ਹੈ।

ਆਮ ਤੌਰ ’ਤੇ 20 ਮਈ ਦੇ ਕਰੀਬ ਮੌਨਸੂਨ ਅੰਡੇਮਾਨ ਅਤੇ ਨਿਕੋਬਾਰ ਟਾਪੂਆਂ ’ਤੇ ਪੁੱਜਦਾ ਹੈ। ਪਿਛਲੇ ਮਹੀਨੇ ਮੌਨਸੂਨ ਦੇ ਅੰਡੇਮਾਨ ਅਤੇ ਨਿਕੋਬਾਰ ਪੁੱਜਣ ਦੀ ਸੰਭਾਵਿਤ ਤਰੀਕ 22 ਮਈ ਦੱਸੀ ਗਈ ਸੀ। ਇਸ ਤੋਂ ਕਰੀਬ 10-11 ਦਿਨਾਂ ਬਾਅਦ ਮੌਨਸੂਨ ਕੇਰਲਾ ਪੁੱਜਦਾ ਹੈ ਤੇ ਭਾਰਤ ਵਿੱਚ ਬਰਸਾਤ ਦੇ ਮੌਸਮ ਦੀ ਸ਼ੁਰੂਆਤ ਹੁੰਦੀ ਹੈ। ਇਸ ਵਾਰ ਮੌਨਸੂਨ ਦੇ 16 ਮਈ ਨੂੰ ਹੀ ਅੰਡੇਮਾਨ ਅਤੇ ਨਿਕੋਬਾਰ ਪੁੱਜਣ ਦੀ ਸੰਭਾਵਨਾ ਬਣੀ ਹੋਈ ਹੈ। ਮੌਸਮ ਵਿਭਾਗ ਵਲੋਂ ਇਸ ਹਫ਼ਤੇ ਦੇ ਅਖੀਰ ਤੱਕ ਮੌਨਸੂਨ ਦੇ ਕੇਰਲਾ ਪੁੱਜਣ ਦੀ ਸੰਭਾਵਿਤ ਤਰੀਕ ਵੀ ਜਾਰੀ ਕੀਤੀ ਜਾਵੇਗੀ।

ਮੌਸਮ ਵਿਭਾਗ ਨੇ ਦੱਸਿਆ ਕਿ ਬੰਗਾਲ ਦੀ ਖਾੜੀ ਦੇ ਦੱਖਣ-ਪੂੁਰਬ ਤੇ ਨਾਲ ਲੱਗਦੇ ਦੱਖਣੀ ਅੰਡੇਮਾਨ ਸਾਗਰ ਦੇ ਖੇਤਰ ’ਤੇ ਬੁੱਧਵਾਰ ਸਵੇਰੇ ਘੱਟ ਦਬਾਅ ਬਣਿਆ, ਜੋ ਕਿ ਚੱਕਰਵਾਤ ਬਣਨ ਦੀ ਦਿਸ਼ਾ ਵੱਲ ਪਹਿਲਾ ਕਦਮ ਹੈ। ਮੌਸਮ ਵਿਭਾਗ ਅਨੁਸਾਰ ਚੱਕਰਵਾਤ ਦੇ ਸਬੰਧ ਵਿੱਚ ਦੱਖਣ-ਪੱਛਮੀ ਮੌਨਸੂਨ ਦੇ ਬੰਗਾਲ ਦੀ ਖਾੜੀ ਦੇ ਦੱਖਣ, ਅੰਡੇਮਾਨ ਸਾਗਰ ਤੇ ਅੰਡੇਮਾਨ ਤੇ ਨਿਕੋਬਾਰ ਟਾਪੂਆਂ ਤੱਕ 16 ਮਈ ਤੱਕ ਪੁੱਜਣ ਦੀ ਸੰਭਾਵਨਾ ਬਣ ਗਈ ਹੈ। ਇਸ ਦੇ ਪ੍ਰਭਾਵ ਕਾਰਨ 15 ਮਈ ਤੋਂ ਬਾਅਦ ਬੰਗਾਲ ਦੀ ਖਾੜੀ ਦੇ ਦੱਖਣ ਤੇ ਮੱਧ ਵਿੱਚ ਤੇ ਅੰਡੇਮਾਨ ਸਾਗਰ ’ਤੇ ਮੌਸਮ ਖ਼ਰਾਬ ਹੋਣ ਦੇ ਆਸਾਰ ਹਨ। ਮੌਸਮ ਵਿਭਾਗ ਦੇ ਡਾਇਰੈਕਟਰ ਮਰੂਤੁੰਜੇ ਮੋਹਾਪਾਤਰਾ ਨੇ ਦੱਸਿਆ ਕਿ ਚੱਕਰਵਾਤ ਕਾਰਨ ਮੌਨਸੂਨ ਅਗੇਤਾ ਹੋਵੇਗਾ, ਜੋ ਕਿ ਇਸ ਵਰ੍ਹੇ ਲਈ ਆਮ ਹੈ।

Exit mobile version