Punjab

ਤਿੰਨ ਦਹਾਕਿਆਂ ਬਾਅਦ ਹੋਇਆ ਇਨਸਾਫ਼,ਸਾਬਕਾ ਪੁਲਿਸ ਅਧਿਕਾਰੀ ਨੂੰ ਸੁਣਾਈ ਅਦਾਲਤ ਨੇ ਸਜ਼ਾ

ਮੁਹਾਲੀ : ਜਸਵੰਤ ਸਿੰਘ ਖਾਲੜਾ ਕੇਸ ਸਣੇ ਹੋਰ ਕਈ ਕੇਸਾਂ ਵਿੱਚ ਪਹਿਲਾਂ ਤੋਂ ਸਜ਼ਾ ਭੁਗਤ ਰਹੇ ਗੋਇੰਦਵਾਲ ਸਾਹਿਬ ਥਾਣੇ ਦੇ ਤਤਕਾਲੀ ਐੱਸਐੱਚਓ ਸੁਰਿੰਦਰਪਾਲ ਸਿੰਘ ਨੂੰ ਮੁਹਾਲੀ ਦੀ ਸੀਬੀਆਈ ਅਦਾਲਤ ਨੇ ਇੱਕ ਹੋਰ ਮਾਮਲੇ ਵਿੱਚ ਦੋਸ਼ੀ ਠਹਿਰਾਇਆ ਹੈ ਤੇ ਸਜ਼ਾ ਸੁਣਾਈ ਹੈ।

ਇਹ ਕੇਸ ਸਾਬਕਾ ਫੌਜੀ ਅਫ਼ਸਰ ਪਿਆਰਾ ਸਿੰਘ, ਉਸ ਦੇ ਪੁੱਤ ਹਰਫੂਲ ਸਿੰਘ ਤੇ ਭਤੀਜੇ ਗੁਰਦੀਪ ਸਿੰਘ ਸਮੇਤ ਇੱਕ ਹੋਰ ਰਿਸ਼ਤੇਦਾਰ ਸਵਰਨ ਸਿੰਘ ਨੂੰ ਘਰੋਂ ਚੁੱਕ ਕੇ ਨਾਜਾਇਜ਼ ਹਿਰਾਸਤ ਵਿੱਚ ਰੱਖਣ ਮਗਰੋਂ ਭੇਤਭਰੀ ਹਾਲਤ ਵਿੱਚ ਲਾਪਤਾ ਕਰਨ ਸਬੰਧੀ ਤਿੰਨ ਦਹਾਕੇ ਤੋਂ ਵੱਧ ਪੁਰਾਣੇ ਇੱਕ ਮਾਮਲੇ ਦਾ ਸੀ। ਅਦਾਲਤ ਨੇ ਇਸ ਕੇਸ ਦਾ ਨਿਬੇੜਾ ਕਰਦਿਆਂ ਗੋਇੰਦਵਾਲ ਸਾਹਿਬ ਥਾਣੇ ਦੇ ਤਤਕਾਲੀ ਐੱਸਐੱਚਓ ਸੁਰਿੰਦਰਪਾਲ ਸਿੰਘ ਨੂੰ 10 ਸਾਲ ਕੈਦ ਤੇ ਦੋ ਲੱਖ ਰੁਪਏ ਜੁਰਮਾਨੇ ਦੀ ਸਜ਼ਾ ਸੁਣਾਈ ਹੈ। ਹਾਲਾਂਕਿ ਇਸ ਮਾਮਲੇ ਵਿੱਚ ਨਾਮਜ਼ਦ ਸੇਵਾਮੁਕਤ ਐੱਸਐੱਸਪੀ ਭੁਪਿੰਦਰਜੀਤ ਸਿੰਘ ਵਿਰਕ, ਸਾਬਕਾ ਐੱਸਐੱਸਓ ਰਾਮ ਨਾਥ ਤੇ ਥਾਣੇਦਾਰ ਨਾਜ਼ਰ ਸਿੰਘ ਨੂੰ ਸਬੂਤਾਂ ਦੀ ਘਾਟ ਕਾਰਨ ਪਹਿਲਾਂ ਹੀ ਬਰੀ ਕੀਤਾ ਜਾ ਚੁੱਕਾ ਹੈ।

ਗਾਇਬ ਕੀਤੇ ਗਏ ਵਿਅਕਤੀਆਂ ਦੇ ਪੀੜਤ ਪਰਿਵਾਰਾਂ ਦੇ ਵਕੀਲ ਅਨੁਸਾਰ ਪੰਜਾਬ ਪੁਲੀਸ ਵੱਲੋਂ 23 ਜੁਲਾਈ 1992 ਵਿੱਚ ਸਾਬਕਾ ਆਰਮੀ ਅਫ਼ਸਰ ਪਿਆਰਾ ਸਿੰਘ, ਉਸ ਦੇ ਬੇਟੇ ਹਰਫੂਲ ਸਿੰਘ, ਭਤੀਜੇ ਗੁਰਦੀਪ ਸਿੰਘ, ਜੋ ਬਿਜਲੀ ਬੋਰਡ ਦਾ ਮੁਲਾਜ਼ਮ ਸੀ ਅਤੇ ਇੱਕ ਹੋਰ ਰਿਸ਼ਤੇਦਾਰ ਸਵਰਨ ਸਿੰਘ ਨੂੰ ਘਰੋਂ ਚੁੱਕ ਕੇ ਕਈ ਦਿਨਾਂ ਤੱਕ ਨਾਜਾਇਜ਼ ਹਿਰਾਸਤ ਵਿੱਚ ਰੱਖਿਆ ਗਿਆ ਤੇ ਮਗਰੋਂ ਭੇਤਭਰੇ ਢੰਗ ਨਾਲ ਉਨ੍ਹਾਂ ਲਾਪਤਾ ਕਰ ਦਿੱਤਾ। ਪੁਲੀਸ ਦੀ ਇਸ ਧੱਕੇਸ਼ਾਹੀ ਖ਼ਿਲਾਫ਼ ਪੀੜਤ ਪਰਿਵਾਰ ਵੱਲੋਂ ਲਗਭਗ ਤਿੰਨ ਦਹਾਕਿਆਂ ਤੋਂ ਸੰਘਰਸ਼ ਕੀਤਾ ਜਾ ਰਿਹਾ ਸੀ।

ਸਾਬਕਾ ਆਰਮੀ ਅਫ਼ਸਰ ਦੀ ਪਤਨੀ ਜਗੀਰ ਕੌਰ ਨੇ ਇਸ ਮਾਮਲੇ ਵਿੱਚ 1996 ਵਿੱਚ ਪੰਜਾਬ ਤੇ ਹਰਿਆਣਾ ਹਾਈ ਕੋਰਟ ਦਾ ਬੂਹਾ ਖੜਕਾਇਆ ਤੇ ਉੱਚ ਅਦਾਲਤ ਨੇ ਇਸ ਮਾਮਲੇ ਦੀ ਜਾਂਚ ਸੀਬੀਆਈ ਨੂੰ ਸੌਂਪੀ, ਜਿਸ ਮਗਰੋਂ ਸੀਬੀਆਈ ਨੇ ਗੋਬਿੰਦਵਾਲ ਸਾਹਿਬ ਦੇ ਤਤਕਾਲੀ ਐੱਸਐੱਚਓ ਸੁਰਿੰਦਰਪਾਲ ਸਿੰਘ ਖ਼ਿਲਾਫ਼ ਕੇਸ ਦਰਜ ਕੀਤਾ। ਇਸ ਮਾਮਲੇ ਵਿੱਚ ਤਤਕਾਲੀ ਡੀਐੱਸਪੀ ਭੁਪਿੰਦਰਜੀਤ ਸਿੰਘ ਵਿਰਕ, ਵੇਰੋਵਾਲ ਥਾਣਾ ਦੇ ਤਤਕਾਲੀ ਐੱਸਐੱਚਓ ਰਾਮ ਨਾਥ ਸਿੰਘ, ਤਤਕਾਲੀ ਥਾਣੇਦਾਰ ਨਾਜਰ ਸਿੰਘ ਵੀ ਨਾਮਜ਼ਦ ਕੀਤੇ ਗਏ ਸਨ। ਅਦਾਲਤ ਵੱਲੋਂ ਤਤਕਾਲੀ ਐੱਸਐੱਚਓ ਸੁਰਿੰਦਰਪਾਲ ਸਿੰਘ ਨੂੰ ਸਜ਼ਾ ਸੁਣਾਈ ਗਈ ਹੈ ਤੇ ਅਤੇ ਬਾਕੀ ਮੁਲਜ਼ਮਾਂ ਨੂੰ ਬਰੀ ਕਰ ਦਿੱਤਾ ਗਿਆ ।