ਚੰਡੀਗੜ੍ਹ : ਮੁਹਾਲੀ ਆਈਪੀਐੱਲ ਮੈਚ(Mohali IPL Match) ਵਿੱਚ ਸਟਾਰ ਕ੍ਰਿਕਟ ਖਿਡਾਰੀਆਂ ਦੀ ਸੁਰੱਖਿਆ ਨੂੰ ਲੈਕੇ ਸੰਨ੍ਹ ਲਗੀ ਹੈ। ਜਿਸ ਹੋਟਲ ਵਿੱਚ ਰਾਇਲ ਚੈਲੇਂਜਰਸ ਬੈਂਗਲੁਰੂ ਕ੍ਰਿਕਟ ਟੀਮ ਦੇ ਖਿਡਾਰੀ ਵਿਰਾਟ ਕੋਹਲੀ ਸਮੇਤ ਹੋਰ ਖਿਡਾਰੀ ਰੁਕੇ ਸਨ, ਉਥੇ ਹੀ ਤਿੰਨ ਹਿਸਟ੍ਰੀ ਸ਼ੀਟਰਾਂ ਨੇ ਵੀ ਕਮਰਾ ਬੁੱਕ ਕਰਵਾਇਆ ਸੀ। ਹੁਣ ਇਨ੍ਹਾਂ ਤਿੰਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ ਹੈ। ਇਹ ਮੁਲਜ਼ਮ ਇੱਥੇ ਸੱਟਾ ਖੇਡਣ ਦੇ ਲਈ ਆਏ ਸਨ। ਗ੍ਰਿਫ਼ਤਾਰ ਮੁਲਜ਼ਮਾਂ ਵਿੱਚ ਇੱਕ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਵਿੱਚ ਸ਼ਾਮਲ ਦੀਪਕ ਟੀਨੂੰ ਦਾ ਨਜ਼ਦੀਕੀ ਵੀ ਸੀ।
ਪੁਲਿਸ ਨੇ 3 ਸੱਟੇਬਾਜ਼ਾਂ ਨੂੰ ਕੀਤਾ ਗ੍ਰਿਫ਼ਤਾਰ
20 ਅਪ੍ਰੈਲ ਨੂੰ IS ਬਿੰਦਰਾ ਮੁਹਾਲੀ ਕ੍ਰਿਕਟ ਸਟੇਡੀਅਮ ਵਿੱਚ ਪੰਜਾਬ ਕਿੰਗਸ ਅਤੇ ਰਾਇਲ ਚੈਲੇਂਜਰਸ ਬੈਂਗਲੁਰੂ ਦੇ ਵਿਚਾਲੇ ਮੁਕਾਬਲਾ ਸੀ। ਇਸ ਵਿੱਚ ਵਿਰਾਟ ਕੋਹਲੀ ਦੀ ਕਪਤਾਨੀ ਵਿੱਚ ਟੀਮ ਨੇ ਜਿੱਤ ਹਾਸਲ ਕੀਤੀ। ਇਸ ਮੈਚ ਦੇ ਬਾਅਦ RCB ਦੀ ਟੀਮ IT ਪਾਰਕ ਦੇ ਹੋਟਲ ਲਲਿਤ ਵਿੱਚ ਰੁਕੀ। ਹੋਟਲ ਵਿੱਚ ਰੁਕਣ ਵਾਲਿਆਂ ਵਿੱਚ ਭਾਰਤੀ ਟੀਮ ਦੇ ਸਟਾਰ ਕ੍ਰਿਕਟਰ ਵਿਰਾਟ ਕੋਹਲੀ ਸਮੇਤ ਹੋਰ ਵੀ ਨਾਮੀ ਖਿਡਾਰੀ ਸ਼ਾਮਲ ਸਨ। ਚੰਡੀਗੜ੍ਹ ਪੁਲਿਸ ਨੂੰ ਇਸੇ ਹੋਟਲ ਵਿੱਚ 3 ਸੱਟੇਬਾਜ਼ਾਂ ਵੱਲੋਂ ਕਮਰਾ ਬੁੱਕ ਕਰਵਾਉਣ ਬਾਰੇ ਇਤਲਾਹ ਮਿਲੀ। ਇੰਸਪੈਕਟਰ ਰੋਹਤਾਸ਼ ਯਾਦਵ ਨੇ ਰਾਤ ਸਾਢੇ 10 ਵਜੇ ਪੁਲਿਸ ਟੀਮ ਨਾਲ ਹੋਟਲ ਵਿੱਚ ਛਾਪੇਮਾਰੀ ਤਿੰਨਾਂ ਨੂੰ ਗ੍ਰਿਫ਼ਤਾਰ ਕਰ ਲਿਆ।
ਗ੍ਰਿਫ਼ਤਾਰ ਮੁਲਜ਼ਮਾਂ ਦੀ ਪਛਾਣ ਜੀਰਕਪੁਰ ਦੇ ਰਾਇਲ ਅਸਟੇਟ ਦੇ ਰੋਹਿਤ, ਸੈਕਟਰ 26 ਬਾਪੂਧਾਮ ਕਾਲੋਨੀ ਦੇ ਮੋਹਿਤ ਭਾਰਦਵਾਜ ਅਤੇ ਹਰਿਆਣਾ ਦੇ ਝੱਜਰ ਜ਼ਿਲੇ ਦੇ ਨਵੀਨ ਕੁਮਾਰ ਦੇ ਰੂਪ ਵਿੱਚ ਹੋਈ ਹੈ। ਇਸ ਵਿੱਚ ਮੋਹਿਤ ਸਿੱਧੂ ਮੂਸੇਵਾਲਾ ਦੇ ਕਾਤਲ ਗੈਂਗਸਟਰ ਦੀਪਕ ਟੀਨੂੰ ਦਾ ਸਾਥੀ ਹੈ। ਪੁਲਿਸ ਨੇ ਮੁਲਜ਼ਮਾਂ ਨੂੰ ਪ੍ਰੀਵੈਂਟਿਵ ਐਕਸ਼ਨ ਦੀ ਕਾਰਵਾਈ ਦੇ ਤਹਿਤ ਗ੍ਰਿਫ਼ਤਾਰ ਕੀਤਾ ਹੈ ।
ਪੰਜਵੀਂ ਮੰਜ਼ਿਲ ‘ਤੇ ਰੁਕੇ ਸਨ ਖਿਡਾਰੀ
ਪੁਲਿਸ ਮੁਤਾਬਕ ਹੋਟਲ ਦੀ ਚੌਥੀ ਅਤੇ ਪੰਜਵੀਂ ਮੰਜ਼ਿਲ ‘ਤੇ ਕ੍ਰਿਕਟ ਟੀਮ ਰੁਕੀ ਸੀ। ਪੰਜਵੀਂ ਮੰਜ਼ਿਲ ‘ਤੇ ਟੀਮ ਦੇ ਹੋਰ ਖਿਡਾਰੀਆਂ ਦੇ ਵੀ ਕਮਰੇ ਸਨ। ਚੌਥੀ ਮੰਜ਼ਿਲ ‘ਤੇ ਕ੍ਰਿਕਟ ਟੀਮ ਦੇ ਨਾਲ ਆਏ ਸਾਥੀ ਸਟਾਫ ਰੁਕਿਆ ਸੀ। ਜਦਕਿ ਤੀਜ਼ੀ ਮੰਜ਼ਿਲ ‘ਤੇ ਮੁਲਜ਼ਮ ਸੱਟੇਬਾਜ਼ ਰੁਕੇ ਸਨ, ਜਿੱਥੋ ਪੁਲਿਸ ਨੇ ਇਨ੍ਹਾਂ ਨੂੰ ਗ੍ਰਿਫਤਾਰ ਕੀਤਾ ਹੈ। ਪੁਰਾਣੀ ਹਿਸਟਰੀ ਹੋਣ ਦੀ ਵਜ੍ਹਾ ਕਰਕੇ ਸ਼ੱਕ ਸੀ ਕਿ ਉਨ੍ਹਾਂ ਕੋਲ ਹਥਿਆਰ ਵੀ ਹੋ ਸਕਦੇ ਸਨ, ਇਸੇ ਲਈ ਪੁਲਿਸ ਨੇ ਮੁਲਜ਼ਮਾਂ ਦੇ ਕਮਰੇ ਦੀ ਪੂਰੀ ਸਰਚ ਕੀਤੀ। ਪੁਲਿਸ ਨੇ ਫਿਲਹਾਲ ਇਹ ਨਹੀਂ ਦੱਸਿਆ ਹੈ ਕਿ ਉਨ੍ਹਾਂ ਦੇ ਕਮਰੇ ਤੋਂ ਕੀ-ਕੀ ਮਿਲਿਆ ਹੈ। ਪੁਲਿਸ ਇਹ ਪਤਾ ਲਗਾਉਣ ਵਿੱਚ ਜੁੱਟੀ ਹੈ ਕਿ ਇਨ੍ਹਾਂ ਸੱਟੇਬਾਜ਼ਾਂ ਦਾ ਨੈੱਟਵਰਕ ਹੋਰ ਕਿਹੜੇ-ਕਿਹੜੇ ਸੂਬੇ ਵਿੱਚ ਹੈ।