Punjab

ਮੁਹਾਲੀ : 10 ਏਕੜ ਰਕਬੇ ’ਚੋਂ ਨਾਜਾਇਜ਼ ਕਬਜ਼ੇ ਛੁਡਾਏ

Illegal possession

ਪੰਜਾਬ ਸਰਕਾਰ ਨੇ ਰਾਜ ਵਿੱਚ ਜ਼ਮੀਨਾਂ ਉੱਤੇ ਕੀਤੇ ਨਾਜਾਇਜ਼ ਕਬਜਿ਼ਆਂ ਖਿਲਾਫ਼ ਮੁਹਿੰਮ ਦੇ ਚਲਦਿਆਂ  ਮੁਹਾਲੀ ਬਲਾਕ ਦੇ ਪਿੰਡ ਸੁਖਗੜ੍ਹ ਅਤੇ ਤੰਗੌਰੀ ਤੋਂ 10 ਏਕੜ ਤੋਂ ਵੱਧ ਥਾਂ ਉੱਤੇ ਕੀਤੇ ਗਏ ਨਾਜਾਇਜ਼ ਕਬਜ਼ੇ ਹਟਾਏ ਗਏ। ਬੀਡੀਪੀਓ ਮੁਹਾਲੀ ਦੀ ਅਗਵਾਈ ਹੇਠ ਦੋਵੇਂ ਥਾਂਵਾਂ ਤੋਂ ਕਬਜ਼ੇ ਛੁਡਾਏ ਗਏ ਅਤੇ ਇਸ ਮੌਕੇ ਮੁਹਾਲੀ ਦੇ ਨਾਇਬ ਤਹਿਸੀਲਦਾਰ ਅਰਜਨ ਸਿੰਘ ਗਰੇਵਾਲ ਡਿਊਟੀ ਮੈਜਿਸਟਰੇਟ ਵਜੋਂ ਤਾਇਨਾਤ ਰਹੇ।

ਬੀਡੀਪੀਓ ਪ੍ਰਨੀਤ ਕੌਰ ਨੇ ਦੱਸਿਆ ਕਿ ਗਰਾਮ ਪੰਚਾਇਤ ਸੁੱਖਗੜ੍ਹ ਦੀ 7 ਕਨਾਲ 3 ਮਰਲੇ ਪੰਚਾਇਤੀ ਟੋਭੇ ਦੀ ਜ਼ਮੀਨ ਤੋਂ ਨਾਜਾਇਜ਼ ਕਬਜ਼ਾ ਹਟਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਇਸ ਨਾਜਾਇਜ਼ ਕਬਜ਼ੇ ਕਾਰਨ ਬਾਰਸ਼ ਦੇ ਦਿਨਾਂ ਵਿੱਚ ਕਈ ਲੋਕਾਂ ਦੇ ਘਰਾਂ ਵਿੱਚ ਪਾਣੀ ਵੜ ਜਾਂਦਾ ਸੀ। ਹੁਣ ਇਸ ਛੱਪੜ ਦੇ ਰਕਬੇ ਨੂੰ ਖਾਲੀ ਕਰਵਾਉਣ ਨਾਲ ਪਿੰਡ ਵਾਸੀਆਂ ਨੂੰ ਬਰਸਾਤ ਦੇ ਦਿਨਾਂ ਵਿੱਚ ਕੋਈ ਮੁਸ਼ਕਿਲ ਨਹੀਂ ਹੋਵੇਗੀ।

ਇਸੇ ਦੌਰਾਨ ਪਿੰਡ ਸੁਖਗੜ੍ਹ ਦੇ ਕਈ ਵਸਨੀਕਾਂ ਨੇ ਦੱਸਿਆ ਕਿ ਇਥੇ ਨਾਜਾਇਜ਼ ਕਬਜ਼ਿਆਂ ਦੇ ਮਾਮਲੇ ਵਿੱਚ ਠੋਸ ਕਾਰਵਾਈ ਨਹੀਂ ਹੋਈ ਹੈ। ਉਨ੍ਹਾਂ ਦੱਸਿਆ ਕਿ ਚੰਗੀ ਤਰ੍ਹਾਂ ਮਿਣਤੀ ਵੀ ਨਹੀਂ ਕੀਤੀ ਗਈ ਤੇ ਪੂਰੇ ਟੋਭੇ ਦਾ ਕਬਜ਼ਾ ਨਹੀਂ ਛੁਡਾਇਆ ਗਿਆ।

ਬੀਡੀਪੀਓ ਪ੍ਰਨੀਤ ਕੌਰ ਨੇ ਦੱਸਿਆ ਕਿ ਗਰਾਮ ਪੰਚਾਇਤ ਤੰਗੌਰੀ ਦੀ ਸ਼ਾਮਲਾਤ ਜ਼ਮੀਨ ਤੋਂ 10 ਏਕੜ (ਜਿਥੇ ਪਹਿਲਾਂ ਲੁੱਕ ਪਲਾਂਟ ਲੱਗਾ ਹੋਇਆ ਸੀ, ਲੀਜ਼ ਦਾ ਸਮਾਂ ਪੂਰਾ ਹੋਣ ’ਤੇ ਵੀ ਕਬਜ਼ਾ ਨਹੀਂ ਛੱਡਿਆ ਜਾ ਰਿਹਾ ਸੀ) ਤੋਂ ਵੀ ਨਾਜਾਇਜ਼ ਕਬਜ਼ਾ ਹਟਵਾ ਕੇ ਗਰਾਮ ਪੰਚਾਇਤ ਤੰਗੌਰੀ ਨੂੰ ਦਿਵਾਇਆ ਗਿਆ ਹੈ। ਇਸ ਮੌਕੇ ਤੇ ਪੰਚਾਇਤ ਸਕੱਤਰ ਸੁੱਖਗੜ੍ਹ ਹਰਸਿਮਰਨ ਕੌਰ, ਪਟਵਾਰੀ ਸੁਰਿੰਦਰਪਾਲ ਅਤੇ ਕਾਨੂੰਗੋ ਮਹੇਸ਼ ਮਹਿਤਾ, ਤੰਗੌਰੀ ਦੀ ਸਰਪੰਚ ਐਡਵੋਕੇਟ ਅਮਨਦੀਪ ਕੌਰ ਹਾਜ਼ਰ ਸਨ।

ਦੱਸ ਦਈਏ ਕਿ ਪੰਜਾਬ ਸਰਕਾਰ  ਨੇ ਪੰਚਾਇਤੀ ਜ਼ਮੀਨਾਂ ‘ਤੇ ਕਬਜ਼ਿਆਂ ਦੀ ਜਾਂਚ ਦੇ ਹੁਕਮ ਦਿੱਤੇ ਸੀ। ਇਸ ਦੇ ਨਾਲ ਹੀ 5000 ਏਕੜ ਪੰਚਾਇਤੀ ਜ਼ਮੀਨ ਖਾਲੀ ਕਰਵਾਉਣ ਦੀ ਮੁਹਿੰਮ ਚਲਾਈ ਗਈ ਸੀ। ਸਰਕਾਰ ਨੇ ਪਹਿਲੇ ਪੜਾਅ ਵਿੱਚ 5000 ਏਕੜ ਪੰਚਾਇਤੀ ਜ਼ਮੀਨ ਤੋਂ ਇੱਕ ਮਹੀਨੇ ਦੇ ਅੰਦਰ-ਅੰਦਰ ਕਬਜ਼ਿਆਂ ਨੂੰ ਹਟਾਉਣ ਦਾ ਟੀਚਾ ਮਿਥਿਆ ਸੀ।

ਇਸੇ ਸਬੰਧ ਵਿੱਚ ਮੁੱਖ ਮੰਤਰੀ ਮਾਨ ਨੇ ਪੰਚਾਇਤੀ ਜ਼ਮੀਨਾਂ ਉਤੇ ਨਾਜਾਇਜ਼ ਕਬਜ਼ੇ ਕਰਨ ਵਾਲਿਆਂ ਨੂੰ ਚਿਤਾਵਨੀ ਦਿੱਤੀ ਸੀ ਕਿ ਜਿਹੜੇ ਵਿਅਕਤੀਆਂ ਨੇ ਸਰਕਾਰੀ ਜਾਂ ਪੰਚਾਇਤੀ ਜ਼ਮੀਨਾਂ ਤੇ ਨਾਜਇਜ਼ ਕਬਜ਼ੇ ਕੀਤੇ ਹੋਏ ਨੇ ਭਾਂਵੇ ਓਹ ਰਾਜਨੀਤਕ ਲੋਕ ਨੇ ਜਾਂ ਅਫਸਰ ਨੇ ਜਾਂ ਫੇਰ ਕੋਈ ਰਸੂਖਦਾਰ ਲੋਕ ਹੋਣ ਉਨ੍ਹਾਂ ਖ਼ਿਲਾਫ਼ ਕਾਰਵਾਈ ਕੀਤੀ ਜਾਵੇਗੀ।