ਮੋਗਾ : ਨਸ਼ਾ ਤਸਕਰਾਂ ਤੋਂ ਪੰਜ ਲੱਖ ਰੁਪਏ ਲੈਣ ਦੇ ਦੋਸ਼ ਵਿੱਚ ਘਿਰੀ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੂੰ ਮੋਗਾ ਪੁਲਿਸ ਭਾਲ ਕਰ ਰਹੀ ਹੈ। ਮੋਗਾ ਪੁਲਿਸ ਨੇ ਅਰਸ਼ਪ੍ਰੀਤ ਕੌਰ ਦੇ ਘਰ ਛਾਪੇਮਾਰੀ ਕੀਤੀ ਹੈ ਪਰ ਅਰਸ਼ਪ੍ਰੀਤ ਕੌਰ ਪੁਲਿਸ ਨੂੰ ਘਰ ਨਹੀਂ ਮਿਲੀ।
ਸਰਚ ਵਾਰੰਟ ਨੂੰ ਲੈ ਕੇ ਪਹੁੰਚੀ ਪੁਲਿਸ ਨੇ 3 ਘੰਟੇ ਤੱਕ ਘਰ ਦੇ ਅੰਦਰ ਸਰਚ ਕੀਤੀ। ਮੋਗਾ ਜ਼ਿਲ੍ਹੇ ਦੇ ਕੋਟ ਈਸੇ ਖਾਂ ਥਾਣੇ ਵਿੱਚ ਐਸਐਚਓ ਵਜੋਂ ਤਾਇਨਾਤ ਗਰੇਵਾਲ ’ਤੇ ਨਸ਼ਾ ਤਸਕਰਾਂ ਨੂੰ 5 ਲੱਖ ਰੁਪਏ ਲੈ ਕੇ ਛੱਡਣ ਦਾ ਦੋਸ਼ ਹੈ। ਇਸ ਮਾਮਲੇ ਵਿੱਚ ਉਸ ਦੇ ਨਾਲ-ਨਾਲ ਦੋ ਕਲਰਕਾਂ ਨੂੰ ਵੀ ਮੁਅੱਤਲ ਕਰਕੇ ਉਨ੍ਹਾਂ ਖ਼ਿਲਾਫ਼ ਕੇਸ ਦਰਜ ਕਰ ਲਿਆ ਗਿਆ ਸੀ।
ਐੱਸਐੱਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਦੱਸਿਆ ਖੁਦ ਨੂੰ ਬੇਕਸੂਰ
ਐੱਸਐੱਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਨੇ ਖੁਦ ਨੂੰ ਬੇਕਸੂਰ ਦੱਸਿਆ ਸੀ। ਅਰਸ਼ਪ੍ਰੀਤ ਕੌਰ ਨੇ ਆਪਣੇ ਖਿਲਾਫ ਦਰਜ ਹੋਏ ਕੇਸ ਨੂੰ ਲੈ ਕੇ ਸੋਸ਼ਲ ਮੀਡੀਆ ‘ਤੇ ਲੰਬੀ ਪੋਸਟ ਕੀਤੀ ਹੈ। ਪੋਸਟ ‘ਚ ਉਨ੍ਹਾਂ ਨੇ ਲਿਖਿਆ ਸੀ ਕਿ ਉਸ ਨੂੰ ਇਸ ਮਾਮਲੇ ‘ਚ ਫਸਾਇਆ ਗਿਆ ਹੈ, ਜਦਕਿ ਉਹ ਬੇਕਸੂਰ ਹੈ। ਅਰਸ਼ਪ੍ਰੀਤ ਕੌਰ ਨੇ ਇਸ ਪਿੱਛੇ ਪੁਲਿਸ ਅਧਿਕਾਰੀਆਂ ਦੀ ਸਾਜ਼ਿਸ਼ ਦਾ ਹਵਾਲਾ ਦਿੰਦਿਆਂ ਮੋਗਾ ਦੇ ਡੀਐਸਪੀ ਅਤੇ ਐਸਪੀ ’ਤੇ ਦੋਸ਼ ਲਾਏ ਹਨ। ਉਨ੍ਹਾਂ ਨੇ ਲਿਖਿਆ ਕਿ ਉਪਰੋਕਤ ਦੋਵੇਂ ਅਧਿਕਾਰੀਆਂ ਨੇ ਉਸ ਵਿਰੁੱਧ ਝੂਠਾ ਕੇਸ ਦਰਜ ਕੀਤਾ ਹੈ।
ਇਹ ਸਾਰਾ ਮਾਮਲਾ ਸੀ
ਇਸ ਮਾਮਲੇ ਵਿੱਚ ਐਸਪੀਡੀ ਬੀਕੇ ਸਿੰਗਲਾ ਨੇ ਦੱਸਿਆ ਕਿ 1 ਅਕਤੂਬਰ 2024 ਨੂੰ ਐਸਐਚਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ ਅਤੇ ਤਤਕਾਲੀ ਮੁਨਸ਼ੀ ਗੁਰਪ੍ਰੀਤ ਸਿੰਘ ਨੇ ਅਮਰਜੀਤ ਸਿੰਘ ਨਾਮਕ ਵਿਅਕਤੀ ਕੋਲੋਂ 2 ਕਿਲੋ ਅਫੀਮ ਬਰਾਮਦ ਕਰਕੇ ਉਸ ਖ਼ਿਲਾਫ਼ ਕੇਸ ਦਰਜ ਕੀਤਾ ਸੀ।
ਇਸ ਮਾਮਲੇ ਵਿਚ ਪੁਲਿਸ ਨੂੰ ਗੁਪਤ ਸੂਚਨਾ ਮਿਲੀ ਕਿ ਅਮਰਜੀਤ ਸਿੰਘ ਦੇ ਨਾਲ ਉਸ ਦੇ ਦੋ ਹੋਰ ਸਾਥੀ ਵੀ ਹਨ, ਜਿਨ੍ਹਾਂ ਕੋਲ 3 ਕਿਲੋ ਅਫੀਮ ਸੀ, ਜਿਨ੍ਹਾਂ ਨੂੰ ਛੁਡਾਉਣ ਲਈ 8 ਲੱਖ ਰੁਪਏ ਵਿਚ ਸੌਦਾ ਹੋਇਆ ਸੀ ਅਤੇ 5 ਲੱਖ ਰੁਪਏ ਵਿਚ ਐਸ.ਐਚ.ਓ ਇੰਸਪੈਕਟਰ ਅਰਸ਼ਪ੍ਰੀਤ ਕੌਰ ਨੂੰ ਦਿੱਤਾ ਗਿਆ ਸੀ। ਗਰੇਵਾਲ, ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਰਾਜਪਾਲ ਸਿੰਘ ਨੇ ਲਿਆ ਸੀ।
ਕੇਸ ਦਰਜ ਹੋਣ ਤੋਂ ਬਾਅਦ ਤਿੰਨੋਂ ਫਰਾਰ ਹੋ ਗਏ
ਇਸ ਮਾਮਲੇ ਦੀ ਜਾਂਚ ਵਿੱਚ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਕਾਂਸਟੇਬਲ ਗੁਰਪ੍ਰੀਤ ਸਿੰਘ, ਕਾਂਸਟੇਬਲ ਰਾਜਪਾਲ ਸਿੰਘ, ਮਨਪ੍ਰੀਤ ਸਿੰਘ ਅਤੇ ਗੁਰਪ੍ਰੀਤ ਸਿੰਘ ਖ਼ਿਲਾਫ਼ ਥਾਣਾ ਕੋਟਈਸੇਖਾ ਵਿੱਚ ਭ੍ਰਿਸ਼ਟਾਚਾਰ ਐਕਟ ਅਤੇ ਐਨਡੀਪੀਐਸ ਐਕਟ ਤਹਿਤ ਕੇਸ ਦਰਜ ਕਰਕੇ ਛਾਪੇਮਾਰੀ ਕੀਤੀ ਜਾ ਰਹੀ ਹੈ।
ਜਲਦ ਹੀ ਇਨ੍ਹਾਂ ਨੂੰ ਗ੍ਰਿਫਤਾਰ ਕਰ ਲਿਆ ਜਾਵੇਗਾ ਅਤੇ ਵਿਭਾਗ ਵੱਲੋਂ ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਰਾਜਪਾਲ ਸਿੰਘ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਇੰਸਪੈਕਟਰ ਅਰਸ਼ਪ੍ਰੀਤ ਕੌਰ ਗਰੇਵਾਲ, ਕਾਂਸਟੇਬਲ ਗੁਰਪ੍ਰੀਤ ਸਿੰਘ ਅਤੇ ਕਾਂਸਟੇਬਲ ਰਾਜਪਾਲ ਸਿੰਘ ਫਰਾਰ ਹਨ, ਜਿਨ੍ਹਾਂ ਦੀ ਪੁਲਿਸ ਭਾਲ ਕਰ ਰਹੀ ਹੈ।