ਬਿਊਰੋ ਰਿਪੋਰਟ : ਮੋਗਾ ਵਿੱਚ ਇੱਕ ਬਜ਼ੁਰਗ ਦੀ ਬੇਰਹਿਮੀ ਨਾਲ ਕੁੱਟਮਾਰ ਕਰਨ ਅਤੇ ਦਰਿੰਦਗੀ ਦੀਆਂ ਸਾਰੀਆਂ ਹੱਦਾਂ ਪਾਰ ਕਰਨ ਦੀ ਸੀਸੀਟੀਵੀ ਸਾਹਮਣੇ ਆਈ ਹੈ। ਦੱਸਿਆ ਜਾ ਰਿਹਾ ਹੈ ਕਿ ਬਜ਼ੁਰਗ ਸਾਧੂ ਸਿੰਘ ਬਾਘਾਪੁਰਾਣਾ ਦੇ ਪਿੰਡ ਸੇਖਾ ਕਲਾਂ ਦੇ ਬਾਬਾ ਰੂਖੜ ਦਾਸ ਧਾਰਮਿਕ ਥਾਂ ਦੇ ਨਜ਼ਦੀਕ ਸੀ। ਉਹ ਕਈ ਸਾਲਾਂ ਤੋਂ ਇੱਥੇ ਸੇਵਾ ਕਰ ਰਿਹਾ ਸੀ, ਕਈ ਵਾਰ ਉਹ ਰਾਤ ਨੂੰ ਇੱਥੇ ਹੀ ਰੁਕ ਜਾਂਦਾ ਸੀ। ਬੁੱਧਵਾਰ ਨੂੰ ਜਦੋਂ ਸਾਧੂ ਸਿੰਘ 10 ਵਜੇ ਦੇ ਕਰੀਬ ਆਪਣੀ ਸਕੂਟੀ ‘ਤੇ ਆ ਰਿਹਾ ਸੀ ਤਾਂ ਉਸ ਨੂੰ ਬਦਮਾਸ਼ਾਂ ਨੇ ਸੁੰਨਸਾਨ ਸੜਕ ‘ਤੇ ਚਾਰੋ ਪਾਸੇ ਤੋਂ ਘੇਰਾ ਪਾ ਲਿਆ। ਉਸ ‘ਤੇ ਹਮਲਾ ਕਰ ਦਿੱਤਾ, ਬਜ਼ੁਰਗ ਬਚਣ ਦੀ ਕਾਫੀ ਕੋਸ਼ਿਸ਼ ਕਰਦਾ ਰਿਹਾ ਪਰ ਬਦਮਾਸ਼ਾਂ ਨੂੰ ਕੋਈ ਤਰਸ ਨਹੀਂ ਦਿੱਤਾ। 70 ਸਾਲ ਦੇ ਸਾਧੂ ਸਿੰਘ ਨੂੰ ਉਦੋਂ ਤੱਕ ਕੁੱਟਦੇ ਰਹੇ ਜਦੋਂ ਤੱਕ ਉਸ ਦੀ ਮੌਤ ਨਹੀਂ ਹੋ ਗਈ। ਇੰਨਾ ਹੀ ਨਹੀਂ ਬਜ਼ੁਰਗ ਨੂੰ ਬਚਾਉਣ ਵਾਲਿਆਂ ਦਾ ਵੀ ਬਦਮਾਸ਼ਾਂ ਨੇ ਨਹੀਂ ਬਖ਼ਸ਼ਿਆ।
ਬਚਾਉਣ ਵਾਲਿਆਂ ਨਾਲ ਕੁੱਟਮਾਰ
ਜਦੋਂ ਬਜ਼ੁਰਗ ਨੂੰ ਬਦਮਾਸ਼ਾਂ ਵੱਲੋਂ ਕੁੱਟਿਆ ਜਾ ਹਿਹਾ ਸੀ ਤਾਂ ਬਾਈਕ ‘ਤੇ ਸਵਾਰ ਦੋ ਰਾਹਗਿਰਾਂ ਨੇ ਉਨ੍ਹਾਂ ਨੂੰ ਰੋਕਣ ਦੀ ਕਾਫੀ ਕੋਸ਼ਿਸ਼ ਕੀਤੀ ਪਰ ਚਾਰੋ ਬਦਮਾਸ਼ਾਂ ਨੇ ਉਨ੍ਹਾਂ ਨੂੰ ਵੀ ਨਹੀਂ ਬਖ਼ਸ਼ਿਆ ਅਤੇ ਉਨ੍ਹਾਂ ਦੀ ਵੀ ਬੁਰੀ ਤਰ੍ਹਾਂ ਕੁੱਟਮਾਰ ਕੀਤੀ। ਬੁੱਧਵਾਰ ਨੂੰ ਹੋਈ ਇਸ ਵਾਰਦਾਤ ਦੀ ਜਦੋਂ ਸੀਸੀਟੀਵੀ ਸਾਹਮਣੇ ਆਈ ਤਾਂ ਬਜ਼ੁਰਗ ਦੇ ਨਾਲ ਕੁੱਟਮਾਰ ਦਾ ਕਾਰਨ ਵੀ ਸਾਹਮਣੇ ਆਇਆ ਹੈ ਅਤੇ ਚਾਰ ਲੋਕਾਂ ਦੇ ਖਿਲਾਫ਼ ਕੇਸ ਦਰਜ ਹੋਇਆ।
ਪੁਲਿਸ ਨੇ 4 ਲੋਕਾਂ ਖਿਲਾਫ਼ ਮਾਮਲਾ ਦਰਜ ਕੀਤਾ
ਬੁੱਧਵਾਰ ਨੂੰ ਬਜ਼ੁਰਗ ਸਾਧੂ ਸਿੰਘ ਦੇ ਕਤਲ ਮਾਮਲੇ ਵਿੱਚ ਪੁਲਿਸ ਨੇ 4 ਲੋਕਾਂ ਦੇ ਖਿਲਾਫ 302, 120 B, 148, 149 ਦੇ ਤਹਿਤ ਮਾਮਲਾ ਦਰਜ ਕੀਤਾ ਹੈ । ਪੁਲਿਸ ਨੇ ਸੀਸੀਟੀਵੀ ਫੁਟੇਜ ਵਿੱਚ ਨਜ਼ਰ ਆ ਰਹੇ ਚਾਰ ਹਮਲਾਵਰਾਂ ਦੇ ਅਦਾਰ ‘ਤੇ FIR ਦਰਜ ਕੀਤੀ ਹੈ, ਹਾਲਾਂਕਿ ਹੁਣ ਤੱਕ ਹਮਲਾਵਰਾਂ ਦੀ ਪਛਾਣ ਨਹੀਂ ਹੋਈ ਹੈ।ਸ਼ੁਰੂਆਤੀ ਜਾਂਚ ਵਿੱਚ ਇਹ ਪਤਾ ਚੱਲਿਆ ਹੈ ਕਿ ਹੋ ਸਕਦਾ ਹੈ ਕਿ ਬਦਮਾਸ਼ਾਂ ਨੇ ਲੁੱਟਣ ਦੀ ਵਾਰਦਾਤ ਨੂੰ ਅੰਜਾਮ ਦੇ ਇਰਾਦੇ ਨਾਲ ਇਹ ਹਰਕਤ ਕੀਤੀ ਹੋਵੇ। ਫਿਲਹਾਲ ਪੁਲਿਸ ਹਰ ਐਂਗਲ ਦੇ ਨਾਲ ਜਾਂਚ ਕਰ ਰਹੀ ਹੈ ਪਰ ਜਿਸ ਤਰ੍ਹਾਂ ਨਾਲ ਸੀਸੀਟੀਵੀ ਫੁਟੇਜ ਵਿੱਚ ਬਜ਼ੁਰਗ ਨਾਲ ਬੁਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ ਬਹੁਤ ਹੀ ਭਿਆਨਕ ਅਤੇ ਦਰਦਨਾਕ ਹੈ।