ਬਿਉਰੋ ਰਿਪੋਰਟ : ਮੋਗਾ ਦੇ ਪਿੰਡ ਡਾਲਾ ਵਿੱਚ ਇੱਕ ਕਾਂਗਰਸੀ ਆਗੂ ਦੇ ਸਰੇਆਮ ਕਤਲ ਦੀ ਖ਼ਬਰ ਆਈ ਹੈ । ਮ੍ਰਿਤਕ ਕਾਂਗਰਸੀ ਆਗੂ ਦਾ ਨਾਂ ਬਲਜਿੰਦਰ ਸਿੰਘ ਬਲੀ ਦੱਸਿਆ ਜਾ ਰਿਹਾ ਹੈ । 2 ਬਾਈਕ ਸਵਾਰ ਆਏ ਅਤੇ ਉਨ੍ਹਾਂ ਨੇ ਬਲਜਿੰਦਰ ਸਿੰਘ ਬਲੀ ‘ਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ । ਇਹ ਵੀ ਸਾਹਮਣੇ ਆ ਰਿਹਾ ਹੈ ਕਿ ਇੱਕ ਬਾਈਕ ਸਵਾਰ ਘਰ ਦੇ ਅੰਦਰ ਵੜਿਆ ਜਿਵੇ ਹੀ ਉਸ ਨੇ ਬਲੀ ਨੂੰ ਵੇਖਿਆ ਫਾਇਰ ਕਰ ਦਿੱਤਾ । ਗੋਲੀ ਸਿੱਧਾ ਕਾਂਗਰਸੀ ਆਗੂ ਦੇ ਢਿੱਡ ਵਿੱਚ ਲੱਗੀ ਜਿਸ ਤੋਂ ਬਾਅਦ ਉਨ੍ਹਾਂ ਨੂੰ ਨਿੱਜੀ ਹਸਪਤਾਲ ਭਰਤੀ ਕਰਵਾਇਆ ਗਿਆ । ਇਲਾਜ ਦੇ ਦੌਰਾਨ ਬਲਜਿੰਦਰ ਬਲੀ ਦੀ ਮੌਤ ਹੋ ਗਈ । ਕਤਲ ਦੀ ਪੂਰੀ ਵਾਰਦਾਤ ਸੀਸੀਟੀਵੀ ਵਿੱਚ ਕੈਦ ਹੋਈ ਹੈ । ਫੁਟੇਜ ਵਿੱਚ ਨਜ਼ਰ ਆ ਰਿਹਾ ਹੈ ਕ ਗੋਲੀ ਲੱਗਣ ਤੋਂ ਬਾਅਦ ਬਲੀ ਨੇ ਉੱਠਣ ਦੀ ਕੋਸ਼ਿਸ਼ ਕੀਤੀ ਸੀ ਪਰ ਉਹ ਹੇਠਾਂ ਡਿੱਗ ਗਏ ।
ਜਿਵੇ ਹੀ ਕਾਂਗਰਸ ਵਰਕਰਾਂ ਨੂੰ ਬਲੀ ਦੇ ਮੌਤ ਦੀ ਖ਼ਬਰ ਮਿਲੀ ਹਸਪਤਾਲ ਦੇ ਆਲੇ-ਦੁਆਲੇ ਕਾਂਗਰਸੀ ਵਰਕਰ ਜੁੱਟ ਗਏ । ਮੌਕੇ ‘ਤੇ ਪਹੁੰਚੀ ਪੁਲਿਸ ਸੀਸੀਟੀਵੀ ਕੈਮਰਿਆਂ ਦੀ ਮਦਦ ਨਾਲ ਮੁਲਜ਼ਮਾਂ ਦੀ ਪਛਾਣ ਕਰਨ ਦੀ ਕੋਸ਼ਿਸ਼ ਕਰ ਰਹੀ ਹੈ। ਹੁਣ ਤੱਕ ਇਸ ਮਾਮਲੇ ਵਿੱਚ ਪਰਿਵਾਰ ਦਾ ਵੀ ਕੋਈ ਬਿਆਨ ਸਾਹਮਣੇ ਨਹੀਂ ਹੈ,ਕਿਸੇ ਕਾਂਗਰਸੀ ਵਰਕਰ ਨੇ ਵੀ ਸ਼ੱਕ ਨਹੀਂ ਜਤਾਇਆ ਹੈ । ਪੁਲਿਸ ਹਰ ਐਂਗਲ ਤੋਂ ਜਾਂਚ ਕਰ ਰਹੀ ਹੈ। ਪਰ ਬਲਜਿੰਦਰ ਸਿੰਘ ਬਲੀ ਦੀ ਮੌਤ ਨਾਲ ਕੁਝ ਸਵਾਲ ਜ਼ਰੂਰ ਜੁੜ ਗਏ ਹਨ । ਖੂਨੀ ਤੱਕ ਪਹੁੰਚਣ ਦੇ ਲਈ ਪੁਲਿਸ ਨੂੰ ਉਨ੍ਹਾਂ ਸਵਾਲਾਂ ਦਾ ਜਵਾਬ ਲੱਭਣਾ ਹੋਵੇਗਾ।
ਬਲਜਿੰਦਰ ਦੀ ਮੌਤ ਨਾਲ ਜੁੜੇ ਸਵਾਲ
ਕਾਂਗਰਸ ਆਗੂ ਬਲਜਿੰਦਰ ਸਿੰਘ ‘ਤੇ ਹਮਲੇ ਵਿੱਚ ਕੀ ਕੋਈ ਸਿਆਸੀ ਰੰਜਿਸ਼ ਹੈ ? ਜੇਕਰ ਹਾਂ ਤਾਂ ਕੀ ਉਹ ਪਾਰਟੀ ਦੇ ਅੰਦਰੂਨੀ ਲੜਾਈ ਸੀ ਜਾਂ ਫਿਰ ਵਿਰੋਧੀ ਪਾਰਟੀ ਇਸ ਵਿੱਚ ਸ਼ਾਮਲ ਹੈ ? ਕੀ ਬਲੀ ਦਾ ਪ੍ਰਾਪਰਟੀ ਨੂੰ ਲੈਕੇ ਕੋਈ ਝਗੜਾ ਸੀ ? ਕੀ ਜਾਇਦਾਦ ਦੇ ਲਈ ਕਤਲ ਹੋਇਆ ਹੈ ? ਕਿਸੇ ਨਾਲ ਨਿੱਜੀ ਦੁਸ਼ਮਣੀ ਜਾਂ ਫਿਰ ਪੈਸੇ ਨੂੰ ਲੈਕੇ ਕੋਈ ਝਗੜਾ ਸੀ ? ਜਿਸ ਦਾ ਬਦਲਾ ਲੈਣ ਲਈ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ। ਇਹ ਉਹ ਸਵਾਲ ਹਨ ਜਿੰਨਾਂ ਦਾ ਜਵਾਬ ਪਰਿਵਾਰ ਅਤੇ ਨਜ਼ਦੀਕੀ ਦੇ ਸਕਦੇ ਹਨ ।