‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਸੂਬਾ ਜਨਰਲ ਸਕੱਤਰ ਸਰਵਣ ਸਿੰਘ ਪੰਧੇਰ ਨੇ ਹਰਿਆਣਾ ਸਰਕਾਰ ਵੱਲੋਂ ਹਰਿਆਣਾ ਵਿੱਚ ਅੱਜ ਕਿਸਾਨਾਂ ਦੇ ਨਾਲ ਕੀਤੇ ਗਏ ਧੱਕੇ ਦੀ ਨਿੰਦਾ ਕਰਦਿਆਂ ਕਿਹਾ ਕਿ ‘ਮੋਦੀ ਦੇ ਕਹਿਣ ‘ਤੇ ਖੱਟਰ ਸਰਕਾਰ ਨੇ ਕਿਸਾਨਾਂ ‘ਤੇ ਜੋ ਜ਼ੁਲਮ ਕੀਤਾ ਅਤੇ ਹਰਿਆਣਾ ਦੇ ਕਿਸਾਨਾਂ ਨੇ ਅੱਗੋਂ ਜਿਸ ਬਹਾਦਰੀ ਨਾਲ ਇਸਦਾ ਟਾਕਰਾ ਕੀਤਾ, ਉਹ ਸਲਾਹੁਣਯੋਗ ਹੈ। ਸੰਨੀ ਦਿਉਲ ਮੋਦੀ ਦੇ ਹੱਕ ਵਿੱਚ ਛਾਲਾਂ ਮਾਰ ਰਿਹਾ ਹੈ ਪਰ ਸਾਡੇ ਪੰਜਾਬ ਦੇ ਕਿਸਾਨ ਅਤੇ ਸੂਰਬੀਰ ਹਕੀਕੀ ਰੂਪ ਵਿੱਚ ਛਾਲਾਂ ਮਾਰ ਕੇ ਨਾਕੇ ਤੋੜ ਕੇ ਅੱਗੇ ਵਧੇ ਹਨ, ਇਹ ਵਧਾਈ ਦੇ ਪਾਤਰ ਹਨ।
ਅੱਜ ਵੀ ਪੰਜਾਬ ਦੇ ਬਹਾਦਰ ਯੋਧਿਆਂ ਨੇ ਹਰਿਆਣਾ ਸਰਕਾਰ ਦੇ ਜ਼ੁਲਮ, ਅੱਥਰੂ ਗੈਸ, ਪਾਣੀ ਦੀਆਂ ਬੁਛਾੜਾਂ ਅਤੇ ਲਾਠੀਚਾਰਜ ਦੇ ਬਾਵਜੂਦ ਸਰਕਾਰ ਦੀਆਂ ਰੋਕਾਂ ਤੋੜ ਕੇ ਅੱਗੇ ਵਧ ਰਹੇ ਹਨ, ਅਸੀਂ ਉਨ੍ਹਾਂ ਨੂੰ ਕਹਿਣਾ ਚਾਹੁੰਦੇ ਹਾਂ ਕਿ ਤੁਹਾਡੇ ਸਿਰ ‘ਤੇ ਪੰਜਾਬ ਤੇ ਦੇਸ਼ ਦੀ ਕਿਸਾਨੀ ਦਾ ਭਵਿੱਖ ਖੜ੍ਹਾ ਹੈ। ਸਰਕਾਰ ਜ਼ੁਲਮ ਕਰ ਸਕਦੀ ਹੈ ਪਰ ਅਸੀਂ ਇਹ ਜ਼ੁਲਮ ਸਹਿ ਕੇ ਵੀ ਅੱਗੇ ਵਧਾਂਗੇ’।
ਪੰਧੇਰ ਨੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ‘ਤੇ ਨਿਸ਼ਾਨਾ ਸਾਧਦਿਆਂ ਕਿਹਾ ਕਿ ‘ਕੈਪਟਨ ਸਰਕਾਰ ਦਾ ਚਿਹਰਾ ਨੰਗਾ ਹੋ ਗਿਆ, ਉਹ ਮੋਦੀ ਸਰਕਾਰ ਦੇ ਨਾਲ ਰਲ ਕੇ ਸਾਡੇ ਖਿਲਾਫ ਹਾਈਕੋਰਟ ਦੇ ਵਿੱਚ ਸਾਡਾ ਅੰਦੋਲਨ ਵਾਪਿਸ ਲੈਣ ਲਈ ਦਬਾਅ ਪਾ ਰਹੀ ਹੈ। ਮੋਦੀ ਅਤੇ ਖੱਟਰ ਸਾਡੇ ਕਿਸਾਨਾਂ ‘ਤੇ ਜੋ ਜ਼ੁਲਮ ਕਰ ਰਿਹਾ ਹੈ, ਉਸਦੇ ਖਿਲਾਫ ਅਸੀਂ ਅੱਜ ਅਤੇ ਕੱਲ੍ਹ ਲਗਾਤਾਰ ਅਰਥੀ ਫੂਕ ਮੁਜ਼ਾਹਰੇ ਕਰਾਂਗੇ ਅਤੇ ਸਰਕਾਰ ਦੇ ਪੈਰਾਂ ਥੱਲੇ ਅੱਗ ਮਚਾਵਾਂਗੇ। ਅਸੀਂ ਅੱਜ ਜੰਡਿਆਲਾ ਗੁਰੂ, ਅੰਮ੍ਰਿਤਸਰ ਵਿਖੇ ਵੀ ਦੁਪਹਿਰ ਦੇ 2:30 ਵਜੇ ਦੇ ਕਰੀਬ ਖੱਟਰ ਸਰਕਾਰ ਦੀ ਅਰਥੀ ਫੂਕਾਂਗੇ’।
ਉਨ੍ਹਾਂ ਨੇ ਕਿਸਾਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ‘ਅੱਜ ਪੂਰੀ ਪੰਜਾਬੀ ਕੌਮ ਇੱਕਮੁੱਠ ਹੋ ਕੇ ਦਿੱਲੀ ਦੇ ਖਿਲਾਫ ਲੜ ਰਹੀ ਹੈ, ਇਹ ਵਧਾਈ ਦੇ ਪਾਤਰ ਹਨ। ਉਹ ਦਿਨ ਆਵੇਗਾ ਜਦੋਂ ਮੋਦੀ ਦੇਸ਼ ਅਤੇ ਪੰਜਾਬ ਦੇ ਲੋਕਾਂ ਅੱਗੇ ਹਾਰੇਗਾ। ਉਹਦੀਆਂ ਨੀਤੀਆਂ ਅਤੇ ਕਾਰਪੋਰੇਟ ਘਰਾਣੇ ਅਸੀਂ ਕਿਸੇ ਵੀ ਕੀਮਤ ‘ਤੇ ਪੰਜਾਬ ਦੀ ਖੇਤੀ ‘ਤੇ ਹਾਵੀ ਨਹੀਂ ਹੋਣ ਦਿਆਂਗੇ’।