India Punjab

ਵਿਰੋਧ ਦੇ ਚੱਲਦਿਆਂ ਮੋਦੀ ਨੇ ਜਲ੍ਹਿਆਂਵਾਲਾ ਬਾਗ ਦਾ ਕੀਤਾ ਉਦਘਾਟਨ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਜਲ੍ਹਿਆਂਵਾਲਾ ਬਾਗ ਦਾ ਨਵੀਨੀਕਰਨ ਤੋਂ ਬਾਅਦ ਵਰਚੁਅਲੀ ਤਰੀਕੇ ਨਾਲ ਉਦਘਾਟਨ ਕੀਤਾ ਹੈ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਹੋਰ ਵੀ ਕਈ ਸ਼ਖਸੀਅਤਾਂ ਹਾਜ਼ਿਰ ਸਨ। ਜਲ੍ਹਿਆਂਵਾਲਾ ਬਾਗ ਨੈਸ਼ਨਲ ਮੈਮੋਰੀਅਲ ਟਰੱਸਟ ਦੇ ਮੈਂਬਰ ਅਤੇ ਰਾਜ ਸਭਾ ਮੈਂਬਰ ਸ਼ਵੇਤ ਮਲਿਕ ਨੇ ਕਿਹਾ ਕਿ ਉਦਘਾਟਨੀ ਸਮਾਗਮ ਵਿੱਚ ਸ਼ਹੀਦਾਂ ਦੇ 29 ਪਰਿਵਾਰਾਂ ਨੂੰ ਵੀ ਸੱਦਿਆ ਗਿਆ ਹੈ। ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਦੇ ਨਾਲ ਕੀਤੀ ਗਈ। ਇਸ ਤੋਂ ਉਪਰੰਤ ਸ਼ਹੀਦਾਂ ਨੂੰ ਖੜ੍ਹੇ ਹੋ ਕੇ ਦੋ ਮਿੰਟ ਦਾ ਮੌਨ ਵਰਤ ਧਾਰ ਕੇ ਸ਼ਰਧਾਂਜਲੀ ਦਿੱਤੀ ਗਈ। ਉਦਘਾਟਨੀ ਸਮਾਗਮ ਵਿੱਚ ਥ੍ਰੀ ਡੀ ਅਤੇ ਲਾਈਟ ਐਂਡ ਸਾਊਂਡ ਸ਼ੋਅ ਦੀ ਵਿਵਸਥਾ ਕੀਤੀ ਗਈ, ਜਿਸ ਰਾਹੀਂ ਇਤਿਹਾਸ ਦੀ ਪੇਸ਼ਕਾਰੀ ਕੀਤੀ ਗਈ। ਕੈਪਟਨ ਨੇ ਕਿਹਾ ਕਿ ਜਲ੍ਹਿਆਂਵਾਲਾ ਬਾਗ ਦੇ ਸ਼ਹੀਦਾਂ ਦੇ ਪਿੰਡਾਂ ਵਿੱਚ ਉਨ੍ਹਾਂ ਦੀ ਯਾਦਗਾਰ ਬਣਾਉਣ ਲਈ ਗ੍ਰਾਟਾਂ ਦੇਣ ਦਾ ਐਲਾਨ ਕੀਤਾ।

ਜਾਣਕਾਰੀ ਮੁਤਾਬਿਕ ਕੇਂਦਰੀ ਸੱਭਿਆਚਾਰਕ ਮਾਮਲੇ ਮੰਤਰਾਲੇ ਨੇ ਭਾਰਤੀ ਪੁਰਾਤੱਤਵ ਵਿਭਾਗ ਦੀ ਨਿਗਰਾਨੀ ਹੇਠ ਲਗਭਗ 19 ਕਰੋੜ 36 ਲੱਖ ਰੁਪਏ ਦੀ ਲਾਗਤ ਨਾਲ ਸੁੰਦਰੀਕਰਨ ਦੇ ਕੰਮ ਕੀਤੇ ਹਨ। ਉਸਾਰੀ ਕਾਰਜਾਂ ਕਾਰਨ ਇਸ ਨੂੰ 15 ਫਰਵਰੀ 2020 ਨੂੰ ਲੋਕਾਂ ਵਾਸਤੇ ਬੰਦ ਕਰ ਦਿੱਤਾ ਗਿਆ ਸੀ। ਦੱਸਣਯੋਗ ਹੈ ਕਿ ਇਤਿਹਾਸਕ ਯਾਦਗਾਰ ਵਿੱਚ ਕੀਤੇ ਨਵੀਨੀਕਰਨ ਅਤੇ ਸੁੰਦਰੀਕਰਨ ਤਹਿਤ ਇੱਥੇ ਚਾਰ ਮਿਊਜ਼ੀਅਮ ਗੈਲਰੀਆਂ ਬਣਾਈਆਂ ਗਈਆਂ ਹਨ, ਜਿਨ੍ਹਾਂ ਵਿੱਚ ਇੱਥੋਂ ਦੇ ਇਤਿਹਾਸ ਨੂੰ ਦਰਸਾਇਆ ਗਿਆ। ਸ਼ਹੀਦੀ ਖੂਹ ਦੇ ਉੱਪਰਲੇ ਹਿੱਸੇ ਨੂੰ ਵੀ ਨਵੀਂ ਦਿੱਖ ਦਿੱਤੀ ਗਈ ਹੈ। ਇਸ ਦੇ ਆਲੇ ਦੁਆਲੇ ਲੱਗੀ ਲੋਹੇ ਦੀ ਜਾਲੀ ਦੀ ਥਾਂ ਹੁਣ ਸ਼ੀਸ਼ੇ ਲਗਾ ਦਿੱਤੇ ਗਏ ਹਨ ਤਾਂ ਜੋ ਇੱਥੇ ਆਉਣ ਵਾਲੇ ਸੈਲਾਨੀ ਇਸ ਨੂੰ ਚੰਗੀ ਤਰ੍ਹਾਂ ਦੇਖ ਸਕਣ।

ਨੌਜਵਾਨ ਭਾਰਤ ਸਭਾ ਅਤੇ ਹੋਰ ਭਰਾਤਰੀ ਜਥੇਬੰਦੀਆ ਨੇ ਮੋਦੀ ਦੀ ਵਰਚੂਅਲ ਰੈਲੀ ਦਾ ਜ਼ਬਰਦਸਤ ਵਿਰੋਧ ਕੀਤਾ। ਇਸ ਦੌਰਾਨ ਸੈਂਕੜੇ ਆਗੂ ਅਤੇ ਕਾਰਕੁੰਨ ਪੁਲਿਸ ਨੇ ਗ੍ਰਿਫ਼ਤਾਰ ਕਰ ਲਏ। ਨੌਜਵਾਨ ਭਾਰਤ ਸਭਾ ਦੇ ਸੱਦੇ ਤਹਿਤ ਅੱਜ ਸਵੇਰੇ ਜਲਦੀ ਹੀ ਨੌਜਵਾਨ ਸੈਂਕੜਿਆ ਦੀ ਗਿਣਤੀ ਵਿੱਚ ਸ਼੍ਰੀ ਹਰਮੰਦਰ ਸਾਹਿਬ ਵਿਖੇ ਇਕੱਠੇ ਹੋਣੇ ਸ਼ੁਰੂ ਹੋ ਗਏ ਅਤੇ ਸਵੇਰੇ 8 ਵਜੇ ਜਲਿਆਂਵਾਲਾ ਬਾਗ ਦੇ ਸਾਹਮਣੇ ਧਰਨਾ ਸ਼ੁਰੂ ਕਰ ਦਿੱਤਾ ਸੀ।

ਪੁਲਿਸ ਦੇ ਉੱਚ ਅਧਿਕਾਰੀਆਂ ਨੇ ਧਰਨੇ ਵਿੱਚ ਆ ਕੇ ਨੌਜਵਾਨਾਂ ਨੂੰ ਭਰੋਸਾ ਦਿੱਤਾ ਕਿ ਜਲਿਆਂਵਾਲਾ ਬਾਗ ਵਿਖੇ ਪ੍ਰਧਾਨ ਮੰਤਰੀ ਦਾ ਭਾਸ਼ਣ ਚਲਵਾਉਣ ਦਾ ਕੋਈ ਪ੍ਰੋਗਰਾਮ ਨਹੀ ਹੈ। ਐਲਸੀਡੀ ਲਾ ਕੇ ਡਾਕੂਮੈਂਟਰੀ ਫਿਲਮ ਦਿਖਾਈ ਜਾਵੇਗੀ, ਜੋ ਬਾਗ ਦੇ ਇਤਿਹਾਸ ਨਾਲ ਸੰਬੰਧਿਤ ਹੋਵੇਗੀ। ਕਿਸੇ ਵੀ ਭਾਜਪਾ ਦੇ ਲੀਡਰ ਦੀ ਇੱਥੇ ਐਂਟਰੀ ਨਹੀਂ ਕੀਤੀ ਜਾਵੇਗੀ, ਸਿਰਫ ਸ਼ਹੀਦਾਂ ਦੇ ਪਰਿਵਾਰ ਅਤੇ ਬੀਐੱਸਐੱਫ ਦੇ ਜਵਾਨ ਹੀ ਸ਼ਾਮਿਲ ਹੋਣਗੇ। ਇਸ ਤੋਂ ਇਲਾਵਾ ਪ੍ਰਦਰਸ਼ਨਕਾਰੀਆਂ ਦਾ 5 ਮੈਂਬਰੀ ਵਫਦ ਜਲਿਆਂਵਾਲਾ ਬਾਗ ਦਾ ਜਾਇਜ਼ਾ ਲੈਣ ਲਈ ਅੰਦਰ ਭੇਜਿਆ ਗਿਆ, ਇਸ ਭਰੋਸੇ ਤੋਂ ਜਥੇਬੰਦੀਆ ਨੇ ਧਰਨਾ ਚੁੱਕ ਲਿਆ ਅਤੇ ਨਿਗਰਾਨੀ ਲਈ ਆਪਣੇ ਕਾਰਕੁੰਨ ਦਰਬਾਰ ਸਾਹਿਬ ਬਿਠਾ ਲਏ। 

ਸ਼ਾਮ 6.25 ਨੂੰ ਉਦਘਾਟਨ ਹੋਣਾ ਸੀ, ਉਸ ਤੋਂ ਪਹਿਲਾਂ ਹੀ ਨੌਜਵਾਨ ਭਾਰਤ ਸਭਾ ਅਤੇ ਹੋਰ ਵੱਖ-ਵੱਖ ਜਥੇਬੰਦੀਆ ਦੇ ਲੀਡਰ ਅਤੇ ਕਾਰਕੁੰਨ ਵੱਡੀ ਗਿਣਤੀ ਇਕੱਠੇ ਹੋ ਕੇ ਦਰਬਾਰ ਸਾਹਿਬ ਵੱਲੋਂ ਮਾਰਚ ਕਰਕੇ ਜਲਿਆਂਵਾਲਾ ਬਾਗ ਦੇ ਰਸਤੇ ਕੀਤੀ ਬੈਰੀਗੇਡਿੰਗ ਵੱਲ ਅੱਗੇ ਵਧੇ ਅਤੇ ਸਾਰਿਆਂ ਨੂੰ ਬਾਗ ਅੰਦਰ ਜਾਣ ਦੀ ਮੰਗ ਨੂੰ ਲੈ ਕੇ ਪੁਲਿਸ ਝੜਪਾਂ ਹੋਈਆਂ ਅਤੇ ਸੈਂਕੜੇ ਆਗੂ ਅਤੇ ਕਾਰਕੁੰਨਾਂ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ।