ਚੰਡੀਗੜ੍ਹ : ਨਸ਼ਿਆਂ ਸੰਬੰਧੀ SIT ਦੀਆਂ 3 ਰਿਪੋਰਟਾਂ ‘ਤੇ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਚੁੱਪੀ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਗੰਭੀਰ ਸਵਾਲ ਚੁੱਕੇ ਹਨ ਤੇ ਕਈ ਅਹਿਮ ਖੁਲਾਸੇ ਕੀਤੇ ਹਨ। ਆਪਣੇ ਸੋਸ਼ਲ ਮੀਡੀਆ ਪੇਜ਼ ‘ਤੇ ਪਾਈ ਇੱਕ ਵੀਡੀਓ ਵਿੱਚ ਖਹਿਰਾ ਨੇ ਜਾਣਕਾਰੀ ਦਿੱਤੀ ਕਿ ਪਿਛਲੇ ਇੱਕ ਦਹਾਕੇ ਤੋਂ ਨਸ਼ਿਆਂ ਦੇ ਲਈ ਬਦਨਾਮ ਹੋ ਰਹੇ ਪੰਜਾਬ ਦੇ ਹਾਲਾਤ ਦੇਖ ਕੇ ਹਾਈ ਕੋਰਟ ਨੇ ਖੁੱਦ ਜਾਂਚ ਦੇ ਆਦੇਸ਼ ਦਿੱਤੇ ਸੀ ।
ਇਸ ਦੌਰਾਨ NCB ਦੀ ਇੱਕ ਰਿਪੋਰਟ ਦਾ ਵੀ ਜ਼ਿਕਰ ਖਹਿਰਾ ਨੇ ਕੀਤਾ ਹੈ ਤੇ ਕਿਹਾ ਹੈ ਕਿ ਇਸ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਨਸ਼ਿਆਂ ਦਾ ਕਾਰੋਬਾਰ 40,000 ਕਰੋੜ ਦਾ ਹੈ,ਜੋ ਕਿ ਆਮ ਤੌਰ ਤੇ ਕਿਸੇ ਸੂਬੇ ਦਾ ਬਜਟ ਵੀ ਨਹੀਂ ਹੁੰਦਾ। ਇਸੇ ਕਾਰਨ ਨੌਜਵਾਨਾਂ ਦੀ ਵੱਡੀ ਸੰਖਿਆ,ਸਣੇ ਕੁੜੀਆਂ ਪ੍ਰਭਾਵਿਤ ਹੋਈ ਹੈ। ਖਹਿਰਾ ਨੇ ਮਕਬੂਲਪੁਰਾ ਨਾਮ ਦੇ ਮੁਹੱਲੇ ਦਾ ਵੀ ਜ਼ਿਕਰ ਕੀਤਾ ਹੈ,ਜਿਥੇ ਹਰ ਕੋਈ ਨਸ਼ੇ ਲੈ ਰਿਹਾ ਹੈ।
ਉਹਨਾਂ ਇਹ ਵੀ ਕਿਹਾ ਕਿ ਇੱਕ ਹਫਤਾ ਪਹਿਲਾਂ ਐਸਆਈਟੀ ਦੀਆਂ ਤਿੰਨ ਰਿਪੋਰਟਾਂ ਨੂੰ ਮਾਨ ਸਰਕਾਰ ਦੇ ਇੱਕ ਸਾਲ ਬੀਤ ਜਾਣ ਮਗਰੋਂ ਖੋਲਣ ਦੇ ਆਦੇਸ਼ ਜਾਰੀ ਕੀਤੇ ਗਏ ਸੀ ਤੇ ਸਰਕਾਰ ਨੂੰ ਕਾਰਵਾਈ ਦੇ ਆਦੇਸ਼ ਦਿੱਤੇ ਸੀ ।ਮੁੱਖ ਮੰਤਰੀ ਮਾਨ ਨੇ ਟਵੀਟ ਵੀ ਕੀਤਾ ਕਿ ਇਸ ‘ਤੇ ਕਾਰਵਾਈ ਕੀਤੀ ਜਾਵੇਗੀ ਪਰ ਹਾਲੇ ਤੱਕ ਕੋਈ ਕਾਰਵਾਈ ਨਹੀਂ ਹੋਈ ਹੈ।
ਖਹਿਰਾ ਨੇ ਕਿਹਾ ਹੈ ਕਿ ਖੋਲੀਆਂ ਗਈਆਂ ਤਿੰਨੋਂ ਰਿਪੋਰਟਾਂ ਵਿੱਚ ਅੱਗੇ ਜਾਂਚ ਕਰਵਾਏ ਜਾਣ ਦੀ ਗੱਲ ਕਹੀ ਗਈ ਸੀ। ਇਹਨਾਂ ਸਾਰੀਆਂ ਰਿਪੋਰਟਾਂ ਵਿੱਚ ਸਾਫ਼ ਸੀ ਕਿ ਇੱਕ ਪੁਲਿਸ ਕਰਮਚਾਰੀ ਇੰਦਰਜੀਤ ਸਿੰਘ ਦੀ ਸ਼ਮੁਲੀਅਤ ਦੀ ਗੱਲ ਸਾਹਮਣੇ ਆਈ ਸੀ,ਜੋ ਕਿ ਇਸ ਵੇਲੇ ਪਟਿਆਲਾ ਜੇਲ੍ਹ ਵਿੱਚ ਨਜ਼ਰਬੰਦ ਹੈ।ਉਹਨਾਂ ਜਾਣਕਾਰੀ ਦਿੱਤੀ ਹੈ ਕਿ ਕੈਪਟਨ ਸਰਕਾਰ ਵੇਲੇ ਬਣੀ ਹਰਪ੍ਰੀਤ ਸਿੰਘ ਸਿੱਧੂ ਐਸਆਈਟੀ ਨੇ ਇਸ ਨੂੰ ਗ੍ਰਿਫਤਾਰ ਕੀਤਾ ਸਾ ਤੇ ਤਲਾਸ਼ੀ ਦੌਰਾਨ ਇਸ ਦੇ ਘਰੋਂ ਪੰਜ ਕਿਲੋ ਚਿੱਟਾ,ਪੰਜ ਕਿਲੋ ਹੈਰੋਇਨ ਤੇ ਏਕ ਸੰਤਾਲੀ ਰਾਈਫਲਾਂ ਵੀ ਬਰਾਮਦ ਹੋਈਆਂ ਸਨ।
ਖਹਿਰਾ ਨੇ ਸਵਾਲ ਕੀਤਾ ਹੈ ਕਿ 40,000 ਕਰੋੜ ਦੇ ਨਸ਼ਿਆਂ ਦੇ ਧੰਧੇ ਵਾਲੇ ਇਸ ਕਾਰੋਬਾਰ ਨੂੰ ਸਿਰਫ ਇੱਕ ਪੁਲਿਸ ਕਰਮਚਾਰੀ ਚਲਾਉਂਦਾ ਹੋਵੇਗਾ ?ਇਸ ਪੁਲਿਸ ਕਰਮਚਾਰੀ ਦੇ ਖਿਲਾਫ਼ 14 ਵਿਭਾਗੀ ਕਾਰਵਾਈਆਂ ਤੇ 3 ਭ੍ਰਿਸ਼ਟਾਚਾਰ ਦੇ ਕੇਸ ਚੱਲ ਰਹੇ ਹਨ ਤਾਂ ਫਿਰ ਇਸ ਨੂੰ ਕਿਵੇਂ ਤਰੱਕੀਆਂ ਮਿਲੀ ਗਈਆਂ ?
ਐਸਆਈਟੀ ਰਿਪੋਰਟ ਵਿੱਚ ਹਾਈ ਕੋਰਟ ਨੇ ਇੰਦਰਜੀਤ ਸਿੰਘ ਦੇ ਵੱਡੇ ਪੁਲਿਸ ਅਧਿਕਾਰੀਆਂ ਨਾਲ ਤਾਲੁਕਾਤਾਂ ਦੀ ਜਾਂਚ ਕਰਨ ਦੀ ਵੀ ਗੱਲ ਕਹੀ ਹੈ ਤੇ ਇਸ ਦੌਰਾਨ ਇਹ ਖੁਲਾਸਾ ਹੋਇਆ ਕਿ ਤਰਨਤਾਰਨ ਜ਼੍ਹਿਲੇ ਵਿੱਚ ਤਾਇਨਾਤ ਐਸਐਸਪੀ ਰਾਜਜੀਤ ਸਿੰਘ ਨੇ ਖਾਸ ਤੌਰ ਤੇ ਆਪਣੇ ਨਾਲ ਇਸ ਦੀ ਪੋਸਟਿੰਗ ਕਰਵਾਈ ਸੀ ਤੇ 14 ਮਹੀਨੇ ਇਹ ਉਥੇ ਰਿਹਾ ਹੈ।
ਖਹਿਰਾ ਨੇ ਖੁਲਾਸਾ ਕਰਦੇ ਹੋਏ ਦਾਅਵਾ ਕੀਤਾ ਹੈ ਕਿ ਮਿਲੀਭੁਗਤ ਨਾਲ ਮੁੱਖ ਮੰਤਰੀ ਕੋਲ ਪਈਆਂ ਰਿਪੋਰਟਾਂ ਨੂੰ ਲੀਕ ਕੀਤਾ ਗਿਆ ਤੇ ਕੁੱਝ ਚੋਣਵੇਂ ਮੀਡੀਆ ਅਦਾਰਿਆਂ ਵਿੱਚ ਇਹ ਗੱਲ ਫੈਲਾਈ ਗਈ ਕਿ ਐਸਐਸਪੀ ਰਾਜਜੀਤ ਸਿੰਘ ਨੂੰ ਅਦਾਲਤ ਨੇ ਕਲੀਨ ਚਿੱਟ ਦੇ ਦਿੱਤੀ ਹੈ ਜਦੋਂ ਕਿ ਅਦਾਲਤ ਨੇ ਪੁਲਿਸ ਕਰਮੀ ਹੌਲਦਾਰ ਇੰਦਰਜੀਤ ਸਿੰਘ ਨਾਲ ਰਾਜਜੀਤ ਸਿੰਘ ਦੇ ਨਾਲ ਸੰਬੰਧ ਹੋਣ ਦੀ ਜਾਂਚ ਦੇ ਹੁਕਮ ਦਿੱਤੇ ਹਨ ਤੇ ਇਹ ਵੀ ਕਿਹਾ ਹੈ ਕਿ ਇਸ ਮਾਮਲੇ ਵਿੱਚ ਇੱਕ IPS ਤੇ ਤਿੰਨ 3 PPS ਅਫਸਰਾਂ ਦੇ ਸ਼ਾਮਿਲ ਹੋਣ ਦੀ ਗੱਲ ਕਹੀ ਹੈ। ਖਹਿਰਾ ਨੇ ਇਹ ਵੀ ਕਿਹਾ ਹੈ ਕਿ ਐਸਐਸਪੀ ਰਾਜਜੀਤ ਸਿੰਘ ਨੇ ਮੁਹਾਲੀ ਤੇ ਇੱਕ ਹੋਰ ਥਾਂ ਤੇ ਕਰੋੜਾਂ ਰੁਪਏ ਦੇ ਪਲਾਟ ਵੀ ਲਏ ਹਨ,ਜਿਸ ਕਾਰਨ ਉਹ ਸ਼ੱਕ ਦੇ ਘੇਰੇ ਵਿੱਚ ਵੀ ਆਉਂਦਾ ਹੈ। ਇਸ ਤੋਂ ਇਲਾਵਾ ਉਸ ‘ਤੇ ਹੋਰ ਵੀ ਕਈ ਇਲਜ਼ਾਮ ਵੀ ਸਨ।
ਆਪਣੇ ‘ਤੇ ਪਏ NDPS ਫਾਜ਼ਿਲਕਾ ਕੇਸ ਦੀ ਗੱਲ ਕਰਦਿਆਂ ਖਹਿਰਾ ਨੇ ਕਿਹਾ ਕਿ ਉਹਨਾਂ ਨੂੰ ਖੁੱਦ ਨੂੰ ਬੇਕਸੂਰ ਸਾਬਤ ਕਰਨ ਲਈ ਸੱਤ ਸਾਲ ਲੱਗ ਗਏ ਭਾਵੇਂ ਉਹਨਾਂ ਕੋਲੋਂ ਕੁੱਝ ਵੀ ਬਰਾਮਦ ਨਹੀਂ ਹੋਇਆ ਸੀ ਤੇ ਇੱਕ ਫੋਨ ਕਾਲ ਦੇ ਆਧਾਰ ‘ਤੇ ਇਹ ਕਾਰਵਾਈ ਹੋਈ ਸੀ ਪਰ ਹੁਣ ਇਸ ਪੁਲਿਸ ਕਰਮੀ ਕੋਲੋਂ ਇੰਨਾ ਕੁਝ ਬਰਾਮਦ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਹੈ।
ਪਟਿਆਲਾ ਜੇਲ੍ਹ ਵਿੱਚ ਆਪਣੀ ਕੈਦ ਦਾ ਜ਼ਿਕਰ ਕਰਦੇ ਹੋਏ ਉਹਨਾਂ ਕਿਹਾ ਕਿ ਇਥੇ ਕੈਦ 2000 ਮਰੀਜ਼ਾਂ ਵਿੱਚੋਂ 1000 ਸਿਰਫ ਨਸ਼ਿਆਂ ਦੇ ਮਾਮਲੇ ਵਿੱਚ ਅੰਦਰ ਕੀਤੇ ਗਏ ਸੀ। ਭਾਵ ਪੁਲਿਸ ਸਿਰਫ਼ ਨਸ਼ਾ ਕਰਨ ਵਾਲਿਆਂ ‘ਤੇ ਹੀ ਕਾਰਵਾਈ ਕਰਦੀ ਹੈ,ਸਪਲਾਈ ਕਰਨ ਵਾਲਿਆਂ ‘ਤੇ ਨਹੀਂ । ਪੁਲਿਸ ਨੂੰ ਸਾਰਾ ਕੁੱਝ ਪਤਾ ਹੋਣ ਦੇ ਬਾਵਜੂਦ ਕਾਰਵਾਈ ਨਹੀਂ ਹੋਈ ਹੈ।
ਖਹਿਰਾ ਨੇ ਮਾਨ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਜਲਦੀ ਤੋਂ ਜਲਦੀ ਇਸ ਸਖ਼ਤ ਐਕਸ਼ਨ ਲਿਆ ਜਾਵੇ। ਇਹ ਹੁਣ ਦੇਖਣ ਵਾਲੀ ਗੱਲ ਹੈ ਕਿ ਸਰਕਾਰ ਇਸ ‘ਤੇ ਕੀ ਕਾਰਵਾਈ ਕਰਦੀ ਹੈ ? ਨਸ਼ਿਆਂ ਨੇ ਪੂਰੀ ਇੱਕ ਪੀੜੀ ਨੂੰ ਬਰਬਾਦ ਕੀਤਾ ਹੈ। ਕਲੀਨਿਕ ਵਗੈਰਾ ਬਾਅਦ ਵਿੱਚ ਬਣ ਸਕਦੇ ਹਨ ਪਰ ਮਾਮਲਾ ਹੁਣ ਪੰਜਾਬ ਦੀ ਜਵਾਨੀ ਨੂੰ ਬਚਾਉਣ ਦੀ ਹੈ।
ਆਪ ਸਰਕਾਰ ਵੱਲੋਂ ਸੁਸ਼ੀਲ ਰਿੰਕੂ ਨੂੰ ਜਲੰਧਰ ਤੋਂ ਉਮੀਦਵਾਰ ਬਣਾਏ ਜਾਣ ਦੀ ਗੱਲ ਕਰਦਿਆਂ ਖਹਿਰਾ ਨੇ ਕਿਹਾ ਹੈ ਕਿ ਇਹਨਾਂ ਨੂੰ ਆਪਣਾ ਕੋਈ ਵਲੰਟੀਅਰ ਨਹੀਂ ਮਿਲਿਆ,ਇਸ ਲਈ ਇੱਕ ਦਾਗੀ ਕਾਂਗਰਸੀ ਨੂੰ ਉਹਨਾਂ ਆਪਣਾ ਉਮੀਦਵਾਰ ਬਣਾਇਆ ਹੈ।