India International Punjab Sports

ਅਰਸ਼ਦੀਪ ਸਿੰਘ ਨਾਲ ਹੁਣ ਦੁਬਈ ਚ ‘ਭੱਦਾ ਵਿਹਾਰ’, ਵੀਡੀਓ ਵਾਇਰਲ

‘ਦ ਖ਼ਾਲਸ ਬਿਊਰੋ : ਦੁਬਈ ਵਿਚ ਖੇਡੇ ਜਾ ਰਹੇ ਏਸ਼ੀਆ ਕੱਪ ਵਿਚ ਭਾਰਤ ਪਾਕਿਸਤਾਨ ਮੈਚ ਵਿੱਚ ਭਾਰਤ ਦੀ ਹਾਰ ਤੋਂ ਬਾਅਦ ਭਾਰਤੀ ਗੇਦਬਾਜ਼ ਅਰਸ਼ਦੀਪ ਸਿੰਘ ਨੂੰ ਵੱਡੇ ਪੱਧਰ ਉੱਤੇ ਟਰੋਲ ਕੀਤਾ ਗਿਆ ਤੇ ਹੁਣ ਤਾਂ ਹੱਦ ਹੀ ਹੋ ਗਈ ਜਦੋਂ ਅਰਸ਼ਦੀਪ ਨੂੰ ਆਹਮੋ ਸਾਹਮਣੇ ਨਫਰਤ ਦਾ ਸਾਹਮਣਾ ਕਰਨਾ ਪਿਆ। ਹੁਣ ਅਰਸ਼ਦੀਪ ਨਾਲ ਦੁਰਵਿਵਹਾਰ ਹੋਣ ਦਾ ਇੱਕ ਵੀਡੀਓ ਵੀ ਸਾਹਮਣੇ ਆਇਆ ਹੈ। ਹਾਲਾਂਕਿ, ਮੈਚ ਹਾਰਨ ਤੋਂ ਬਾਅਦ ਘਟੀਆ ਟਿੱਪਣੀਆਂ ਦਾ ਸਾਹਮਣੇ ਕਰਦੇ ਅਰਸ਼ਦੀਪ ਨੂੰ ਪੰਜਾਬ ਸਮੇਤ ਦੇਸ਼ਵਾਸੀਆਂ ਦਾ ਵੱਡਾ ਸਮਰਥਨ ਵੀ ਮਿਲਿਆ। ਜਿਵੇਂ ਕਹਿੰਦੇ ਹਨ ਵਿਰੋਧ ਵਿੱਚੋਂ ਹੀ ਵਿਕਾਸ ਉਪਜਦਾ ਹੈ। ਅਰਸ਼ਦੀਪ ਦੀ ਮਕਬੂਲੀਅਤ ਉਸ ਨਾਲ ਹਮਦਰਦੀ ਵੀ ਵੱਡੇ ਪੱਧਰ ਉੱਤੇ ਜੁੜੀ ਹੈ, ਜਦੋਂ ਮੁਲਕ ਪਰਤੇਗਾ ਆਸ ਹੈ ਆਪਣੇ ਲੋਕ ਉਸਨੂੰ ਪਲਕਾਂ ਉੱਤੇ ਬਿਠਾ ਲੈਣਗੇ। ਸੀਨੀਅਰ ਖਿਡਾਰੀ ਵੀ ਹਿੱਕ ਤਾਣ ਕੇ ਨਾਲ ਖੜ ਗਏ ਹਨ।

ਹੁਣ ਜੋ ਵੀਡੀਓ ਸਾਹਮਣੇ ਆਇਆ ਹੈ, ਉਸ ਵਿੱਚ ਸ਼ਰ੍ਹੇਆਮ ਇੱਕ ਕਥਿਤ ਭਾਰਤੀ ਫੈਨ , ਕਹਿ ਸਕਦੇ ਹਾਂ ਆਪੂੰ ਬਣਿਆ ਫੈਨ ਉਸ ਉੱਤੇ ਘਟੀਆ ਟਿੱਪਣੀਆਂ ਕਸਦਾ ਦੇਖਿਆ ਗਿਆ। ‘ਆਪੂੰ ਬਣੇ’ ਇੱਕ ਕ੍ਰਿਕਟ ਫੈਨ ਵੱਲੋਂ ਦੁਰਵਿਵਹਾਰ ਕਰਨ ਦੀ ਇਹ ਵੀਡੀਓ ਵੀ ਹੁਣ ਸੋਸ਼ਲ ਮੀਡੀਆ ਉਪਰ ਵਾਇਰਲ ਹੋ ਰਹੀ ਹੈ। ਵੀਡੀਓ ਦੁਬਈ ਦੀ ਦੱਸੀ ਜਾ ਰਹੀ ਹੈ। ਘਟਨਾ ਉਸ ਵਕਤ ਦੀ ਹੈ ਜਦੋਂ ਅਰਸ਼ਦੀਪ ਸਿੰਘ ਹੋਰਨਾਂ ਖਿਡਾਰੀਆਂ ਸਮੇਤ ਬੱਸ ਵਿੱਚ ਬੈਠ ਰਿਹਾ ਸੀ। ਜਿਵੇਂ ਹੀ ਅਰਸ਼ਦੀਪ ਬੱਸ ਵੱਲ ਨੂੰ ਜਾਂਦਾ ਹੈ ਤਾਂ ਇੱਕ ਨੌਜਵਾਨ ਉਸ ਬਾਰੇ ਗਲਤ ਸ਼ਬਦਾਵਲੀ ਵਰਤਦਾ ਹੈ। ਕਰੀਬ ਇੱਕ ਮਿੰਟ ਦੀ ਇਸ ਵੀਡੀਓ ਵਿੱਚ ਅਰਸ਼ਦੀਪ ਕੁਝ ਪਲਾਂ ਲਈ ਰੁਕ ਕੇ ਦੇਖਦਾ ਹੈ ਅਤੇ ਫਿਰ ਅਣਦੇਖਿਆ ਕਰਕੇ ਬੱਸ ਵਿੱਚ ਬੈਠ ਜਾਂਦਾ ਹੈ।

ਹਾਲਾਂਕਿ, ਇਸ ਦੌਰਾਨ ਇੱਕ ਪੱਤਰਕਾਰ ਦੁਰਵਿਵਹਾਰ ਕਰਨ ਵਾਲੇ ਨੌਜਵਾਨ ਨੂੰ ਰੋਕਦਾ ਹੈ ਅਤੇ ਉਸ ਨੂੰ ਕਹਿੰਦਾ ਹੈ ਕਿ ਤੁਸੀਂ ਅਰਸ਼ਦੀਪ ਲਈ ਭੱਦੀ ਸ਼ਬਦਾਵਲੀ ਕਿਉਂ ਵਰਤ ਰਹੇ ਹੋਂ। ਉਹ ਭਾਰਤੀ ਖਿਡਾਰੀ ਹੈ। ਪੱਤਰਕਾਰ ਗੁੱਸੇ ਵਿੱਚ ਵੀ ਕਹਿੰਦਾ ਹੈ, “ਖਿਡਾਰੀ ਨਾਲ ਇਸ ਤਰ੍ਹਾਂ ਗੱਲ ਕਰਦੇ ਨੇ? ਇਸ ਤੋਂ ਬਾਅਦ ਗਲਤ ਸ਼ਬਦਾਵਲੀ ਵਰਤਣ ਵਾਲਾ ਨੌਜਵਾਨ ਪਿੱਛੇ ਵੱਲ ਨੂੰ ਮੁੜ ਜਾਂਦਾ ਹੈ। ਤੇ ਅਜਿਹੀ ਨਫਰਤ ਦਾ ਅਸਰ ਵੀ ਹੁੰਦਾ ਹੈ। ਮਨੋਬਲ ਡਿੱਗਣ ਕਰਕੇ ਕਿਤੇ ਨਾ ਕਿਤੇ ਪਰਫਾਰਮੈਂਸ ਉੱਤੇ ਵੀ ਅਸਰ ਪੈਂਦਾ ਹੈ। ਉਤੋਂ ਭਾਰਤੀ ਕ੍ਰਿਕਟ ਟੀਮ ਇੱਕ ਹੋਰ ਮੈਚ ਵੀ ਹਾਰ ਗਈ। ਭਾਰਤ ਸੁਪਰ 4 ਵਿੱਚ ਦੂਜਾ ਮੈਚ ਵੀ ਸ੍ਰੀਲੰਕਾ ਦੀ ਟੀਮ ਤੋਂ 6 ਵਿਕਟਾਂ ਨਾਲ ਹਾਰ ਗਈ।

ਪਰ ਇੱਥੇ ਵਾਰ ਵਾਰ ਇਸ ਗੱਲ ਦੀ ਚਰਚਾ ਕਰਨੀ ਪੈ ਰਹੀ ਹੈ ਕਿ ਖੇਡ ਨੂੰ ਖੇਡ ਕਿਉਂ ਨਹੀਂ ਸਮਝਿਆ ਜਾ ਰਿਹਾ। ਆਖਰਕਾਰ ਵੱਡੇ ਤੋਂ ਵੱਡੇ ਖਿਡਾਰੀ ਅਕਸਰ ਸਿੰਪਲ ਤੋਂ ਸਿੰਪਲ ਕੈਚ ਛੱਡ ਦਿੰਦੇ ਹਨ ਤੇ ਇਹ ਕੋਈ ਪਹਿਲੀ ਘਟਨਾ ਨਹੀਂ ਹੈ। ਵਿਰਾਟ ਕੋਹਲੀ ਤੋਂ ਵੀ ਕੈਚ ਛੁੱਟੇ ਹਨ, ਰੋਹਿਤ ਸ਼ਰਮਾ ਤੋਂ ਵੀ ਛੁੱਟੇ ਹੋਣਗੇ। ਆਖਰੀ ਘੜੀ ਦੀ ਪ੍ਰੀਖਿਆ ਤਾਂ ਖੇਡ ਨੂੰ ਰੌਚਕ ਬਣਾਉਂਦੀ ਹੈ।”

ਖੇਡ ਪੱਤਰਕਾਰ ਨਵਦੀਪ ਗਿੱਲ ਕਹਿੰਦੇ ਹਨ, “ਯੁਵਰਾਜ ਸਿੰਘ ਤੋਂ ਵੀ ਕਈ ਵਾਰ ਕੈਚ ਛੁੱਟੇ ਹਨ। ਸਪੋਰਟਸ ਵਿੱਚ ਨਾ ਤਾਂ ਕੋਈ ਗੇਂਦ ਸਿੰਪਲ ਹੁੰਦੀ ਹੈ, ਨਾ ਸਿੰਪਲ ਸ਼ਾਟ ਅਤੇ ਨਾ ਹੀ ਸਿੰਪਲ ਕੈਚ, “ਅਰਸ਼ਦੀਪ ਸਿੰਘ ਨੇ ਸਭ ਤੋਂ ਬੈਸਟ ਬਾਲਿੰਗ ਕੀਤੀ ਹੈ। ਜੇਕਰ ਉਸ ਦੀ ਭਾਵਨਾ ਗਲਤ ਸੀ ਤਾਂ ਉਹ ਅਜਿਹਾ ਕਦੇ ਨਾ ਕਰਦੇ। ਮੈਚ ਦਾ ਆਖਰੀ ਓਵਰ ਵੀ ਉਨ੍ਹਾਂ ਤੋਂ ਹੀ ਕਰਵਾਇਆ ਗਿਆ ਸੀ।” ਨਾਲੇ ਖੇਡ ਚ ਕਿਸੇ ਨੂੰ ਪਤਾ ਥੋੜੀ ਹੁੰਦਾ ਕਈ ਵਾਰ ਤਾਂ ਕਾਮਲ ਹੋ ਜਾਂਦੀ ਹੈ, ਕਦੋਂ ਪਾਸਾ ਪਲਟ ਜਾਵੇ ਕੁਝ ਪਤਾ ਨੀਂ ਲੱਗਦਾ, ਕ੍ਰਿਕਟ ਵਿੱਚ ਵੀ ਚੰਗਾ ਖਿਡਾਰੀ ਕਦੋਂ ਗਲਤ ਸ਼ਾਟ ਖੇਡੇ ਜਾਂ ਮਾੜਾ ਬੈਟਸਮੈਨ ਵੀ ਮੈਚ ਜਿਤਾ ਦੇਵੇ, ਹੁੰਦਾ ਰਹਿੰਦਾ ਹੈ, ਇਹੀ ਤਾਂ ਖੇਡ ਦੀ ਖੂਬਸਰਤੀ ਹੈ।”