ਹਰਿਆਣਾ :  ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜ਼ਰੀਵਾਲ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨਾਲ ਇੱਕ ਸਾਂਝੀ ਪ੍ਰੈਸ ਕਾਨਫਰੰਸ ਦੇ ਦੌਰਾਨ ਚਰਚਾ ਵਿੱਚ ਚੱਲ ਰਹੇ SYL  ਮੁੱਦੇ ਨੂੰ ਲੈ ਕੇ ਇੱਕ ਵੱਡਾ ਬਿਆਨ ਦਿੱਤਾ ਹੈ।ਉਹਨਾਂ ਕਾਂਗਰਸ ਤੇ ਭਾਜਪਾ ‘ਤੇ ਵਰਦਿਆਂ ਉਹਨਾਂ  ਨੂੰ ਇਸ ਮਾਮਲੇ ਨੂੰ ਇੰਨੇ ਸਾਲਾਂ ਤੱਕ ਲਮਕਾਉਣ ਲਈ ਜਿੰਮੇਵਾਰ ਦੱਸਿਆ ਹੈ।ਉਹਨਾਂ ਕਾਂਗਰਸ ਤੇ ਭਾਜਪਾ ‘ਤੇ ਐਸਵਾਈਐਲ ਨੂੰ ਲੈ ਕੇ ਦੋਗਲਾ ਰੁੱਖ ਅਪਨਾਏ ਜਾਣ ਦਾ ਇਲਜ਼ਾਮ ਵੀ ਲਗਾਇਆ ਹੈ ਤੇ ਕਿਹਾ ਹੈ ਕਿ ਇਸ ਮੁੱਦੇ ਨੂੰ ਲੈ ਕੇ ਇਹਨਾਂ ਦਾ ਰੁੱਖ ਪੰਜਾਬ ਵਿੱਚ ਹੋਰ ਤੇ ਹਰਿਆਣੇ ਵਿੱਚ ਹੋਰ ਹੁੰਦਾ ਹੈ।

ਉਹਨਾਂ ਇਹ ਵੀ ਕਿਹਾ ਹੈ ਕਿ ਇਹ ਗੱਲ ਸਭ ਨੂੰ ਮੰਨਣੀ ਪਏਗੀ ਕਿ ਪੰਜਾਬ ਤੇ ਹਰਿਆਣਾ ਦੋਹਾਂ ਸੂਬਿਆਂ ਵਿੱਚ ਪਾਣੀ ਦਾ ਗੰਭੀਰ ਸੰਕਟ ਹੈ ਤੇ ਪਾਣੀ ਦਾ ਪੱਧਰ ਥੱਲੇ ਜਾਣ ਦੀ ਮੁਸ਼ਕਿਲ ਇਹਨਾਂ ਦੋਹਾਂ ਰਾਜਾਂ ਵਿੱਚ ਹੀ ਹੈ,ਦੋਨਾਂ ਪਾਸੇ ਲੋਕਾਂ ਨੂੰ ਪਾਣੀ ਮੁਹੱਇਆ ਕਰਵਾਉਣਾ ਕੇਂਦਰ ਸਰਕਾਰ ਦੀ ਜਿੰਮੇਵਾਰੀ ਹੈ ਪਰ ਸਰਕਾਰ ਆਪਣਾ ਫਰਜ਼ ਨਿਭਾਉਣ ਦੇ ਉਲਟ ਦੋਹਾਂ ਰਾਜਾਂ ਨੂੰ ਆਪਸ ਵਿੱਚ ਲੜਵਾ ਰਹੀ ਹੈ। ਜੇਕਰ ਅਸੀਂ ਆਪਸ ਵਿੱਚ ਲੜਦੇ ਰਹਿ ਗਏ ਤਾਂ ਦੇਸ਼ ਅੱਗੇ ਕਿਦਾਂ ਵਧੇਗਾ। ਅਸੀਂ 130 ਕਰੋੜ ਲੋਕਾਂ ਨੂੰ ਆਪਸ ਵਿੱਚ ਜੋੜਨ ਦੇ ਮਿਸ਼ਨ ‘ਤੇ ਹਾਂ।ਇਹ ਸੰਭਵ ਹੈ ਕਿ ਪੰਜਾਬ ਤੇ ਹਰਿਆਣਾ ਦੋਵਾਂ ਸੂਬਿਆਂ ਨੂੰ ਪਾਣੀ ਮਿਲੇ,ਜੇਕਰ ਕੇਂਦਰ ਸਰਕਾਰ ਆਪਣੀ ਜਿੰਮੇਵਾਰੀ ਨੂੰ ਸਹੀ ਤਰੀਕੇ ਨਾਲ ਨਿਭਾਵੇ।

ਕੇਜਰੀਵਾਲ ਨੇ ਪ੍ਰਧਾਨ ਮੰਤਰੀ ਮੋਦੀ ਨੂੰ ਇਸ ਸਮੱਸਿਆ ਦਾ ਹੱਲ ਕੱਢਣ ਦੀ ਅਪੀਲ ਕੀਤੀ ਤੇ ਕਿਹਾ ਕਿ ਜੇਕਰ ਹੱਲ ਨਹੀਂ ਨਿਕਲ ਰਿਹਾ ਤਾਂ ਉਹ ਖੁੱਦ ਹੱਲ ਕੱਢਣ ਲਈ ਤਿਆਰ ਹਨ।ਬੈਠ ਕੇ ਇਸ ਸਮੱਸਿਆ ਦਾ ਹੱਲ ਹੋਣਾ ਹੈ ਨਾ ਕਿ ਦੋਵਾਂ ਸੂਬਿਆਂ ਵਿੱਚ ਜਾ ਕੇ , ਅਲੱਗ ਅਲੱਗ ਗੱਲਾਂ ਕਰ ਕੇ।

ਅਰਵਿੰਦ ਕੇਜਰੀਵਾਲ,ਮੁੱਖ ਮੰਤਰੀ ਦਿੱਲੀ

ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਇਸ ਮਸਲੇ ‘ਤੇ ਬੋਲਦਿਆਂ ਕਿਹਾ ਹੈ ਕਿ ਉਹ ਹਰਿਆਣੇ ਨਾਲ ਇਸ ਮਾਮਲੇ ਤੇ ਗੱਲ ਕਰਨ ਲਈ ਤਿਆਰ ਹਨ,ਜਿਵੇਂ ਕਿ ਕੇਂਦਰ ਸਰਕਾਰ ਕਹਿੰਦੀ ਹੈ ਪਰ ਉਹ ਇਹਨਾਂ ਦੋਵਾਂ ਸੂਬਿਆਂ ਨੂੰ ਆਪਸ ਵਿੱਚ ਲੜਵਾਉਣ ਦੀ ਬਜਾਇ ਦੋਵਾਂ ਸੂਬਿਆਂ ਵਿੱਚ ਪਾਣੀ ਨੂੰ ਪੂਰਾ ਕਰੇ।
ਉਹਨਾਂ ਕੇਂਦਰ ਸਰਕਾਰ ਤੇ ਨਿਸ਼ਾਨਾ ਲਾਉਂਦਿਆਂ ਇਹ ਵੀ ਕਿਹਾ ਕਿ ਸਰਕਾਰ ਬਾਕੀ ਮੁੱਦਿਆਂ ‘ਤੇ ਤਾਂ ਸੂਬਿਆਂ ਤੇ ਆਪਣੀ ਮਰਜ਼ੀ ਥੋਪ ਦਿੰਦੀ ਹੈ ਪਰ ਹੁਣ ਦੋਵਾਂ ਸੂਬਿਆਂ ਵਿੱਚ ਪਾਣੀ ਦਾ ਲੋੜ ਨੂੰ ਪੂਰਾ ਕਰੇ ਤੇ ਇਸ ਸਮੱਸਿਆ ਦਾ ਵੀ ਹੱਲ ਕਰੇ।ਹਰਿਆਣਾ ਤੇ ਪੰਜਾਬ ਛੋਟੇ ਵੱਡੇ ਭਾਈ ਹਨ।ਇਸ ਮੱਸਲੇ ‘ਤੇ ਬੈਠ ਕੇ ਗੱਲ ਹੋ ਸਕਦੀ ਹੈ ਤੇ ਪੰਜਾਬ ਗੱਲਬਾਤ ਲਈ ਤਿਆਰ ਹੈ।

ਭਗਵੰਤ ਮਾਨ,ਮੁੱਖ ਮੰਤਰੀ ਪੰਜਾਬ

ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਉਪਰੋਕਤ ਬਿਆਨ ‘ਤੇ ਕਾਂਗਰਸੀ ਵਿਧਾਇਕ ਸੁਖਪਾਲ ਸਿੰਘ ਖਹਿਰਾ ਨੇ ਸਖ਼ਤ ਇਤਰਾਜ਼ ਜਤਾਇਆ ਹੈ। ਇੱਕ ਟਵੀਟ ਕਰਦੇ ਹੋਏ ਉਹਨਾਂ ਅਰਵਿੰਦ ਕੇਜ਼ਰੀਵਾਲ ਦੇ ਪੰਜਾਬ ਅਤੇ ਹਰਿਆਣਾ ਵਿਚਕਾਰ ਐਸਵਾਈਐਲ ਨਹਿਰ ਦੇ ਪਾਣੀ ਦੀ ਵੰਡ ਦੇ ਪ੍ਰਸਤਾਵ ਨੂੰ ਜ਼ੋਰਦਾਰ ਢੰਗ ਨਾਲ ਰੱਦ ਕੀਤਾ ਹੈ ਤੇ ਕਿਹਾ ਹੈ ਕਿ ਅੰਤਰਰਾਸ਼ਟਰੀ ਰਿਪੇਰੀਅਨ ਕਾਨੂੰਨਾਂ ਅਨੁਸਾਰ ਪੰਜਾਬ ਦੀਆਂ ਨਦੀਆਂ ਇੱਕ ਰਾਜ ਵਿੱਚ ਹੀ ਹਨ ਅਤੇ ਕਿਸੇ ਹੋਰ ਰਾਜ ਨੂੰ ਬਿਲਕੁਲ ਨਹੀਂ ਛੂਹਦੀਆਂ ਹਨ। ਕੇਜਰੀਵਾਲ ਦਾ ਇਹ ਪ੍ਰਸਤਾਵ ਨਾ ਬਰਦਾਸ਼ਤ ਕਰਨਯੋਗ ਹੈ ਕਿਉਂਕਿ ਉਸਦਾ ਉਦੇਸ਼ ਹਰਿਆਣਾ ਚੋਣਾਂ ਜਿੱਤਣਾ ਹੈ।