Punjab

ਗੱਦੇ ਬੋਲ ਰਹੇ ਨੇ ! ਕਿਸ ਦੀ ਪੋਲ ਖੋਲ੍ਹ ਰਹੇ ਨੇ ?

ਹਸਪਤਾਲ ਦੇ ਗੱਦਿਆਂ ਵਿੱਚ ਫਸੀ ਪੰਜਾਬ ਦੀ ਸਿਆਸਤ ਵਿੱਚ ਕੌਣ ਸੱਚਾ ?

‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਮੈਡੀਕਲ ਹਸਪਤਾਲ ਵਿੱਚ ਗੱਦਿਆਂ ਨੂੰ ਲੈ ਕੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾਕਟਰ ਰਾਜ ਬਹਾਦਰ ਅਤੇ ਸਿਹਤ ਮੰਤਰੀ ਚੇਤਨ ਸਿੰਘ ਜੋੜਾਮਾਜਰਾ ਦਾ ਵੀਡੀਓ ਕਾਫੀ ਵਾਇਰਲ ਹੋਇਆ ਸੀ। ਸੂਬੇ ਦੀਆਂ ਸਿਆਸੀ ਪਾਰਟੀਆਂ ਨੇ ਸਿਹਤ ਮੰਤਰੀ ਦੇ ਵਤੀਰੇ ਨੂੰ ਲੈਕੇ ਸਵਾਲ ਚੁੱਕੇ ਤਾਂ ਡਾਕਟਰ ਰਾਜ ਬਹਾਦਰ ਨੇ ਵੀ ਅਗਲੇ ਦਿਨ ਅਸਤੀਫ਼ਾ ਦੇ ਦਿੱਤਾ, ਜਿਸ ਨੂੰ 2 ਹਫਤਿਆਂ ਬਾਅਦ ਸੀਐੱਮ ਮਾਨ ਨੇ ਹੁਣ ਮਨਜ਼ੂਰ ਕਰ ਲਿਆ ਹੈ ਪਰ ਡਾਕਟਰ ਬਹਾਦਰ ਦੇ ਹੱਕ ਵਿੱਚ ਜਿਨ੍ਹਾਂ ਡਾਕਟਰਾਂ ਨੇ ਅਸਤੀਫਾ ਦਿੱਤਾ ਸੀ, ਉਨ੍ਹਾਂ ਦੇ ਬਾਰੇ ਸਰਕਾਰ ਨੇ ਹੁਣ ਤੱਕ ਕੋਈ ਫੈਸਲਾ ਨਹੀਂ ਕੀਤਾ ਹੈ। ਇਸ ਘਟਨਾ ਵਿੱਚ ਕੀ ਪੂਰੀ ਤਰ੍ਹਾਂ ਨਾਲ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਜਰਾ ਦੀ ਗਲਤੀ ਸੀ ਜਾਂ ਫਿਰ ਗੱਦਿਆਂ ਦੀ ਹਾਲਤ ਵੇਖ ਕੇ ਸਿਹਤ ਮੰਤਰੀ ਆਪਣਾ ਆਪਾ ਖੋਹ ਬੈਠੇ ਅਤੇ ਸਿਆਸੀ ਪਾਰਟੀ ਦੀ ਹਿਮਾਇਤ ਤੋਂ ਬਾਅਦ ਡਾਕਟਰ ਰਾਜ ਬਹਾਦੁਰ ਨੇ ਅਸਤੀਫ਼ੇ ਦੀ ਪੇਸ਼ਕਸ਼ ਕਰਕੇ ਇਸ ਪੂਰੇ ਮਾਮਲੇ ਨੂੰ ਹੋਰ ਹੀ ਦਿਸ਼ਾ ਦੇ ਦਿੱਤੀ। ਇਹ ਸਵਾਲ ਇਸ ਲਈ ਖੜਾ ਹੋ ਰਿਹਾ ਹੈ ਕਿਉਂਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਹਸਪਤਾਲ ਤੋਂ ਪੁਰਾਣੇ ਗੱਦੇ ਕੱਢਣ ਦੀ ਤਸਵੀਰਾਂ ਸਾਹਮਣੇ ਆਈਆਂ ਹਨ, ਉਹ ਕਿਧਰੇ ਨਾ ਕਿਧਰੇ ਸਿਹਤ ਮੰਤਰੀ ਦੇ ਇਲਜ਼ਾਮਾਂ ਨੂੰ ਪੁਖਤਾ ਕਰ ਰਹੀਆਂ ਹਨ।

ਵਿਵਾਦ ਤੋਂ ਬਾਅਦ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਨੇ ਤਿੰਨ ਦਿਨ ਪਹਿਲਾਂ ਆਪਣੇ ਨਿੱਜੀ ਖਰਚੇ ਤੋਂ 200 ਬਿਸਤਰੇ ਸ੍ਰੀ ਗੁਰੂ ਗੋਬਿੰਦ ਸਿੰਘ ਹਸਪਤਾਲ ਫਰੀਦਕੋਟ ਨੂੰ ਭੇਜੇ ਹਨ, ਜਿਸ ਤੋਂ ਬਾਅਦ ਜਦੋਂ ਪੁਰਾਣੇ ਗੱਦਿਆਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਤਾਂ ਉਨ੍ਹਾਂ ਦੀ ਹਾਲਤ ਬਹੁਤ ਹੀ ਮਾੜੀ ਸੀ। ਇਨ੍ਹਾਂ ਗੱਦਿਆਂ ‘ਤੇ ਮਰੀਜ਼ ਠੀਕ ਹੋਣ ਦੀ ਥਾਂ ਹੋਰ ਬਿਮਾਰ ਹੋ ਸਕਦਾ ਸੀ। ਸਿਹਤ ਮੰਤਰੀ ਦਾ ਸਮਝਾਉਣ ਦਾ ਤਰੀਕਾ ਭਾਵੇਂ ਗਲਤ ਹੋ ਸਕਦਾ ਹੈ ਪਰ ਮੁੱਦਾ ਬਿਲਕੁਲ ਸਹੀ ਸੀ।

ਮਰੀਜ਼ਾਂ ਨੂੰ ਸਿਹਤ ਸੁਵਿਧਾਵਾਂ ਬਿਹਤਰ ਮਿਲਣ, ਇਸ ਦੀ ਜ਼ਿੰਮੇਵਾਰੀ ਹਸਪਤਾਲ ਪ੍ਰਸ਼ਾਸਨ ਅਤੇ ਸਰਕਾਰ ਦੋਵਾਂ ਦੀ ਹੈ। ਦੋਵਾਂ ਨੂੰ ਮਿਲ ਕੇ ਇਸ ‘ਤੇ ਕੰਮ ਕਰਨਾ ਚਾਹੀਦੀ ਹੈ। ਹਾਲਾਂਕਿ, ਵਿਵਾਦ ਦੌਰਾਨ ਡਾਕਟਰ ਰਾਜ ਬਹਾਦਰ ਸਾਰੀ ਗੱਲ ਸਰਕਾਰੀ ਪ੍ਰਕਿਰਿਆ ‘ਤੇ ਪਾਉਂਦੇ ਹੋਏ ਦਾਅਵਾ ਕਰ ਰਹੇ ਸਨ ਕਿ ਸਮਾਨ ਦੇ ਆਰਡਰ ਨੂੰ ਪੂਰਾ ਹੋਣ ਲਈ 9 ਮਹੀਨੇ ਦਾ ਸਮਾਂ ਲੱਗ ਜਾਂਦਾ ਹੈ ਪਰ ਇਸ ਦੇ ਖਿਲਾਫ਼ ਉਨ੍ਹਾਂ ਨੇ ਆਵਾਜ਼ ਕਿਉਂ ਨਹੀਂ ਚੁੱਕੀ ਕਿਉਂਕਿ ਵਾਇਸ ਚਾਂਸਲਰ ਦੇ ਅਹੁਦੇ ਉੱਤੇ ਬੈਠਣ ਦੀ ਵਜ੍ਹਾ ਕਰਕੇ ਉਨ੍ਹਾਂ ਦੀ ਜ਼ਿੰਮੇਵਾਰੀ ਬਣ ਦੀ ਸੀ ਕਿ ਹਸਪਤਾਲ ਵਿੱਚ ਸਿਹਤ ਸੁਵਿਧਾਵਾਂ ਬਿਲਕੁਲ ਠੀਕ ਹੋਣ ਪਰ ਇੱਥੇ ਸਿਹਤ ਮੰਤਰੀ ਚੇਤਨ ਸਿੰਘ ਜੌੜਮਾਜਰਾ ਨੂੰ ਵੀ ਸਮਝਣਾ ਹੋਵੇਗਾ ਕਿ ਸਿਹਤ ਸੁਵਿਧਾਵਾਂ ਸਿਰਫ਼ ਹਸਪਤਾਲਾਂ ਦੇ ਦੌਰੇ ਕਰਨ ਨਾਲ ਠੀਕ ਨਹੀਂ ਹੋਣਗੀਆਂ ਬਲਕਿ ਇਸ ਦੇ ਲਈ ਜ਼ਮੀਨੀ ਪੱਧਰ ‘ਤੇ ਕੰਮ ਕਰਨਾ ਹੋਵੇਗਾ ਅਤੇ ਜ਼ਿੰਮੇਵਾਰੀ ਫਿਕਸ ਕਰਨੀ ਹੋਵੇਗੀ।