Punjab

CM ਮਾਨ ਨੇ ਡਾ. ਰਾਜ ਬਹਾਦਰ ਦਾ ਅਸਤੀਫ਼ਾ ਕੀਤਾ ਮਨਜ਼ੂਰ, ਇੱਥੋਂ ਲੱਗੇਗੀ ਅਖੀਰਲੀ ਮੋਹਰ

ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾਕਟਰ ਰਾਜ ਬਹਾਦਰ ਨੇ ਸਿਹਤ ਮੰਤਰੀ ਦੇ ਵਤੀਰੇ ਦੇ ਖਿਲਾਫ ਅਸਤੀਫਾ ਦਿੱਤਾ ਸੀ

‘ਦ ਖ਼ਾਲਸ ਬਿਊਰੋ (ਖੁਸ਼ਵੰਤ ਸਿੰਘ) :- 2 ਹਫ਼ਤੇ ਤੋਂ ਵੱਧ ਸਮੇਂ ਬਾਅਦ ਮੁੱਖ ਮੰਤਰੀ ਭਗਵੰਤ ਮਾਨ ਨੇ ਆਖਿਰਕਾਰ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾਕਟਰ ਰਾਜ ਬਹਾਦੁਰ ਦਾ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ। ਮਾਨ ਵੱਲੋਂ ਅਸਤੀਫ਼ਾ ਪੰਜਾਬ ਦੇ ਗਵਰਨਰ ਬਨਵਾਰੀ ਲਾਲ ਪੁਰੋਹਿਤ ਨੂੰ ਭੇਜ ਦਿੱਤਾ ਗਿਆ ਹੈ, ਜੋ ਕਿ ਯੂਨੀਵਰਸਿਟੀ ਦੇ ਚਾਂਸਲਰ ਹਨ। ਹੁਣ ਵੇਖਣਾ ਹੋਵੇਗਾ ਕਿ ਰਾਜਪਾਲ ਡਾਕਟਰ ਬਹਾਦੁਰ ਦਾ ਅਸਤੀਫਾ ਮਨਜ਼ੂਰ ਕਰਦੇ ਹਨ ਜਾਂ ਨਹੀਂ। ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ‘ਤੇ ਬਦਸਲੂਕੀ ਦਾ ਇਲਜ਼ਾਮ ਲਗਾਉਣ ਤੋਂ ਬਾਅਦ ਡਾਕਟਰ ਰਾਜ ਬਹਾਦੁਰ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤਾ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਆਪ ਉਨ੍ਹਾਂ ਨੂੰ ਮਨਾਉਣ ਦੀ ਕਾਫ਼ੀ ਕੋਸ਼ਿਸ਼ ਕੀਤੀ ਪਰ ਜਦੋਂ ਉਹ ਸਫਲ ਨਹੀਂ ਹੋਏ ਤਾਂ ਡਾਕਟਰ ਰਾਜ ਬਹਾਦੁਰ ਦਾ ਸਰਕਾਰ ਨੇ ਅਸਤੀਫ਼ਾ ਮਨਜ਼ੂਰ ਕਰ ਲਿਆ ਹੈ।

ਵੀਡੀਓ ਵਾਇਰਲ ਹੋਣ ‘ਤੇ ਵਿ ਵਾਦ ਭਖਿਆ

ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਜਦੋਂ ਫਰੀਦਕੋਟ ਦੇ ਸ੍ਰੀ ਗੁਰੂ ਗੋਬਿੰਦ ਸਿੰਘ ਹਸਪਤਾਲ ਗਏ ਸਨ ਤਾਂ ਗੱਦਿਆਂ ਦੀ ਮਾੜੀ ਹਾਲਤ ਵੇਖ ਕੇ ਉਨ੍ਹਾਂ ਨੇ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਡਾਕਟਰ ਰਾਜ ਬਹਾਦੁਰ ਨੂੰ ਕਾਫ਼ੀ ਡਾਂਟ ਲਗਾਈ ਅਤੇ ਉਨ੍ਹਾਂ ਨੂੰ ਜ਼ਬਰਦਸਤੀ ਗੱਦੇ ‘ਤੇ ਲਿਟਾ ਦਿੱਤਾ। ਇਹ ਵੀਡੀਓ ਕਾਫੀ ਵਾਇਰਲ ਹੋਈ ਸੀ, ਜਿਸ ਤੋਂ ਬਾਅਦ ਸਿਆਸਦਾਨਾਂ ਤੋਂ ਲੈ ਕੇ ਸਰਕਾਰ ਦੇ ਆਪਣੇ ਮੰਤਰੀਆਂ ਨੇ ਸਿਹਤ ਮੰਤਰੀ ਦੇ ਇਸ ਵਤੀਰੇ ਦੀ ਨਿੰਦਾ ਕੀਤੀ ਸੀ।

ਡਾਕਟਰ ਰਾਜ ਬਹਾਦੁਰ ਨੇ ਸਿਹਤ ਮੰਤਰੀ ਦੇ ਇਸ ਵਤੀਰੇ ਤੋਂ ਬਾਅਦ ਅਸਤੀਫਾ ਦਿੱਤਾ ਅਤੇ ਉਨ੍ਹਾਂ ਦੇ ਨਾਲ ਸੂਬੇ ਦੇ ਕਈ ਹੋਰ ਮੈਡੀਕਲ ਅਫਸਰਾਂ ਨੇ ਵੀ ਅਸਤੀਫ਼ਾ ਦੇ ਦਿੱਤਾ ਸੀ। ਵਿਰੋਧੀ ਧਿਰ ਨੇ ਆਪ ਡਾਕਟਰ ਰਾਜ ਬਹਾਦੁਰ ਨਾਲ ਮਿਲ ਕੇ ਉਨ੍ਹਾਂ ਨਾਲ ਹੋਏ ਵਤੀਰੇ ‘ਤੇ ਦੁੱਖ ਜਤਾਇਆ ਸੀ ਅਤੇ ਨਾਲ ਖੜੇ ਹੋਣ ਦਾ ਭਰੋਸਾ ਦਿੱਤਾ। ਇਸ ਦੌਰਾਨ ਡਾਕਟਰ ਰਾਜ ਬਹਾਦੁਰ ਵੀ ਕਾਫੀ ਭਾਵੁਕ ਹੋ ਗਏ ਅਤੇ ਉਨ੍ਹਾਂ ਨੇ ਕਿਹਾ ਸਮਾਨ ਮੰਗਵਾਉਣ ਦੇ ਲਈ 9 ਮਹੀਨੇ ਦਾ ਸਮਾਂ ਲੱਗਦਾ ਹੈ। ਮੰਤਰੀ ਸਾਬ੍ਹ ਸ਼ਾਇਦ ਇਸ ਗੱਲ ਤੋਂ ਜਾਣੂ ਨਹੀਂ ਹਨ।

ਇਸ ਘਟਨਾ ਤੋਂ ਬਾਅਦ ਸਿਹਤ ਮੰਤਰੀ ਜੌੜਾਮਾਜਰਾ ਦਾ ਵਿਭਾਗ ਬਦਲਣ ਦੀਆਂ ਵੀ ਕਈ ਖ਼ਬਰਾ ਆਇਆ ਸਨ। ਮੁੱਖ ਮੰਤਰੀ ਭਗਵੰਤ ਮਾਨ ਨੇ ਵਿਧਾਇਕਾਂ ਨਾਲ ਮੀਟਿੰਗ ਦੌਰਾਨ ਬਿਨਾਂ ਜੌੜਾਮਾਜਰਾ ਦਾ ਨਾਂ ਲਏ ਕਿਹਾ ਸੀ ਕਿ ਅਧਿਕਾਰੀਆਂ ਨਾਲ ਪੇਸ਼ ਆਉਂਦੇ ਸਮੇਂ ਮੰਤਰੀ ਅਤੇ ਵਿਧਾਇਕ ਨਰਮੀ ਵਿਖਾਉਣ। ਉਹ ਵੀ ਲੋਕਾਂ ਦੇ ਲਈ ਕੰਮ ਕਰ ਰਹੇ ਹਨ। ਕਾਫੀ ਦਿਨ ਸਿਹਤ ਮੰਤਰੀ ਚੇਤਨ ਸਿੰਘ ਜੌੜਾਮਾਜਰਾ ਗਾਇਬ ਰਹੇ ਅਤੇ ਹੁਣ 3 ਦਿਨ ਪਹਿਲਾਂ ਖ਼ਬਰ ਆਈ ਹੈ ਕਿ ਉਨ੍ਹਾਂ ਨੇ ਆਪਣੇ ਖਰਚੇ ਤੋਂ ਫਰੀਦਕੋਟ ਦੇ ਗੁਰੂ ਗੋਬਿੰਦ ਸਿੰਘ ਹਸਪਤਾਲ ਵਿੱਚ 200 ਗੱਦੇ ਭਿਜਵਾਏ ਹਨ।

ਡਾਕਟਰ ਰਾਜ ਬਹਾਦੁਰ ਦਾ ਕਰੀਅਰ

ਡਾਕਟਰ ਰਾਜ ਬਹਾਦੁਰ ਬਾਬਾ ਫਰੀਦ ਯੂਨੀਵਰਸਿਟੀ ਦੇ ਵਾਇਸ ਚਾਂਸਲਰ ਸਨ। ਇਸ ਦੇ ਨਾਲ ਉਹ ਮੁਹਾਲੀ ਦੇ ਰੀਜ਼ਨਲ ਸਪਾਈਨਲ ਇੰਜਰੀ ਦੇ ਪ੍ਰੋਜੈਕਟ ਡਾਇਰੈਕਟਰ ਅਤੇ ਮੈਂਬਰ ਸਕੱਤਰ ਵੀ ਹਨ। ਉਨ੍ਹਾਂ ਨੇ ਹਿਮਾਚਲ ਪ੍ਰਦੇਸ਼ ਤੋਂ MBBS ਦੀ ਡਿਗਰੀ ਹਾਸਲ ਕੀਤੀ ਸੀ। ਇਸ ਤੋਂ ਇਲਾਵਾ ਉਨ੍ਹਾਂ ਪੰਜਾਬ ਯੂਨੀਵਰਸਿਟੀ, ਬਨਾਰਸ ਹਿੰਦੂ ਯੂਨੀਵਰਸਿਟੀ,ਇੰਟਰਨੈਸ਼ਨਲ ਕਾਲਜ USA,ਨੈਸ਼ਨਲ ਅਕੈਡਮੀ ਆਫ ਮੈਡੀਕਲ ਸਾਇੰਸਿਜ਼ ਵਰਗੇ ਕਈ ਅਦਾਰਿਆਂ ਤੋਂ ਵੱਖ-ਵੱਖ ਡਿਗਰੀਆਂ ਹਾਸਲ ਕੀਤੀਆਂ ਹਨ। ਬਾਬਾ ਫਰੀਦ ਯੂਨੀਵਰਸਿਟੀ ਦਾ ਅਹੁਦਾ ਸੰਭਾਲਣ ਤੋਂ ਪਹਿਲਾਂ ਉਹ ਚੰਡੀਗੜ੍ਹ ਪੀਜੀਆਈ ਦੇ ਅਰਥੋਡਿਕਸ ਦੇ ਪ੍ਰੋਫੈਸਰ ਅਤੇ ਯੂਨਿਟ ਦੇ ਮੁਖੀ ਵਜੋਂ ਸੇਵਾਵਾਂ ਸੰਭਾਲ ਰਹੇ ਸਨ। ਉਨ੍ਹਾਂ ਦਿੱਲੀ,ਪੁੱਡੂਚੇਰੀ,ਹਰਿਆਣਾ ਅਤੇ ਹਿਮਾਚਲ ਵਿੱਚ ਵੀ ਅਹਿਮ ਅਹੁਦਿਆਂ ‘ਤੇ ਕੰਮ ਕੀਤਾ ਹੈ।