Punjab

ਮਿਲਖਾ ਸਿੰਘ ਦੀ ਪਤਨੀ ਨਹੀਂ ਰਹੇ

‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਔਰਤਾਂ ਵਾਲੀਬਾਲ ਟੀਮ ਦੀ ਸਾਬਕਾ ਕੈਪਟਨ ਅਤੇ ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਦੀ ਕੋਵਿਡ ਕਰਕੇ ਮੌਤ ਹੋ ਗਈ ਹੈ। ਉਨ੍ਹਾਂ ਦਾ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹਨਾਂ ਦੀ ਉਮਰ 85 ਸਾਲ ਸੀ। ਉਹ ਚੰਡੀਗੜ੍ਹ ਵਿੱਚ ਸਪੋਰਟਸ ਫਾਰ ਵੂਮੈਨ ਦੀ ਸਾਬਕਾ ਡਾਇਰੈਕਟਰ ਅਤੇ ਇੰਡੀਅਨ ਵੂਮੈਨਸ ਨੈਸ਼ਨਲ ਵਾਲੀਬਾਲ ਦੀ ਸਾਬਕਾ ਕਪਤਾਨ ਵੀ ਸਨ। ਮਿਲਖਾ ਸਿੰਘ ਉਹਨਾਂ ਦੇ ਸਸਕਾਰ ਵਿੱਚ ਸ਼ਾਮਲ ਨਹੀਂ ਹੋ ਸਕਦੇ ਕਿਉਂਕਿ ਉਹ ਕਰੋਨਾ ਕਰਕੇ ਹਸਪਤਾਲ ਵਿੱਚ ਭਰਤੀ ਹਨ।

ਕੈਪਟਨ ਨੇ ਕੀਤਾ ਦੁੱਖ ਦਾ ਪ੍ਰਗਟਾਵਾ

ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਮਿਲਖਾ ਸਿੰਘ ਦੀ ਪਤਨੀ ਦੇ ਦੇਹਾਂਤ ‘ਤੇ ਡੂੰਘੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਕੈਪਟਨ ਨੇ ਕਿਹਾ ਕਿ ਨਿਰਮਲ ਮਿਲਖਾ ਸਿੰਘ ਦੇ ਤੁਰ ਜਾਣ ਨਾਲ ਖੇਡ ਜਗਤ ਨੂੰ ਨਾ ਪੂਰਿਆ ਜਾਣ ਵਾਲਾ ਘਾਟਾ ਪਿਆ ਹੈ।  ਉਹ ਪੰਜਾਬ ਵਿੱਚ ਔਰਤਾਂ ਲਈ ਖੇਡ ਵਿਭਾਗ ਦੇ ਡਾਇਰੈਕਟਰ ਵੀ ਰਹੇ ਹਨ।

ਦੁਖੀ ਪਰਿਵਾਰ, ਸਾਕ-ਸਨੇਹੀਆਂ ਅਤੇ ਦੋਸਤਾਂ ਨਾਲ ਦਿਲੀ ਹਮਦਰਦੀ ਜ਼ਾਹਰ ਕਰਦਿਆਂ ਕੈਪਟਨ ਅਮਰਿੰਦਰ ਸਿੰਘ ਨੇ ਵਿਛੜੀ ਰੂਹ ਦੀ ਆਤਮਿਕ ਸ਼ਾਂਤੀ ਅਤੇ ਇਸ ਦੁੱਖ ਦੀ ਘੜੀ ਵਿੱਚ ਪਰਿਵਾਰਕ ਮੈਂਬਰਾਂ ਨੂੰ ਬਲ ਬਖ਼ਸ਼ਣ ਦੀ ਅਰਦਾਸ ਕੀਤੀ।

ਖੇਡ ਮੰਤਰੀ ਨੇ ਵੀ ਜਤਾਇਆ ਦੁੱਖ ਪੰਜਾਬ ਦੇ ਖੇਡ ਮੰਤਰੀ ਰਾਣਾ ਗੁਰਮੀਤ ਸਿੰਘ ਸੋਢੀ ਨੇ ਮਿਲਖਾ ਸਿੰਘ ਦੀ ਪਤਨੀ ਨਿਰਮਲ ਮਿਲਖਾ ਸਿੰਘ ਦੇ ਅਕਾਲ ਚਲਾਣੇ ‘ਤੇ ਦੁੱਖ ਦਾ ਪ੍ਰਗਟਾਵਾ ਕੀਤਾ ਹੈ। ਉਨ੍ਹਾਂ ਨੇ ਕਿਹਾ ਕਿ ਨਿਰਮਲ ਮਿਲਖਾ ਸਿੰਘ ਦੀ ਮੌਤ ਦੀ ਮੰਦਭਾਗੀ ਖਬਰ ਸੁਣ ਕੇ ਉਨ੍ਹਾਂ ਨੂੰ ਬਹੁਤ ਦੁੱਖ ਹੋਇਆ ਹੈ।

Comments are closed.