‘ਦ ਖ਼ਾਲਸ ਬਿਊਰੋ (ਪੁਨੀਤ ਕੌਰ) :- ਪ੍ਰਸਿੱਧ ਭਾਰਤੀ ਦੌੜਾਕ ਮਿਲਖਾ ਸਿੰਘ ਦੀ ਹਾਲਤ ਹੁਣ ਠੀਕ ਹੈ ਅਤੇ ਉਨ੍ਹਾਂ ਨੂੰ ਕੋਵਿਡ ਆਈਸੀਯੂ ਤੋਂ ਬਾਹਰ ਪੀਜੀਆਈ ਦੇ ਇੱਕ ਹੋਰ ਹਿੱਸੇ ਵਿੱਚ ਸ਼ਿਫਟ ਕੀਤਾ ਗਿਆ ਹੈ। ਮਿਲਖਾ ਸਿੰਘ ਦੀ ਕਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੋਂ ਬਾਅਦ ਉਨ੍ਹਾਂ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੂੰ ICU ਵਿੱਚ ਦਾਖਲ ਕੀਤਾ ਗਿਆ ਸੀ। ਮਿਲਖਾ ਸਿੰਘ ਦਾ ਆਕਸੀਜਨ ਪੱਧਰ ਹੇਠਾਂ ਆ ਗਿਆ ਸੀ।
ਮਿਲਖਾ ਸਿੰਘ ਨੂੰ ਇਸ ਤੋਂ ਪਹਿਲਾਂ 6 ਦਿਨਾਂ ਲਈ ਮੁਹਾਲੀ ਦੇ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਇਸ ਤੋਂ ਬਾਅਦ ਉਨ੍ਹਾਂ ਦੀ ਸਿਹਤ ਵਿੱਚ ਸੁਧਾਰ ਆਇਆ ਅਤੇ ਉਨ੍ਹਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਪਰ ਫੇਰ ਉਨ੍ਹਾਂ ਦੀ ਸਿਹਤ ਵਿਗੜ ਗਈ ਸੀ। ਸਿਹਤ ਖਰਾਬ ਹੋਣ ਮਗਰੋਂ ਉਨ੍ਹਾਂ ਨੂੰ ਪੀਜੀਆਈ ਵਿੱਚ ਦਾਖਲ ਕਰਵਾਇਆ ਗਿਆ ਸੀ।
ਪਿਛਲੇ ਦਿਨੀਂ ਮਿਲਖਾ ਸਿੰਘ ਦੀ ਪਤਨੀ ਨਿਰਮਲ ਕੌਰ ਦੀ ਕੋਵਿਡ ਕਰਕੇ ਮੌਤ ਹੋ ਗਈ ਸੀ। ਉਨ੍ਹਾਂ ਦਾ ਮੁਹਾਲੀ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਚੱਲ ਰਿਹਾ ਸੀ। ਉਹਨਾਂ ਦੀ ਉਮਰ 85 ਸਾਲ ਸੀ। ਉਹ ਚੰਡੀਗੜ੍ਹ ਵਿੱਚ ਸਪੋਰਟਸ ਫਾਰ ਵੂਮੈਨ ਦੀ ਸਾਬਕਾ ਡਾਇਰੈਕਟਰ ਅਤੇ ਇੰਡੀਅਨ ਵੂਮੈਨਸ ਨੈਸ਼ਨਲ ਵਾਲੀਬਾਲ ਦੀ ਸਾਬਕਾ ਕਪਤਾਨ ਵੀ ਸਨ। ਮਿਲਖਾ ਸਿੰਘ ਉਹਨਾਂ ਦੇ ਸਸਕਾਰ ਵਿੱਚ ਸ਼ਾਮਲ ਨਹੀਂ ਹੋ ਸਕੇ ਕਿਉਂਕਿ ਉਸ ਸਮੇਂ ਉਹ ਕਰੋਨਾ ਕਰਕੇ ਹਸਪਤਾਲ ਵਿੱਚ ਭਰਤੀ ਸਨ।