ਚੰਡੀਗੜ੍ਹ : ਪੰਜਾਬ ’ਚ ਗਰਮੀ ਦੇ ਮੌਸਮ ਦੀ ਸ਼ੁਰੂਆਤ ਆਮ ਤੌਰ ਤੇ ਮਾਰਚ ਮਹੀਨੇ ਤੋਂ ਮੰਨੀ ਜਾਂਦੀ ਹੈ ਪਰ ਇਸ ਵਾਰ ਫਰਵਰੀ ਮਹੀਨੇ ਹੀ ਲਗਾਤਾਰ ਗਰਮੀ ਪੈ ਰਹੀ ਹੈ ਤੇ ਪਾਰਾ ਲਗਾਤਾਰ ਉਪਰ ਜਾ ਰਿਹਾ ਹੈ। ਦਿਨ ਤੇ ਰਾਤ ਦੇ ਤਾਪਮਾਨ ਵਿੱਚ ਕਾਫੀ ਫ਼ਰਕ ਮਹਿਸੂਸ ਕੀਤਾ ਜਾ ਰਿਹਾ ਹੈ।ਦਿਨ ਵੇਲੇ ਤਾਪਮਾਨ 30 ਡਿਗਰੀ ਨੂੰ ਛੂਹ ਰਿਹਾ ਹੈ,ਜਿਸ ਨਾਲ ਮਾਰਚ-ਅਪ੍ਰੈਲ ਵਾਂਗ ਗਰਮੀ ਮਹਿਸੂਸ ਕੀਤੀ ਜਾ ਰਹੀ ਹੈ ਪਰ ਰਾਤ ਵੇਲੇ ਇਹੀ ਤਾਪਮਾਨ ਕਾਫੀ ਡਿੱਗ ਜਾਂਦਾ ਹੈ । ਹਾਲਾਂਕਿ ਪਿਛਲੇ ਤਿੰਨ ਦਿਨਾਂ ਤੋਂ ਕਈ ਥਾਈਂ ਸਵੇਰ ਵੇਲੇ ਹਲਕੀ ਧੁੰਦ ਵੀ ਪੈ ਰਹੀ ਹੈ।
ਮੌਸਮ ਵਿਭਾਗ ਚੰਡੀਗੜ੍ਹ ਨੇ ਆਉਣ ਵਾਲੇ ਦਿਨਾਂ ਵਿੱਚ ਮੌਸਮ ਦੇ ਸੰਬੰਧ ਵਿੱਚ ਇਹ ਸੰਭਾਵਨਾ ਪ੍ਰਗਟਾਈ ਹੈ ਕਿ 25 ਫਰਵਰੀ ਤੋਂ ਮੌਸਮ ਬਦਲ ਸਕਦਾ ਹੈ,ਜਿਸ ਦਾ ਕਾਰਨ ਪੱਛਮੀ ਗੜਬੜੀ ਹੈ। ਕਈ ਥਾਈਂ ਬੱਦਲ ਛਾਏ ਰਹਿਣ ਤੇ ਗਰਜ-ਚਮਕ ਨਾਲ ਛਿੱਟੇ ਪੈਣ ਦੀ ਸੰਭਾਵਨਾ ਹੈ। ਪੰਜਾਬ ਦੇ ਕਈ ਇਲਾਕਿਆਂ ਵਿੱਚ ਤਾਂ ਦਿਨ ਵੇਲੇ ਤਾਪਮਾਨ 31.8 ਡਿਗਰੀ ਸੈਲਸੀਅਸ ਤੱਕ ਪੁੱਜ ਗਿਆ ਜੋ ਕਿ ਆਮ ਨਾਲੋਂ ਅੱਠ ਡਿਗਰੀ ਵੱਧ ਸੀ। ਘੱਟ ਤੋਂ ਘੱਟ ਤਾਪਮਾਨ ਵੀ 16.5 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਇਹ ਵੀ ਸਾਧਾਰਨ ਤੋਂ ਛੇ ਡਿਗਰੀ ਸੈਲਸੀਅਸ ਵੱਧ ਸੀ। ਰਾਜਧਾਨੀ ਚੰਡੀਗੜ੍ਹ ’ਚ ਵੱਧ ਤੋਂ ਵੱਧ ਤਾਪਮਾਨ 30 ਡਿਗਰੀ ਤੇ ਘੱਟੋ-ਘੱਟ ਤਾਪਮਾਨ 17.2 ਡਿਗਰੀ ਦਰਜ ਕੀਤਾ ਗਿਆ ਹੈ।
ਮੌਸਮ ਵਿਭਾਗ ਦੀ ਮੰਨੀ ਜਾਵੇ ਤਾਂ 25 ਫਰਵਰੀ ਨੂੰ ਹਿਮਾਲੀਆ ਖੇਤਰ ’ਚ ਗੜਬੜ ਵਾਲੀਆਂ ਪੱਛਮੀ ਪੌਣਾਂ ਸਰਗਰਮ ਹੋਣ ਕਾਰਨ ਪੰਜਾਬ ਦੇ ਕੁਝ ਜ਼ਿਲ੍ਹਿਆਂ ’ਚ ਬੱਦਲ ਛਾਏ ਰਹਿ ਸਕਦੇ ਹਨ। ਖ਼ਾਸਕਰ ਨੀਮ ਪਹਾੜੀ ਇਲਾਕਿਆਂ ’ਚ ਇਸ ਦਾ ਪ੍ਰਭਾਵ ਦੇਖਣ ਨੂੰ ਮਿਲ ਸਕਦਾ ਹੈ। ਹਾਲਾਂਕਿ 26 ਫਰਵਰੀ ਤੋਂ ਬਾਅਦ ਮੌਸਮ ਮੁੜ ਪੂਰੀ ਤਰ੍ਹਾਂ ਸਾਫ਼ ਹੋ ਜਾਵੇਗਾ।